ਹਰਮੀਤ ਪਠਾਣਮਾਜਰਾ ਨੇ ਅਪਰਾਧਕ ਕੇਸਾਂ ਦੀ ਜਾਣਕਾਰੀ ਛੁਪਾ ਕੇ ਚੋਣ ਕਮਿਸ਼ਨ ਨੂੰ ਗੁੰਮਰਾਹ ਕੀਤਾ : ਹਰਿੰਦਰਪਾਲ ਸਿੰਘ

9 ਫਰਵਰੀ (ਪਟਿਆਲਾ) : ਆਮ ਆਦਮੀ ਪਾਰਟੀ ਵਲੋਂ ਹਲਕਾ ਸਨੌਰ ਤੋਂ ਇਕ ਅਪਰਾਧਕ ਬਿਰਤੀ ਅਤੇ ਅਦਾਲਤ ਵਲੋਂ ਭਗੌੜੇ ਐਲਾਨੇ ਵਿਅਕਤੀ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਨਾ ਜਿਥੇ ਲੋਕ ਰਾਜ ਲਈ ਘਾਤਕ ਸਾਬਤ ਹੋਵੇਗਾ ਉਥੇ ਹੀ ਸਮਾਜ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਦਾ ਚਿਹਰੇ ਭਗਵੰਤ ਮਾਨ ਨੂੰ ਉਮੀਦਵਾਰ ਦੇ ਅਪਰਾਧਕ ਪਿਛੋਕੜ ਬਾਰੇ ਪਤਾ ਹੋਣ ਦੇ ਬਾਵਜੂਦ ਵੀ, ਚੋਣ ਮੈਦਾਨ ਵਿਚ ਉਤਾਰਨਾ ਕਈ ਸਵਾਲ ਖੜ੍ਹੇ ਕਰਦਾ ਹੈ, ਜਿਸਦਾ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਪਸ਼ਟੀਕਰਨ ਦੇਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਇਕ ਭਰਵੀਂ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣਾ ਸਟੈਂਡ ਸਪਸ਼ਟ ਕਰੇ ਕਿਉਂਕਿ ਇਹ ਸਾਫ਼ ਸੁਥਰਾ, ਨਿਮਾਨਦਾਰ ਅਤੇ ਭਿ੍ਰਸ਼ਟਾਚਾਰ ਰਹਿਤ ਸਮਾਜ ਦੇਣ ਦੇ ਦਾਅਵੇ ਕਰਦੀ ਨਹੀਂ ਥੱਕਦੀ। ਹਲਕਾ ਸਨੌਰ ਤੋਂ ਆਪ ਉਮੀਦਵਾਰ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਦਿੱਤੇ ਹਲਫ਼ੀਆ ਬਿਆਨ ਵਿਚ ਅਪਰਾਧਕ ਮਾਮਲੇ ਦਰਜ ਹੋਣ ਦੀ ਜਾਣਕਾਰੀ ਛੁਪਾ ਕੇ ਜਿਥੇ ਚੋਣ ਕਮਿਸ਼ਨ ਦੀਆਂ ਅੱਖਾਂ ਵਿਚ ਘੱਟਾ ਪਾਇਆ ਹੈ, ਉਥੇ ਹਲਕਾ ਸਨੌਰ ਦੇ ਭੋਲੇ ਭਾਲੇ ਲੋਕਾਂ ਨੂੰ ਵੀ ਮੂਰਖ ਬਣਾਇਆ ਹੈ। ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਆਪਣੇ ਨਾਮਜ਼ਦਗੀ ਪੱਤਰ ਵਿਚ ਅਪਰਾਧਕ ਕੇਸਾਂ ਦੀ ਲੰਮੀ ਸੂਚੀ ਨੂੰ ਛੁਪਾਉਣ ’ਤੇ ਹਮਮੀਤ ਸਿੰਘ ਪਠਾਣਮਾਜਰਾ ਵਿਰੁੱਧ ਬਣਦੀ ਸਖਤ ਕਾਰਵਾਈ ਕੀਤੀ ਜਾਵੇ ਤਾਂਕਿ ਕਾਨੂੰਨ ਨੂੰ ਟਿਚ ਸਮਝਣ ਵਾਲੇ ਵਿਅਕਤੀਆਂ ਨੂੰ ਸਬਕ ਮਿਲ ਸਕੇ।
ਉਨ੍ਹਾਂ ਕਿਹਾ ਕਿ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਸਟੈਂਡਰਡ ਕੰਪਨੀ ਹੰਢਿਆਇਆ ਜ਼ਿਲ੍ਹਾ ਬਰਨਾਲਾ ਪਾਸੋਂ ਖਰੀਦੇ ਟਰੈਕਟਰ ਦੀ ਰਾਸ਼ੀ ਦੇ ਭੁਗਤਾਨ ਲਈ ਖਾਲੀ ਖਾਤੇ ਦਾ ਚੈਕ ਦਿੱਤਾ ਗਿਆ ਸੀ, ਜੋ ਕਿ ਬਾਊਂਸ ਹੋਣ ’ਤੇ ਮਾਣਯੋਗ ਜੱਜ ਸ੍ਰੀ ਵਨੀਤ ਕੁਮਾਰ ਏ.ਸੀ.ਜੇ.ਐਮ. ਬਰਨਾਲਾ ਵਲੋਂ ਹਰਮੀਤ ਪਠਾਣਮਾਜਰਾ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਇਸ ਮਗਰੋਂ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਮਿਤੀ 21.12.2019 ਨੂੰ ਐਫਆਈਆਰ ਨੰ. 0509 ਹਰਮੀਤ ਸਿੰਘ ਪਠਾਣਮਾਜਰਾ ਵਿਰੁੱਧ ਬਰਨਾਲਾ ਪੁਲਿਸ ਦਰਜ ਕੀਤੀ ਗਈ ਜਿਸ ਕੇਸ ਵਿਚੋਂ ਅੰਤਿ੍ਰਮ ਜ਼ਮਾਨਤ ਮਿਲੀ ਹੈ ਜੋ ਕਿ ਸਿਰਫ਼ 14.2.2022 ਤੱਕ ਹੀ ਹੈ।
ਉਨ੍ਹਾਂ ਆਖਿਆ ਕਿ ਇਥੇ ਹੀ ਬਸ ਨਹੀਂ ਹਰਮੀਤ ਸਿੰਘ ਪਠਾਣਮਾਜਰਾ ’ਤੇ ਸਰਕਾਰੀ ਮੁਲਾਜ਼ਮ ਦੀ ਕੁੱਟਮਾਰ ਕਰਕੇ ਸਰਕਾਰੀ ਕੰਮ ਵਿਚ ਅੜਿੱਕਾ ਪਾਉਣ ਸਬੰਧੀ ਮਿਤੀ 9.9.11 ਨੂੰ ਧਾਰਾ 332, 323, 353, 186, 120ਬੀ, 342 ਸਣੇ ਡੀਡੀਆਰ ਨੰਬਰ 164, 25, 6, 16, 19, 15 ਅਤੇ 13 ਤਹਿਤ ਥਾਣਾ ਸਿਵਲ ਲਾਈਨ ਪਟਿਆਲਾ, ਜੁਲਕਾਂ, ਕੋਤਵਾਲੀ ਪਟਿਆਲਾ ਵਿਖੇ ਧੋਖਾਧੜੀ, ਵਿਸ਼ਵਾਸ਼ਘਾਤ, ਬਈਮਾਨੀ, ਨਜਾਇਜ਼ ਸ਼ਰਾਬ ਦੀ ਤਸਕਰੀ, ਜਾਨਲੇਵਾ ਹਮਲਾ, ਕੁੱਟਮਾਰ ਅਤੇ ਨਜਾਇਜ਼ ਬੰਦੀ ਬਣਾਉਣਾ, ਤੇਜ਼ ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ, ਕੁੱਟਮਾਰ, ਦੰਗੇ ਭੜਕਾਉਣ ਦੇ ਵੱਖ ਵੱਖ ਮਾਮਲਾ ਦਰਜ ਹੋਣ ਦੇ ਬਾਵਜੂਦ ਨਾਮਜਦਗੀ ਪੱਤਰ ਵਿਚ ਇਕ ਵੀ ਕੇਸ ਦਾ ਜ਼ਿਕਰ ਨਾ ਕਰਨਾ ਇਸ ਗੱਲ ਦਾ ਪ੍ਰਮਾਣ ਹੈ ਕਿ ਆਮ ਆਦਮੀ ਪਾਰਟੀ ਅਪਰਾਧਕ ਬਿਰਤੀ ਵਾਲੇ ਵਿਅਕਤੀਆਂ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ ਜਿਨ੍ਹਾਂ ਦਾ ਕੰਮ ਸਿਰਫ਼ ਤੇ ਸਿਰਫ ਪੰਜਾਬ ਨੂੰ ਲੁੱਟਣਾ ਅਤੇ ਕੁੱਟਣਾ ਹੋਵੇ।
ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਅਜਿਹੇ ਅਪਰਾਧਕ ਬਿਰਤੀ ਵਾਲੇ ਅਤੇ ਅਦਾਲਤ ਵਲੋਂ ਭਗੌੜੇ ਵਿਅਕਤੀ ਨੂੰ ਟਿਕਟ ਦੇਣ ਨਾਲ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦਾ ਭਿ੍ਰਸ਼ਟਾਚਾਰ ਮੁਕਤ ਰਾਜ ਦੇਣ ਦੇ ਝੂਠ ਦਾ ਪਰਦਾਫਾਸ਼ ਹੋ ਗਿਆ ਹੈ।ਉਨ੍ਹਾਂ ਆਖਿਆ ਕਿ ਜਿਥੇ ਕੇਜਰੀਵਾਲ ਇਮਾਨਦਾਰ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਨ ਦੇ ਦਾਅਵੇ ਕਰਦੇ ਹਨ, ਉਥੇ ਹੀ ਇਮਾਨਦਾਰ ਸਰਕਾਰ ਦੇ ਨਾਂ ’ਤੇ ਲੋਕਾਂ ਨੂੰ ਅਜਿਹੇ ਠੱਗ, ਲੁਟੇਰੇ ਅਤੇ ਭਗੌੜੇ ਵਿਅਕਤੀ ਚੋਣ ਮੈਦਾਨ ਵਿਚ ਉਤਾਰੇ ਹਨ, ਜੋ ਹਲਕੇ ਨੂੰ ਲੁੱਟਣ ਅਤੇ ਕੁੱਟਣ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ।
ਉਨ੍ਹਾਂ ਅਖ਼ੀਰ ਵਿਚ ਹਲਕਾ ਵਾਸੀਆਂ ਨੂੰ ਸੁਚੇਤ ਕਰਦਿਆਂ ਆਖਿਆ ਕਿ ਹਰਮੀਤ ਪਠਾਣਮਾਜਰਾ ਜੇਕਰ ਇਕ ਨਾਮੀ ਕੰਪਨੀ ਨਾਲ ਠੱਗੀ ਮਾਰ ਸਕਦਾ ਹੈ ਤਾਂ ਉਸ ਲਈ ਹਲਕੇ ਦੇ ਭੋਲੇ ਭਾਲੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਕੋਈ ਔਖਾ ਕੰਮ ਨਹੀਂ ਹੋਵੇਗਾ। ਉਨ੍ਹਾਂ ਅਪੀਲ ਕੀਤੀ ਕਿ ਉਹ ਅਜਿਹੇ ਅਪਰਾਧਕ ਬਿਰਤੀ ਵਾਲੇ ਅਤੇ ਅਦਾਲਤੀ ਭਗੌੜਿਆਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ, ਕਿਉਂਕਿ ਅਜਿਹੇ ਵਿਅਕਤੀ ਤੋਂ ਕਦੇ ਵੀ ਹਲਕੇ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ ਜਿਸਦਾ ਕੰਮ ਹੀ ਠੱਗੀਆਂ ਠੋਰੀਆਂ ਤੇ ਲੋਕਾਂ ਨੂੰ ਲੁੱਟਣਾ ਹੈ