ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਭਗਵੰਤ ਮਾਨ ਸਰਕਾਰ ਸੰਜੀਦਾ-ਚੇਤਨ ਸਿੰਘ ਜੌੜਾਮਾਜਰਾ
ਪਟਿਆਲਾ, 1 ਅਕੂਤਬਰ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬੇ ਦੇ ਵਸਨੀਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਸੰਜੀਦਾ ਹੈ। ਜੌੜਾਮਾਜਰਾ ਨੇ ਅੱਜ ਕੌਮੀ ਸਵੈਇੱਛੁਕ ਖ਼ੂਨਦਾਨ ਦਿਵਸ ਮੌਕੇ ਪਟਿਆਲਾ ਵਿਖੇ ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ਨ ਕੌਂਸਲ ਵੱਲੋਂ ਕਰਵਾਏ ਰਾਜ ਪੱਧਰੀ ਸਨਮਾਨ ਸਮਾਰੋਹ ਮੌਕੇ ਰਾਜ ਭਰ ਦੀਆਂ ਖ਼ੂਨਦਾਨੀ ਸੰਸਥਾਵਾਂ ਤੇ ਸਵੈਇੱਛੁਕ ਖ਼ੂਨਦਾਨੀਆਂ ਅਤੇ ਬਲੱਡ ਬੈਂਕਾਂ ਨੂੰ ਸਨਮਾਨਤ ਕੀਤਾ।
ਚੇਤਨ ਸਿੰਘ ਜੌੜਾਮਾਜਰਾ, ਜ਼ਿਨ੍ਹਾਂ ਕੋਲ ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਵਿਭਾਗ ਵੀ ਹਨ, ਨੇ ਕਿਹਾ ਕਿ ਪੰਜਾਬ ਸਰਕਾਰ, ਖ਼ੂਨਦਾਨੀਆਂ ਦੀ ਇੱਕ ਸੂਬਾ ਪੱਧਰੀ ਡਾਇਰੈਕਟਰੀ ਤਿਆਰ ਕਰਵਾਏਗੀ ਤਾਂ ਕਿ ਲੋੜ ਪੈਣ ‘ਤੇ ਖ਼ੂਨਦਾਨੀਆਂ ਨਾਲ ਸੰਪਰਕ ਕੀਤਾ ਸਕੇ। ਜੌੜਾਮਾਜਰਾ ਨੇ ਖ਼ੂਨਦਾਨੀਆਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਸਾਡੇ ਥੈਲਾਸੀਮਿਕ ਬੱਚਿਆਂ ਲਈ ਤਾਂ ਖ਼ੂਨਦਾਨ ਵਰਦਾਨ ਹੈ ਹੀ ਪਰੰਤੂ ਕਿਸੇ ਭਿਆਨਕ ਹਾਦਸੇ ਜਾਂ ਬਿਮਾਰੀ ਦੇ ਪੀੜਤਾਂ ਲਈ ਵੀ ਖ਼ੂਨਦਾਨ ਜੀਵਨ ਦਾਨ ਹੈ, ਇਸ ਲਈ ਹਰ 18 ਤੋਂ 65 ਸਾਲ ਦੀ ਉਮਰ ਦਾ ਤੰਦਰੁਸਤ ਨਾਗਰਿਕ ਖ਼ੂਨਦਾਨ ਜਰੂਰ ਕਰੇ ਤਾਂ ਕਿ ਸਵੈਇਛੱਕ ਖ਼ੂਨਦਾਨ ਮੁਹਿੰਮ ਵਿਚ ਪੰਜਾਬ ਨੂੰ ਅੱਵਲ ਦਰਜੇ ਦਾ ਸੂਬਾ ਬਣਾਇਆ ਜਾ ਸਕੇ।
ਸਿਹਤ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ 6 ਮਹੀਨੇ ਦੇ ਥੋੜੇ ਸਮੇਂ ‘ਚ ਹੀ ਸਿਹਤ ਖੇਤਰ ‘ਚ ਲਾਮਿਸਾਲ ਪ੍ਰਾਪਤੀਆਂ ਕੀਤੀਆਂ ਹਨ, ਜਿਨ੍ਹਾਂ ‘ਚ ਸੂਬੇ ਅੰਦਰ 16 ਮੈਡੀਕਲ ਕਾਲਜ ਖੋਲ੍ਹਣ ਦੀ ਪ੍ਰਕ੍ਰਿਆ ਅਰੰਭਣ ਤੋਂ ਇਲਾਵਾ ਆਮ ਆਦਮੀ ਕਲੀਨਿਕ, ਸੰਗਰੂਰ ਵਿਖੇ ਕੈਂਸਰ ਇਲਾਜ ਲਈ ਪੈਟ ਸਕੈਨ ਤੇ ਫ਼ਰੀਦਕੋਟ, ਅੰਮ੍ਰਿਤਸਰ ਅਤੇ ਪਟਿਆਲਾ ਦੇ ਮੈਡੀਕਲ ਕਾਲਜਾਂ ‘ਚ ਵਿਆਪਕ ਸੁਧਾਰਾਂ ਤੋਂ ਇਲਾਵਾ ਹੋਰ ਬਹੁਤ ਕੁਝ ਸ਼ਾਮਲ ਹੈ।
ਇਸ ਮੌਕੇ ਵਿਧਾਇਕ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਖ਼ੂਨਦਾਨੀਆਂ ਦੇ ਹੌਂਸਲੇ ਨੂੰ ਸਲਾਮ ਕਰਦੀ ਹੋਈ ਇਨ੍ਹਾਂ ਦੇ ਮਾਣ-ਸਨਮਾਨ ‘ਚ ਕੋਈ ਕਮੀ ਨਹੀਂ ਆਉਣ ਦੇਵੇਗੀ। ਉਨ੍ਹਾਂ ਨੇ ਆਪਣੇ ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ਨ ਕੌਂਸਲ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਮੈਂਬਰ ਸਕੱਤਰ ਹੋਣ ਸਮੇਂ ਕੀਤੇ ਕਾਰਜ ਗਿਣਾਉਂਦਿਆਂ ਕਿਹਾ ਕਿ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਰਹਿ ਗਏ ਅਧੂਰੇ ਕਾਰਜਾਂ ਨੂੰ ਪੂਰੇ ਕਰਨਗੇ।
ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਤੇ ਪ੍ਰਾਜੈਕਟ ਡਾਇਰੈਕਟਰ ਨੀਲਿਮਾ ਨੇ ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ਨ ਕੌਂਸਲ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਕਾਰਜਾਂ ਬਾਬਤ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਦਿਵਸ ਸਵੈਇੱਛੁਕ ਖ਼ੂਨਦਾਨ ਨੂੰ ਪ੍ਰੋਤਸਾਹਿਤ ਕਰਨ ਤੇ ਸਿਹਤਮੰਦ ਵਿਅਕਤੀਆਂ ਨੂੰ ਨਿਯਮਤ ਖ਼ੂਨਦਾਨ ਕਰਨ ਲਈ ਉਤਸਾਹਿਤ ਕਰਨ ਲਈ ਮਨਾਇਆ ਜਾਂਦਾ ਹੈ।ਵਧੀਕ ਪ੍ਰਾਜੈਕਟ ਡਾਇਰੈਕਟਰ ਡਾ. ਬੋਬੀ ਗੁਲਾਟੀ ਨੇ ਸਵਾਗਤ ਕੀਤਾ। ਇਸ ਮੌਕੇ ਸੋਵੀਨਰ ਵੀ ਜਾਰੀ ਕੀਤਾ ਗਿਆ।
ਸਮਾਗਮ ਵਿੱਚ ਵਿਧਾਇਕ ਡਾ. ਬਲਬੀਰ ਸਿੰਘ ਤੇ ਗੁਰਦੇਵ ਸਿੰਘ ਦੇਵ ਮਾਨ, ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਨੀਲਿਮਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ, ਡਾਇਰੈਕਟਰ ਹੈਲਥ ਮਿਸ਼ਨ ਡਾ. ਦਿਲਬਾਗ ਸਿੰਘ, ਸੰਯੁਕਤ ਡਾਇਰੈਕਟਰ ਡਾ. ਸੁਖਵਿੰਦਰ ਸਿੰਘ, ਸਿਵਲ ਸਰਜਨ ਡਾ. ਰਾਜੂ ਧੀਰ, ਆਪ ਪਾਰਟੀ ਦੇ ਸੂਬਾ ਸਕੱਤਰ ਜਰਨੈਲ ਸਿੰਘ ਮੰਨੂ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਤੋਂ ਇਲਾਵਾ ਰਾਜ ਭਰ ਤੋਂ ਆਏ ਖ਼ੂਨਦਾਨੀ ਤੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਇਸ ਦੌਰਾਨ ਪਿੱਛਲੇ ਸਾਲ 1000 ਤੋਂ ਵੱਧ ਬਲੱਡ ਯੂਨਿਟਾਂ ਦਾ ਪ੍ਰਬੰਧ ਕਰਕੇ ਵੱਖ-ਵੱਖ ਬਲੱਡ ਸੈਂਟਰਾਂ ਨੂੰ ਦੇਣ ਵਾਲੀਆਂ ਪੰਜਾਬ ਦੀਆਂ 15 ਸਵੈਇੱਛਾ ਨਾਲ ਖ਼ੂਨਦਾਨ ਕਰਨ ਵਾਲੀਆਂ ਸੰਸਥਾਵਾਂ ਸ੍ਰੀ ਰਾਮ ਕ੍ਰਿਪਾ ਸੇਵਾ ਸੰਗ ਸੋਸਾਇਟੀ, ਫਾਜ਼ਿਲਕਾ ਨੇ 5002 ਬਲੱਡ ਯੂਨਿਟ ਇੱਕਠੇ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, 75 ਤੋਂ ਵੱਧ ਵਾਰ ਖ਼ੂਨਦਾਨ ਕਰਨ ਵਾਲੇ 19 ਪੁਰਸ਼ ਖ਼ੂਨਦਾਨੀਆਂ ਸਮੇਤ 194 ਵਾਰ ਖ਼ੂਨਦਾਨ ਕਰਕੇ ਪੰਜਾਬ ਭਰ ‘ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਜਲੰਧਰ ਵਾਸੀ ਕਸ਼ਮੀਰਾ ਬੰਗਾ ਅਤੇ 10 ਤੋਂ ਵੱਧ ਵਾਰ ਖ਼ੂਨਦਾਨ ਕਰਨ ਵਾਲੀਆਂ 11 ਮਹਿਲਾ ਖ਼ੂਨਦਾਨੀਆਂ ਸਮੇਤ 65 ਵਾਰ ਖੂਨ ਦਾਨ ਕਰਕੇ ਪੰਜਾਬ ਭਰ ‘ਚ ਪਹਿਲਾ ਸਥਾਨ ਬਠਿੰਡਾ ਵਾਸੀ ਸ਼ੀਲਾ ਦੇਵੀ ਨੂੰ ਸਨਮਾਨਤ ਕੀਤਾ ਗਿਆ।
ਇਸ ਤੋਂ ਬਿਨ੍ਹਾਂ 3 ਸਰਕਾਰੀ ਮੈਡੀਕਲ ਕਾਲਜਾਂ (ਰਾਜਿੰਦਰਾ ਹਸਪਤਾਲ, ਪਟਿਆਲਾ, ਮੈਡੀਕਲ ਕਾਲਜ, ਅੰਮ੍ਰਿਤਸਰ ਅਤੇ ਮੈਡੀਕਲ ਕਾਲਜ, ਫਰੀਦਕੋਟ) ਦੀਆਂ ਬੀ.ਟੀ.ਐਸ. ਵਿੱਚ ਦਿਤੀਆ ਜਾ ਰਹੀ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ, ਮੈਡੀਕਲ ਕਾਲਜ, ਪਟਿਆਲਾ ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ। ਜਦਕਿ 3 ਸਰਕਾਰੀ ਬਲੱਡ ਸੈਂਟਰ, ਫਾਜ਼ਿਲਕਾ, ਸ੍ਰੀ ਅਨੰਦਪੁਰ ਸਾਹਿਬ, ਮੋਹਾਲੀ ਅਤੇ 6 ਸਰਕਾਰੀ ਬਲੱਡ ਕੰਪੋਨੈਂਟ ਸੈਪਰੈਸ਼ਨ ਯੂਨਿਟਾਂ, ਲੁਧਿਆਣਾ, ਜਲੰਧਰ, ਸੰਗਰੂਰ, ਰੋਪੜ, ਮਾਨਸਾ ਅਤੇ ਤਰਨ-ਤਾਰਨ ਨੂੰ ਵੀ ਸਨਮਾਨਿਤ ਕੀਤਾ ਗਿਆ।