ਪੰਜਾਬ ਪੁਲਿਸ ਨੇ ਅੰਤਰ-ਰਾਜੀ ਹਥਿਆਰ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼; 6 ਪਿਸਤੌਲਾਂ ਸਮੇਤ 2 ਵਿਅਕਤੀ ਕਾਬੂ
ਚੰਡੀਗੜ੍ਹ/ਜਲੰਧਰ, 9 ਮਈ:
ਕਾਊਂਟਰ ਇੰਟੈਲੀਜੈਂਸ (ਸੀ.ਆਈ.) ਜਲੰਧਰ ਵੱਲੋਂ ਖੁਫੀਆ ਇਤਲਾਹ ’ਤੇ ਕਾਰਵਾਈ ਕਰਦਿਆਂ ਨੇ ਇਕ ਅੰਤਰ-ਰਾਜੀ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰ ਕੇ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਇਨ੍ਹਾਂ ਦੋਸ਼ੀਆਂ ਦੇ ਕਬਜੇ ਚੋਂ 6 ਪਿਸਤੌਲ ਜਿੰਨ੍ਹਾਂ ਵਿੱਚ ਪੰਜ .32 ਬੋਰ ਦੇ ਪਿਸਤੌਲ ਅਤੇ ਇੱਕ .30 ਬੋਰ ਪਿਸਤੌਲ ਸਮੇਤ- ਸੱਤ ਕਾਰਤੂਸ ਬਰਾਮਦ ਕੀਤੇ ਹਨ। ਇਹ ਜਾਣਕਾਰੀ ਅੱਜ ਇੱਥੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਫੜੇ ਗਏ ਵਿਅਕਤੀਆਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ ਮੱਟੂ ਵਾਸੀ ਰੱਈਆ ਅਤੇ ਰਾਹੁਲ ਮਸੀਹ ਵਾਸੀ ਪਿੰਡ ਚਵਿੰਡਾ ਦੇਵੀ, ਅੰਮ੍ਰਿਤਸਰ ਵਜੋਂ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਰੈਕੇਟ ਧੜੱਲੇ ਨਾਲ ਕੰਮ ਕਰ ਰਿਹਾ ਸੀ ਅਤੇ ਪਿਛਲੇ ਛੇ ਮਹੀਨਿਆਂ ਵਿੱਚ ਮੱਧ ਪ੍ਰਦੇਸ਼ ਦੇ ਉਜੈਨ ਤੋਂ ਹਥਿਆਰਾਂ ਦੀਆਂ ਚਾਰ ਵੱਡੀਆਂ ਖੇਪਾਂ ਪ੍ਰਾਪਤ ਕਰ ਚੁੱਕਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮਾਡਿਊਲ ਮੈਂਬਰ ਅਮਰੀਕਾ ਅਧਾਰਤ ਅਪਰਾਧਿਕ ਇਕਾਈ ਦੇ ਸੰਪਰਕ ਵਿੱਚ ਸਨ ਅਤੇ ਉਸਦੇ ਹੀ ਨਿਰਦੇਸ਼ਾਂ ’ਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰਦੇ ਸਨ।
ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੇ ਇਸ ਮਾਡਿਊਲ ਦੇ ਦੋ ਹੋਰ ਅਹਿਮ ਮੈਂਬਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਲਈ ਨਾਮਜ਼ਦ ਕੀਤਾ ਹੈ। ਡੀਜੀਪੀ ਨੇ ਕਿਹਾ ਕਿ ਪੁਲਿਸ ਟੀਮਾਂ ਉਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ, ਜਦਕਿ ਇਸ ਸਬੰਧੀ ਅਗਲੀਆਂ ਪਿਛਲੀਆਂ ਕੜੀਆਂ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
ਆਪਰੇਸ਼ਨ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਏਆਈਜੀ ਸੀ.ਆਈ. ਜਲੰਧਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਖੁਫੀਆ ਸੂਚਨਾਵਾਂ ’ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਸੀ.ਆਈ. ਜਲੰਧਰ ਦੀਆਂ ਪੁਲਿਸ ਟੀਮਾਂ ਨੇ ਵਿੱਤੀ ਇੰਟੈਲੀਜੈਂਸ ਯੂਨਿਟ (ਐਫ.ਆਈ.ਯੂ.) ਐਸਏਐਸ ਨਗਰ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਰੇਲਵੇ ਸਟੇਸ਼ਨ ਜਲੰਧਰ ਛਾਉਣੀ ਨੇੜੇ ਇੱਕ ਵਿਸ਼ੇਸ਼ ਨਾਕਾ ਲਗਾਇਆ ਅਤੇ ਉਕਤ ਦੋਸ਼ੀਆ ਨੂੰ ਕਾਬੂ ਕੀਤਾ।
ਇਸ ਸਬੰਧੀ ਐਫਆਈਆਰ ਨੰ:27 ਮਿਤੀ 07.05.2024 ਨੂੰ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 25 (8) ਅਧੀਨ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਹੈ।