ਜਨ ਸੁਵਿਧਾ ਕੈਂਪ ਦਾ ਵੱਡੀ ਗਿਣਤੀ ਲਾਭਪਾਤਰੀਆਂ ਨੇ ਲਿਆ ਲਾਹਾਂ
ਘਨੌਰ/ਰਾਜਪੁਰਾ/ਪਟਿਆਲਾ, 14 ਦਸੰਬਰ:
ਹਲਕਾ ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਜਨ ਸੁਵਿਧਾ ਕੈਂਪਾਂ ਨੇ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਬਾਰੇ ਪਿੰਡਾਂ ਵਿਚ ਰਹਿ ਰਹੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਤੇ ਉਹ ਹੁਣ ਵੱਖ ਵੱਖ ਵਿਭਾਗਾਂ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੇ ਫਾਰਮ ਭਾਰਕੇ ਲਾਭ ਪ੍ਰਾਪਤ ਕਰ ਰਹੇ ਹਨ। ਉਹ ਅੱਜ ਪਿੰਡ ਮਰਦਾਂਪੁਰ ਵਿਖੇ ਲੱਗੇ ਜਨ ਸੁਵਿਧਾ ਕੈਂਪ ਵਿਚ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ। ਇਸ ਮੌਕੇ ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ ਵੀ ਮੌਜੂਦ ਸਨ।
ਸ. ਗੁਰਲਾਲ ਘਨੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਨ ਸੁਵਿਧਾ ਕੈਂਪਾਂ ਰਾਹੀ ਲੋਕਾਂ ਦੇ ਘਰਾਂ ਤੱਕ ਸਰਕਾਰੀ ਸਕੀਮਾਂ ਦਾ ਲਾਭ ਦੇਣ ਲਈ ਪੁੱਜ ਚੁੱਕੀ ਹੈ ਜਿਸ ਦਾ ਲੋਕਾਂ ਵੱਲੋਂ ਵੀ ਪੂਰਾ ਲਾਭ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਘਰਾਂ ਦੇ ਨੇੜੇ ਹੀ ਲੋਕਾਂ ਨੂੰ ਪੱਕੇ ਘਰਾਂ ਦੇ ਮਕਾਨ ਦੇ ਫਾਰਮ, ਦੋ ਕਿਲੋਵਾਟ ਤੱਕ ਦੇ ਬਿਜਲੀ ਮੀਟਰ ਕੁਨੈਕਸ਼ਨ, ਸਗਨ ਸਕੀਮ ਵਰਗੀਆਂ ਸਕੀਮਾਂ ਦੇ ਫਾਰਮ ਜੋ ਪਹਿਲਾਂ ਰਾਜਪੁਰਾ, ਘਨੌਰ ਤੇ ਪਟਿਆਲਾ ਵਿਖੇ ਜਾ ਕੇ ਭਰਨੇ ਪੈਂਦੇ ਸਨ ਹੁਣ ਉਹ ਘਰਾਂ ਦੇ ਨੇੜੇ ਲੱਗੇ ਜਨ ਸੁਵਿਧਾ ਕੈਂਪ ਵਿਚ ਜਾ ਕੇ ਭਰ ਰਹੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾਤਾਰ ਲਗਾਏ ਜਾਂਦੇ ਰਹਿਣਗੇ।
ਇਸ ਮੌਕੇ ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਉਤੇ ਰਾਜਪੁਰਾ ਦੇ ਵੱਖ ਵੱਖ ਪਿੰਡਾਂ ਵਿਚ ਜਨ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ, ਇਸੇ ਲੜੀ ਤਹਿਤ ਅੱਜ ਪਿੰਡ ਮਰਦਾਂਪੁਰ ਵਿਖੇ ਲੱਗੇ ਕੈਂਪ ਵਿੱਚ 18 ਤੋਂ ਵੱਧ ਵਿਭਾਗਾਂ ਵੱਲੋਂ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਜਨ ਸੁਵਿਧਾ ਦੌਰਾਨ ਐਨ.ਜੀ.ਓ ਦੀ ਮਦਦ ਨਾਲ ਮੈਡੀਕਲ ਕੈਂਪ ਵੀ ਲਗਾਇਆ ਗਿਆ ਹੈ ਜਿਸ ਵਿਚ ਲੋਕਾਂ ਦੇ ਟੈਸਟ ਕਰਕੇ ਮੁਫ਼ਤ ਦਵਾਈ ਵੀ ਉਪਲਬਧ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਲੇਬਰ ਵਿਭਾਗ ਨਾਲ ਸਬੰਧਤ ਸੇਵਾਵਾਂ, ਬੁਢਾਪਾ ਜਾਂ ਹੋਰ ਪੈਨਸ਼ਨਾਂ, ਸ਼ਿਕਾਇਤਾਂ ਤੇ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਸਮੇਤ ਹੋਰ ਵਿੱਤੀ ਸਹਾਇਤਾ ਸਕੀਮਾਂ ਦੇ ਨਾਲ ਨਾਲ ਸਾਰੇ ਵਿਭਾਗ ਵੱਲੋਂ ਇੱਕੋ ਛੱਤ ਥੱਲੇ ਸਰਕਾਰੀ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀਆਂ ਤੋਂ ਇਲਾਵਾ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਸਨ।