16 ਤੇ 17 ਦਸੰਬਰ ਨੂੰ ਲੱਗਣ ਵਾਲੇ ਅਮਰੂਦ ਫ਼ੈਸਟੀਵਲ ਤੇ ਫਲਾਵਰ ਸ਼ੋਅ ਦੀਆਂ ਤਿਆਰੀ ਮੁਕੰਮਲ
ਪਟਿਆਲਾ, 14 ਦਸੰਬਰ:
ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਸੰਬਰ ਤੋਂ ਫਰਵਰੀ ਮਹੀਨੇ ਤੱਕ ਕਰਵਾਏ ਜਾਣ ਵਾਲੇ ਹੈਰੀਟੇਜ ਫ਼ੈਸਟੀਵਲ ਦੀ ਸ਼ੁਰੂਆਤ 16 ਦਸੰਬਰ ਨੂੰ ਬਾਰਾਂਦਰੀ ਬਾਗ ਵਿਖੇ ਲੱਗਣ ਵਾਲੇ ਅਮਰੂਦ ਫ਼ੈਸਟੀਵਲ ਅਤੇ ਗੁਲਦਾਊਦੀ ਫੁੱਲਾਂ ਦੇ ਸ਼ੋਅ ਨਾਲ ਹੋਣ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਅੱਜ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ 16 ਤੇ 17 ਦਸੰਬਰ ਨੂੰ ਲੱਗਣ ਵਾਲੇ ਇਸ ਅਮਰੂਦ ਫ਼ੈਸਟੀਵਲ ਅਤੇ ਗੁਲਦਾਊਦੀ ਫੁੱਲਾਂ ਦਾ ਸ਼ੋਅ ਦੌਰਾਨ ਹਿੱਸਾ ਲੈਣ ਵਾਲਿਆਂ ਅਤੇ ਆਮ ਲੋਕਾਂ ਦੀ ਸਹੂਲਤਾਂ ਦਾ ਪੂਰਾ ਖਿਆਲ ਰੱਖਿਆ ਜਾਵੇ।
ਸਾਕਸ਼ੀ ਸਾਹਨੀ ਨੇ ਅਮਰੂਦ ਫ਼ੈਸਟੀਵਲ ਤੇ ਗੁਲਦਾਊਦੀ ਫੁੱਲਾਂ ਦੇ ਸ਼ੋਅ ਲਈ ਖੁੱਲ੍ਹਾਂ ਸੱਦਾ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰਾਂ ਸਮੇਤ ਇਸ ਮੇਲੇ ਦਾ ਹਿੱਸਾ ਬਣਨ ਤੇ ਫਲਾਂ ਅਤੇ ਫੁੱਲਾਂ ਦੇ ਇਸ ਫ਼ੈਸਟੀਵਲ ਦਾ ਆਨੰਦ ਮਾਨਣ। ਉਨ੍ਹਾਂ ਦੱਸਿਆ ਕਿ ਫ਼ੈਸਟੀਵਲ ਦੌਰਾਨ ਹੈਰੀਟੇਜ ਫੂਡ ਕਾਰਨਰ, ਕਿਡਜ਼ ਜ਼ੋਨ, ਆਰਗੈਨਿਕ ਚੀਜ਼ਾਂ ਤੋਂ ਇਲਾਵਾ ਅਮਰੂਦ ਤੋਂ ਬਣੀਆਂ ਵਸਤਾਂ ਵੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 16 ਦਸੰਬਰ ਨੂੰ ਸ਼ੁਰੂ ਹੋਣ ਵਾਲਾ ਇਹ ਫ਼ੈਸਟੀਵਲ ਇਕ ਸ਼ੁਰੂਆਤ ਹੈ, ਜੋ ਵੱਖ ਵੱਖ ਹੋਰ ਆਕਰਸ਼ਕ ਢੰਗਾਂ ਨਾਲ ਜਨਵਰੀ ਤੇ ਫਰਵਰੀ ਮਹੀਨੇ ਵਿਚ ਵੀ ਚਲਦਾ ਰਹੇਗਾ।
ਇਸ ਮੌਕੇ ਬਾਗਬਾਨੀ ਅਫ਼ਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਫ਼ੈਸਟੀਵਲ ਨੂੰ ਸਫਲ ਬਣਾਉਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬਾਰਾਂਦਰੀ ਬਾਗ ਵਿੱਚ ਲਗਾਏ ਜਾ ਰਹੇ ਇਸ ਮੇਲੇ ਵਿਚ ਅਮਰੂਦ ਦੇ ਵੱਖ-ਵੱਖ ਉਤਪਾਦਾਂ, ਕਾਸ਼ਤਕਾਰਾਂ, ਪ੍ਰੋਸੈਸਿੰਗ ਕੰਪਨੀਆਂ, ਘਰੇਲੂ ਫਲ ਪਦਾਰਥਾਂ ਦੀ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਅਮਰੂਦ ਤੋ ਤਿਆਰ ਵੱਖ-ਵੱਖ ਪਦਾਰਥਾਂ ਜਿਵੇਂ ਕਿ ਜੈਲੀ, ਜੈਮ, ਬਰਫ਼ੀ, ਚਟਨੀ , ਕੈਂਡੀ, ਜੂਸ ਆਦਿ ਵੀ ਉਪਲਬਧ ਹੋਣਗੇ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਗੁਲਦਾਊਦੀ ਸ਼ੋਅ ਵੀ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕੋਈ ਵੀ ਵਿਅਕਤੀ ਆਪਣੀਆਂ ਗੁਲਦਾਊਦੀ ਫੁੱਲਾਂ ਦੀਆਂ ਐਂਟਰੀ ਭੇਜੀ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਫਲਾਵਰ ਸ਼ੋਅ ਵਿੱਚ ਗੁਲਦਾਊਦੀ ਕੱਟ ਫਲਾਵਰ, ਫਲਾਵਰ ਅਰੈਜਮੈਂਟ, ਫਲਾਵਰ ਪੋਟਸ, ਆਰਨਾਮੈਂਟਸ ਡਿਸਪਲੇ ਆਦਿ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸ਼ੋਅ ਦਾ ਮਕਸਦ ਜਿਮੀਂਦਾਰਾਂ ਅਤੇ ਆਮ ਲੋਕਾਂ ਨੂੰ ਫੁੱਲਾਂ ਦੀ ਕਾਸ਼ਤ ਪ੍ਰਤੀ ਪ੍ਰੇਰਿਤ ਕਰਨਾ ਅਤੇ ਵਾਤਾਵਰਣ ਨੂੰ ਸੁੰਦਰ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਗੁਲਦਾਊਦੀ ਸ਼ੋਅ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਬਾਗਬਾਨੀ ਦਫ਼ਤਰ ਬਾਰਾਂਦਰੀ ਬਾਗ ਤੋਂ ਫਾਰਮ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ 16 ਦਸੰਬਰ ਨੂੰ ਸਵੇਰੇ 9 ਵਜੇ ਤੋਂ 11 ਵਜੇ ਤੱਕ ਵੀ ਐਂਟਰੀ ਕਰਵਾਈ ਜਾ ਸਕਦੀ ਹੈ।