Punjab-Chandigarh

ਕਾਂਗਰਸ ਅਤੇ ‘ਆਪ’ ਦੇ ਲਾਲਚ ਵੋਟਰਾਂ ਨੂੰ ਭਰਮਾ ਨਹੀਂ ਸਕਣਗੇ : ਪ੍ਰੋ. ਚੰਦੂਮਾਜਰਾ

9 ਫਰਵਰੀ (ਘਨੌਰ) : ਹਲਕਾ ਘਨੌਰ ਤੋਂ ਅਕਾਲੀ-ਬਸਪਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਪਿੰਡ ਨਨਹੇੜਾ ਵਿਖੇ ਜਸਪਾਲ ਸਿੰਘ ਹਰੀਮਾਜਰਾ ਸਾਬਕਾ ਮੈਂਬਰ ਬਲਾਕ ਸੰਮਤੀ ਅਤੇ ਗੁਰਸ਼ਰਨ ਸਿੰਘ ਹੈਪੀ ਨਨਹੇੜੀ ਸਾਬਕਾ ਮੈਂਬਰ ਬਲਾਕ ਸੰਮਤੀ ਆਪਣੇ ਸੈਂਕੜੇ ਸਾਥੀਆਂ ਸਣੇ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਸਮੂਹ ਆਗੂਆਂ ਦਾ ਸਵਾਗਤ ਕਰਦਿਆਂ ਆਖਿਆ ਕਿ ਕਾਂਗਰਸ ਦਾ ਪੀਪਾ ਖੜਕ ਚੁੱਕਿਆ ਹੈ। ਕਾਂਗਰਸ ਪਾਰਟੀ ਦੀਆਂ ਵਧੀਕੀਆਂ, ਧੱਕੇਸ਼ਾਹੀਆਂ ਅਤੇ ਤਾਨਾਸ਼ਾਹੀਆਂ ਤੋਂ ਅੱਕੇ ਲੋਕ ਕਾਂਗਰਸ ਨੂੰ ਰੋਜ਼ਾਨਾ ਵੱਡੀ ਗਿਣਤੀ ਵਿਚ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ’ਚ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਲਕੇ ਦੇ ਵਿਕਾਸ ਵੱਲ ਕਦੇ ਧਿਆਨ ਨਹੀਂ ਦਿੱਤਾ। ਕਾਂਗਰਸੀਆਂ ਨੇ ਪੰਜ ਸਾਲ ਲੋਕਾਂ ’ਤੇ ਨਜਾਇਜ਼ ਪਰਚੇ, ਨਜਾਇਜ਼ ਮਾਈਨਿੰਗ ਤੇ ਨਜਾਇਜ਼ ਸ਼ਰਾਬ ਕਾਰੋਬਾਰ ਕਰਨ ਵੱਲ ਹੀ ਧਿਆਨ ਦਿੱਤਾ, ਹੁਣ ਇਨ੍ਹਾਂ ਚੋਣਾਂ ’ਚ ਨਜਾਇਜ਼ ਇਕੱਠੇ ਕੀਤੇ ਪੈਸੇ ਸਹਾਰੇ ਹਲਕੇ ਦੇ ਅਣਖੀ ਅਤੇ ਗੈਰਤਮੰਦ ਵੋਟਰਾਂ ਨੂੰ ਖਰੀਦਣ ਦੀਆਂ ਚਾਲਾਂ ਘੜ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਸੂਝਵਾਨ ਲੋਕ ਇਸ ਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਝੂਠੇ ਲਾਰਿਆਂ ਅਤੇ ਕਿਸੇ ਵੀ ਤਰ੍ਹਾਂ ਦੇ ਲਾਲਚ ਵਿਚ ਨਹੀਂ ਆਉਣਗੇ ਅਤੇ ਹਲਕੇ ਦੇ ਸੁਨਹਿਰੀ ਭਵਿੱਖ ਲਈ ਅਕਾਲੀ ਦਲ ਦੇ ਹੱਥ ਹਲਕੇ ਦੀ ਕਮਾਂਡ ਸੌਂਪਣਗੇ।
ਪ੍ਰੋ. ਚੰਦੂਮਾਜਰਾ ਨੇ ਆਖਿਆ ਆਮ ਆਦਮੀ ਪਾਰਟੀ ਜਿਨ੍ਹਾਂ ਝੂਠੀਆਂ ਗਰੰਟੀਆਂ ਦੇ ਸਹਾਰੇ ਲੋਕਾਂ ਨੂੰ ਭਰਮਾਉਣਾ ਚਾਹੁੰਦੀ ਹੈ, ਕੇਜਰੀਵਾਲ ਦੱਸਣ ਦਿੱਲੀ ਵਿਚ ਉਨ੍ਹਾਂ ਦੀ ਸਰਕਾਰ ਹੁੰਦਿਆਂ ਕਿੰਨੀਆਂ ਕੁ ਗਰੰਟੀਆਂ ਦਿੱਲੀ ਵਿਚ ਲਾਗੂ ਕੀਤੀਆਂ ਹਨ। ਦਿੱਲੀ ਦਾ ਮਾਡਲ ਪੰਜਾਬ ਲਾਗੂ ਕਰਨ ਵਾਲੇ ਲੋਕ ਇਹ ਯਾਦ ਰੱਖਣ ਕਿ ਪੰਜਾਬ ਖੁਦ ਇਕ ਮਾਡਲ ਹੈ, ਜਿਸਨੂੰ ਕਿਸੇ ਦੇ ਮਾਡਲ ਦੀ ਕੋਈ ਲੋੜ ਨਹੀਂ। ਪੰਜਾਬੀ ਬੈਗਾਨਿਆਂ ’ਤੇ ਕਦੇ ਭਰੋਸਾ ਨਹੀਂ ਕਰਦੇ ਅਤੇ ਕੇਜਰੀਵਾਲ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ’ਚ ਰੁਕਾਵਟ ਖੜ੍ਹੀ ਕਰਕੇ ਅਤੇ ਦਿੱਲੀ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਨਾ ਲੱਗਣ ਦੇਣ ਕਰਕੇ ਪੰਜਾਬੀਆਂ ਨੂੰ ਆਪਣੀ ਬੇਗਾਨਗੀ ਦਾ ਅਹਿਸਾਸ ਪਹਿਲਾਂ ਹੀ ਕਰਵਾ ਦਿੱਤਾ ਹੈ।
ਇਸ ਮੌਕੇ ਜਥੇਦਾਰ ਜਸਮੇਰ ਲਾਛੜੂ, ਜਥੇਦਾਰ ਲਾਲ ਸਿੰਘ, ਮਨਜੀਤ ਸਿੰਘ ਘੁਮਾਣਾ, ਹਰਵਿੰਦਰ ਸਿੰਘ ਹਰਪਾਲਪੁਰ, ਹੈਰੀ ਮੁਖਮੈਲਪੁਰ, ਹਰਦੇਵ ਸਿੰਘ ਸਿਆਲੂ, ਬਲਜਿੰਦਰ ਸਿੰਘ ਮਾੜੂ, ਗੁਰਜੰਟ ਸਿੰਘ ਮਹਿਦੂਦਾਂ, ਬਲਜਿੰਦਰ ਸਿੰਘ ਬੱਖੂ, ਅਵਤਾਰ ਸਿੰਘ ਸਲੇਮਪੁਰ, ਭਜਨ ਸਿੰਘ ਖੋਖਰ, ਸੁੱਚਾ ਸਿੰਘ ਆਲਮਪੁਰ, ਗੁਰਪ੍ਰੀਤ ਕੌਰ, ਅਵਤਾਰ ਸਿੰਘ ਸ਼ੰਭੂ, ਬਲਜੀਤ ਸਿੰਘ ਸਰਪੰਚ ਲਾਛੜੂ ਕਲਾਂ, ਭੁਪਿੰਦਰ ਸਿੰਘ ਰਾਣਾ ਵੀ ਹਾਜ਼ਰ ਸਨ।

Spread the love

Leave a Reply

Your email address will not be published. Required fields are marked *

Back to top button