Punjab-ChandigarhTop News

ਸਾਬਕਾ ਮੰਤਰੀ ਆਸ਼ੂ ਦਾ ਭਗੌੜਾ ਪੀ.ਏ. ਪੰਕਜ ਮਲਹੋਤਰਾ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਚੰਡੀਗੜ੍ਹ, 16 ਦਸੰਬਰ :
ਸੂਬੇ ਦੀਆਂ ਅਨਾਜ ਮੰਡੀਆਂ ਵਿੱਚ ਹੋਏ ਬਹੁ-ਕਰੋੜੀ ਢੋਆ-ਢੁਆਈ ਸਬੰਧੀ ਟੈਂਡਰ ਘੁਟਾਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਭਗੌੜੇ ਚਲੇ ਆ ਰਹੇ ਮੁਲਜ਼ਮ ਪੰਕਜ ਮਲਹੋਤਰਾ ਉਰਫ ਮੀਨੂੰ ਮਲਹੋਤਰਾ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂ ਉਸ ਨੇ ਲੁਧਿਆਣਾ ਵਿਖੇ ਵਿਜੀਲੈਂਸ ਬਿਊਰੋ ਦੇ ਦਫ਼ਤਰ ਵਿੱਚ ਆਤਮ ਸਮਰਪਣ ਕੀਤਾ। ਇਹ ਮੁਲਜ਼ਮ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਪ੍ਰਾਈਵੇਟ ਤੌਰ ਤੇ ਨਿੱਜੀ ਸਹਾਇਕ (ਪੀ.ਏ.) ਵਜੋਂ ਕੰਮ ਕਰਦਾ ਰਿਹਾ ਹੈ।
ਵਿਜੀਲੈਂਸ ਵੱਲੋਂ ਚਲਾਈ ਗਈ ਕਾਨੂੰਨੀ ਕਾਰਵਾਈ ਕਾਰਨ ਉਸ ਨੂੰ ਖਦਸ਼ਾ ਸੀ ਕਿ ਅਦਾਲਤ ਉਸ ਨੂੰ ਇਸ ਘੁਟਾਲੇ ਵਿੱਚ ਭਗੌੜਾ (ਪੀ.ਓ.) ਘੋਸ਼ਿਤ ਕਰ ਸਕਦੀ ਹੈ ਕਿਉਂਕਿ ਵਿਜੀਲੈਂਸ ਬਿਊਰੋ ਨੇ ਪਹਿਲਾਂ ਹੀ ਉਸ ਨੂੰ ਅਤੇ ਇੱਕ ਹੋਰ ਦੋਸ਼ੀ ਇੰਦਰਜੀਤ ਸਿੰਘ ਉਰਫ਼ ਇੰਡੀ ਜੋ ਉਕਤ ਸਾਬਕਾ ਮੰਤਰੀ ਦਾ ਪੀ.ਏ. ਸੀ, ਵਿਰੁੱਧ ਇਸ ਬਾਰੇ ਅਦਾਲਤੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਤੇ ਉਸ ਕੇਸ ਦੀ ਸੁਣਵਾਈ ਦੀ ਅਗਲੀ ਤਾਰੀਖ 23-12-2022 ਨਿਰਧਾਰਤ ਕੀਤੀ ਗਈ ਸੀ। ਉਸ ਨੂੰ ਭਲਕੇ ਲੁਧਿਆਣਾ ਦੀ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੁਕੱਦਮੇ ਵਿੱਚ ਬਿਊਰੋ ਵੱਲੋਂ ਪਹਿਲਾਂ ਹੀ ਠੇਕੇਦਾਰ ਤੇਲੂ ਰਾਮ, ਜਗਰੂਪ ਸਿੰਘ, ਸੰਦੀਪ ਭਾਟੀਆ ਅਤੇ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕਾਂ/ਭਾਈਵਾਲਾਂ ਦੇ ਨਾਲ-ਨਾਲ ਪੰਜਾਬ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਵੱਖ-ਵੱਖ ਅਨਾਜ ਮੰਡੀਆਂ ਵਿੱਚ ਲੇਬਰ ਅਤੇ ਢੋਆ-ਢੁਆਈ ਦੇ ਟੈਂਡਰ ਅਲਾਟ ਕਰਨ ਲਈ ਸਬੰਧਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 420, 409, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 8, 12, 13(2) ਤਹਿਤ ਐਫ.ਆਈ.ਆਰ. ਨੰਬਰ 11 ਮਿਤੀ 16-08-2022 ਅਧੀਨ ਕੇਸ ਦਰਜ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਤੇਲੂ ਰਾਮ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਕ੍ਰਿਸ਼ਨ ਲਾਲ ਧੋਤੀਵਾਲਾ ਅਤੇ ਅਨਿਲ ਜੈਨ (ਦੋਵੇਂ ਆੜ੍ਹਤੀਏ) ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਸ ਸਮੇਂ ਸਾਰੇ ਨਿਆਂਇਕ ਹਿਰਾਸਤ ਵਜੋਂ ਜੇਲ ਵਿੱਚ ਹਨ। ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਲੁਧਿਆਣਾ ਦੀ ਸਮਰੱਥ ਅਦਾਲਤ ਵਿੱਚ ਭਾਰਤ ਭੂਸ਼ਣ ਆਸ਼ੂ, ਤੇਲੂ ਰਾਮ ਅਤੇ ਕ੍ਰਿਸ਼ਨ ਲਾਲ ਵਿਰੁੱਧ ਸਪਲੀਮੈਂਟਰੀ ਚਲਾਣ ਪੇਸ਼ ਕੀਤਾ ਜਾ ਚੁੱਕਾ ਹੈ।

ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਕੇਸ ਵਿੱਚ ਗਹਿਨ ਪੜਤਾਲ ਅਤੇ ਸਬੂਤਾਂ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਭਾਰਤ ਭੂਸ਼ਣ ਆਸ਼ੂ ਕੋਲ ਪੀ.ਏ ਵਜੋਂ ਕੰਮ ਕਰਦੇ ਮੁਲਜ਼ਮ ਮੀਨੂੰ ਮਲਹੋਤਰਾ  ਨੇ ਸਾਲ 2020-21 ਲਈ ਅਨਾਜ ਮੰਡੀਆਂ ਵਿੱਚ ਲੇਬਰ ਅਤੇ ਢੋਆ-ਢੁਆਈ ਦੇ ਟੈਂਡਰ ਅਲਾਟ ਕਰਾਉਣ ਲਈ ਸਾਬਕਾ ਮੰਤਰੀ ਨਾਲ ਦੋਸ਼ੀ ਠੇਕੇਦਾਰ ਤੇਲੂ ਰਾਮ ਦੀ ਮੀਟਿੰਗ ਕਰਵਾਉਣ ਵਾਸਤੇ ਉਸ ਕੋਲੋਂ 6 ਲੱਖ ਰੁਪਏ ਰਿਸ਼ਵਤ ਲਈ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Spread the love

Leave a Reply

Your email address will not be published. Required fields are marked *

Back to top button