ਟਰੈਕਟਰ ’ਤੇ ਸਵਾਰ ਹੋ ਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਜਾਂਦੇ ਹੋਏ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ
suman preet
ਪਟਿਆਲਾ, 10 ਮਈ: ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਪਾਰਲੀਮਾਨੀ ਹਲਕੇ ਤੋਂ ਉਮੀਦਵਾਰ ਸ੍ਰੀ ਐਨ ਕੇ ਸ਼ਰਮਾ ਅੱਜ ਟਰੈਕਟਰ ’ਤੇ ਸਵਾਰ ਹੋ ਕੇ ਆਪਣੇ ਸਮਰਥਕਾਂ ਆਪਣੇ ਨਾਮਜ਼ਦਗੀ ਪੱਤਰ ਭਰਨ ਲਈ ਪੁੱਜੇ। ਉਹਨਾਂ ਦੀ ਪਤਨੀ ਬਬੀਤਾ ਸ਼ਰਮਾ ਨੇ ਉਹਨਾਂ ਦੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਇਸ ਮੌਕੇ ਸ੍ਰੀ ਐਨ ਕੇ ਸ਼ਰਮਾ ਦੇ ਪਿਤਾ ਸ੍ਰੀ ਵੀ ਐਨ ਸ਼ਰਮਾ ਤੇ ਸਿਆਸੀ ਸਕੱਤਰ ਸ੍ਰੀ ਕ੍ਰਿਸ਼ਨਪਾਲ ਸ਼ਰਮਾ ਵੀ ਹਾਜ਼ਰ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਉਹ ਕਿਸਾਨ ਦੇ ਸਪੁੱਤਰ ਹਨ ਤੇ ਟਰੈਕਟਰ ਹੀ ਸਾਡੀ ਜ਼ਿੰਦ ਜਾਨ ਹੈ। ਉਹਨਾਂ ਕਿਹਾ ਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਤੇ ਸਾਡੇ ਇਲਾਕੇ ਦੀ ਜ਼ਮੀਨ ਵੀ ਬਹੁਤ ਮਾੜੀ ਤੇ ਸੇਮ ਭਰੀ ਹੁੰਦੀ ਸੀ ਜਿਸ ਵਿਚ ਅਸੀਂ ਖੇਤੀ ਕਰਦੇ ਸੀ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ, ਪੰਜਾਬ ਤੇ ਪੰਜਾਬੀਆਂ ਦੀ ਭਲਾਈ ਲਈ ਕੰਮ ਕੀਤਾ ਹੈ। ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਹੀ ਸੀ ਜਿਸਨੇ ਕਿਸਾਨਾਂ ਵਾਸਤੇ ਖੇਤੀਬਾੜੀ ਬਿਜਲੀ ਮੁਫਤ ਕੀਤੀ ਜਿਸਦੀ ਬਦੌਲਤ ਪੰਜਾਬ ਵਿਚ ਖੇਤੀਬਾੜੀ ਇਕ ਵਾਰ ਤੋਂ ਮੁਨਾਫੇ ਵਾਲਾ ਧੰਦਾ ਬਣੀ ਸੀ ਪਰ ਮੰਦੇ ਹਾਲਾਤਾਂ ਨੂੰ ਹੁਣ ਕੇਂਦਰ ਸਰਕਾਰ ਤੇ ਸੂਬੇ ਦੀ ਮੌਜੂਦਾ ਆਪ ਸਰਕਾਰ ਦੇ ਬੇਰੁਖੇ ਰਵੱਈਏ ਕਾਰਣ ਕਿਸਾਨ ਕਰਜ਼ਈ ਹੋ ਕੇ ਆਤਮ ਹੱਤਿਆਵਾਂ ਕਰ ਰਹੇ ਹਨ ਪਰ ਦੋਵੇਂ ਸਰਕਾਰਾਂ ਕਿਸਾਨਾਂ ਦੀ ਸਾਰ ਨਹੀਂ ਲੈ ਰਹੀਆਂ।
ਐਨ ਕੇ ਸ਼ਰਮਾ ਨੇ ਕਿਹਾ ਕਿ ਪਹਿਲਾਂ ਦਿੱਲੀ ਦੇ ਬਾਰਡਰਾਂ ’ਤੇ ਦੋ ਸਾਲਾਂ ਤੱਕ ਕਿਸਾਨ ਅੰਦੋਲਨ ਚੱਲਿਆ ਤੇ ਹੁਣ 13 ਫਰਵਰੀ ਤੋਂ ਸ਼ੰਭੂ ਬਾਰਡਰ ’ਤੇ ਕਿਸਾਨਾਂ ਦਾ ਧਰਨਾ ਚਲ ਰਿਹਾ ਹੈ ਪਰ ਨਾ ਤਾਂ ਕੇਂਦਰ ਦੀ ਭਾਜਪਾ ਸਰਕਾਰ ਤੇ ਨਾ ਹੀ ਭਗਵੰਤ ਮਾਨ ਸਰਕਾਰ ਕਿਸਾਨਾਂ ਦੀ ਬਾਂਹ ਫੜਨ ਲਈ ਤਿਆਰ ਹਨ ਤੇ ਹੁਣ ਤੱਕ ਦੋ ਦਰਜਨ ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ।
ਇਸ ਮੌਕੇ ਅਕਾਲੀ ਦਲ ਦੇ ਪੀ ਏ ਸੀ ਮੈਂਬਰ ਆਕਾਸ਼ ਸ਼ਰਮਾ ਬਾਕਸ ਤੇ ਸੁਖਬੀਰ ਸਿੰਘ ਸਨੌਰ ਵੀ ਹਾਜ਼ਰ ਸਨ।