Punjab-ChandigarhTop News

ਬਜ਼ੁਰਗਾਂ ਵਿੱਚ ‘ਇਕੱਲਤਾ’ ਨੂੰ ਦੂਰ ਕਰਨ ਲਈ ‘ਪਿੰਡ ਦੀ ਸੱਥ’ ਸੰਕਲਪ ਨੂੰ ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਲਾਗੂ ਕੀਤਾ ਜਾਵੇਗਾ – ਡਾ ਬਲਜੀਤ ਕੌਰ

ਲੁਧਿਆਣਾ / ਚੰਡੀਗੜ੍ਹ, 1 ਅਕਤੂਬਰ 

ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਕੂਲਾਂ ਵਿੱਚ ਬੱਚਿਆਂ ਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਿਖਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।

ਸਥਾਨਕ ਗੁਰੂ ਨਾਨਕ ਭਵਨ ਵਿਖੇ ਅੰਤਰਰਾਸ਼ਟਰੀ ਬਜੁਰਗ ਦਿਵਸ ਮਨਾਉਣ ਸਬੰਧੀ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਰਾਹੀਂ ਪਰਿਵਾਰਾਂ ਵਿੱਚ ਵੱਡਿਆਂ ਦਾ ਸਤਿਕਾਰ ਕਰਨ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਮਾਪਿਆਂ ਨੂੰ ਵੀ ਸਮਾਜਿਕ ਅਤੇ ਪਰਿਵਾਰਕ ਕਦਰਾਂ ਕੀਮਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਪਣੇ ਪਰਿਵਾਰਾਂ ਵਿੱਚ ਬਜੁਰਗਾਂ  ਨਾਲ ਵਧੀਆ ਸਮਾਂ ਬਿਤਾ ਸਕਣ, ਜੋ ਹੁਣ ਦੇਖਣ ਨੂੰ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਇਕੱਲਾਪਣ ਬਜੁਰਗਾਂ ਨੂੰ ਘੁਣ ਵਾਂਗ ਅੰਦਰੋ-ਅੰਦਰ ਖੋਖਲਾ ਕਰੀ ਜਾਂਦਾ ਹੈ ਅਤੇ ਹੁਣ ਨੌਜਵਾਨਾਂ ਅਤੇ ਬਜ਼ੁਰਗਾਂ ਵਿਚਕਾਰ ਪਾੜੇ ਨੂੰ ਜਲਦ ਖਤਮ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਕੋਲ ਤਜ਼ਰਬਿਆਂ ਦਾ ਖਜ਼ਾਨਾ ਹੁੰਦਾ ਹੈ ਅਤੇ ਜੇਕਰ ਬੱਚੇ ਉਨ੍ਹਾਂ ਦੇ ਨਾਲ ਰਹਿਣਗੇ, ਸਮਾਂ ਬਿਤਾਉਣਗੇ ਤਾਂ ਉਨ੍ਹਾਂ ਨੂੰ ਸੱਭਿਆਚਾਰ, ਚੰਗੇ ਗੁਣਾਂ, ਚੰਗੀਆਂ ਆਦਤਾਂ ਅਤੇ ਹੋਰ ਸਮਾਜਿਕ ਮੁੱਦਿਆਂ ਬਾਰੇ ਗਿਆਨ ਹੋ ਸਕੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਜ਼ੁਰਗਾਂ ਦੀ ਭਲਾਈ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ ਅਤੇ ‘ਪਿੰਡ ਦੀ ਸੱਥ’ ਦੇ ਸੰਕਲਪ ਨੂੰ ਸ਼ਹਿਰੀ ਖੇਤਰਾਂ ਵਿੱਚ ਵੀ ਦੁਹਰਾਇਆ ਜਾਵੇਗਾ ਤਾਂ ਜੋ ਬਜ਼ੁਰਗ ਲੋਕ ‘ਇਕੱਲਤਾ’ ਨੂੰ ਖ਼ਤਮ ਕਰਨ ਲਈ ਇਕੱਠੇ ਹੋ ਕੇ ਵਿਚਾਰ-ਵਟਾਂਦਰਾ ਕਰ ਸਕਣ। 

ਡਾ. ਬਲਜੀਤ ਕੌਰ ਨੇ ਕਿਹਾ ਕਿ ਮਾਨਸਾ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਜਲਦ ਹੀ ਨਵੇਂ ਬਿਰਧ ਘਰ ਬਣਾਏ ਜਾਣਗੇ ਜਿੱਥੇ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਇਲਾਵਾ ਸੂਬੇ ਵਿੱਚ 10 ਜ਼ਿਲ੍ਹਿਆਂ ਵਿੱਚ ਬਿਰਧ ਆਸ਼ਰਮਾਂ ਲਈ ਨਵੀਆਂ ਇਮਾਰਤਾਂ ਵੀ ਬਣਨਗੀਆਂ, ਜਿਸ ਸਬੰਧੀ ਬਜਟ ਵੀ ਮਨਜ਼ੂਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਦੇ ਬਜ਼ੁਰਗਾਂ ਨੂੰ ਬਿਹਤਰ ਜੀਵਨ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਬੁਢਾਪਾ ਪੈਨਸ਼ਨ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਬਣਾਇਆ ਗਿਆ ਹੈ।

ਇਸ ਦੌਰਾਨ ਡਾਇਰੈਕਟਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਕਿਹਾ ਕਿ ਬਜ਼ੁਰਗਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਤੇਜ਼ ਰਫ਼ਤਾਰ ਨਾਲ ਕਰਨ ਲਈ ਸਰਕਾਰ ਨੇ ਉਨ੍ਹਾਂ ਲਈ ਟੋਲ-ਫ੍ਰੀ ਹੈਲਪਲਾਈਨ ਨੰਬਰ 14567 ਸ਼ੁਰੂ ਕੀਤਾ ਹੈ ਅਤੇ ਹੈਲਪਲਾਈਨ ਰਾਹੀਂ ਬਜੁਰਗਾਂ ਦੀ ਸੇਵਾ ਕਰਕੇ ਉਨ੍ਹਾਂ ਨੂੰ ਜਲਦ ਸੇਵਾਵਾਂ ਅਤੇ ਸਹੂਲਤਾਂ ਯਕੀਨੀ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਉਹ ਹੈਲਪਲਾਈਨ ਦਾ ਵੱਧ ਤੋਂ ਵੱਧ ਲਾਭ ਉਠਾਉਣ ਜਦੋਂ ਵੀ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਕੋਈ ਮੁਸ਼ਕਲ ਆਉਂਦੀ ਹੈ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੂੰ ਪਹਿਲੀ ਵਾਰ ਲੁਧਿਆਣਾ ਪਹੁੰਚਣ ‘ਤੇ ਕਮਿਸ਼ਨਰੇਟ ਪੁਲਿਸ ਵੱਲੋਂ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।

ਇਸ ਮੌਕੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ. ਹਰਭੁਪਿੰਦਰ ਸਿੰਘ ਧਰੌੜ, ‘ਆਪ’ ਦੇ ਸੀਨੀਅਰ ਆਗੂ ਮਾਸਟਰ ਹਰੀ ਸਿੰਘ, ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

————

Spread the love

Leave a Reply

Your email address will not be published. Required fields are marked *

Back to top button