Punjab-ChandigarhTop News

ਟਰਾਂਸਪੋਰਟ ਮੰਤਰੀ ਵੱਲੋਂ ਪੱਟੀ ਤੋਂ ਚੰਡੀਗੜ੍ਹ ਲਈ ਵਾਲਵੋ ਬੱਸ ਸੇਵਾ ਦੀ ਸ਼ੁਰੂਆਤ


ਚੰਡੀਗੜ੍ਹ, 8 ਸਤੰਬਰ:

ਸਰਹੱਦੀ ਕਸਬੇ ਪੱਟੀ ਤੋਂ ਚੰਡੀਗੜ੍ਹ ਲਈ ਸਿੱਧੀ ਏ.ਸੀ. ਬੱਸ ਦੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਪੱਟੀ ਤੋਂ ਚੰਡੀਗੜ੍ਹ ਲਈ ਏ.ਸੀ. ਵਾਲਵੋ ਬੱਸ ਸੇਵਾ ਦੀ ਸ਼ੁਰੂਆਤ ਕੀਤੀ।

ਪੱਟੀ ਬੱਸ ਸਟੈਂਡ ਤੋਂ ਚੰਡੀਗੜ੍ਹ ਲਈ ਵਾਲਵੋ ਬੱਸ ਨੂੰ ਹਰੀ ਝੰਡੀ ਵਿਖਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਬੱਸ ਸਵੇਰੇ 4.30 ਵਜੇ ਪੱਟੀ ਤੋਂ ਵਾਇਆ ਅੰਮ੍ਰਿਤਸਰ, ਜਲੰਧਰ ਹੁੰਦਿਆਂ 10.00 ਵਜੇ ਚੰਡੀਗੜ੍ਹ ਪੁੱਜੇਗੀ ਅਤੇ ਚੰਡੀਗੜ੍ਹ ਤੋਂ ਸ਼ਾਮ 5.40 ਵਜੇ ਉਸੇ ਰਸਤੇ ਵਾਪਸੀ ਕਰੇਗੀ ਅਤੇ ਕਰੀਬ 10.30 ਵਜੇ ਪੱਟੀ ਪਹੁੰਚੇਗੀ। ਉਨ੍ਹਾਂ ਕਿਹਾ ਕਿ ਵਾਪਸੀ ਦਾ ਸਮਾਂ 5.40 ਇਸ ਲਈ ਰੱਖਿਆ ਗਿਆ ਹੈ ਤਾਂ ਜੋ ਲੋਕ ਸਰਕਾਰੀ ਦਫ਼ਤਰਾਂ ਦਾ ਸਮਾਂ ਖ਼ਤਮ ਹੋਣ ਤੋਂ ਉਪਰੰਤ ਆਸਾਨੀ ਨਾਲ ਵਾਲਵੋ ਬੱਸ ਸੇਵਾ ਦਾ ਲਾਹਾ ਲੈ ਸਕਣ। ਉਨ੍ਹਾਂ ਕਿਹਾ ਕਿ ਵਾਲਵੋ ਬੱਸ ਦਾ ਪੱਟੀ ਤੋਂ ਚੰਡੀਗੜ੍ਹ ਦਾ ਇੱਕ ਪਾਸੇ ਦਾ ਕਿਰਾਇਆ 770 ਰੁਪਏ ਹੋਵੇਗਾ।

ਮੰਤਰੀ ਨੇ ਕਿਹਾ ਕਿ ਪੱਟੀ ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿਚਲੇ ਤਾਕਤਵਰ ਲੋਕਾਂ ਨੇ ਨਿੱਜੀ ਮੁਫ਼ਾਦਾਂ ਕਾਰਨ ਕਦੇ ਪੱਟੀ ਤੋਂ ਵਾਲਵੋ ਬੱਸ ਨੂੰ ਚਲਣ ਨਹੀਂ ਦਿੱਤਾ।

ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸਰਕਾਰ ਨੇ ਪ੍ਰਾਈਵੇਟ ਬੱਸ ਮਾਫ਼ੀਆ ਦਾ ਲੱਕ ਤੋੜਦਿਆਂ ਪੰਜਾਬ ਤੋਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੱਕ ਤਿੰਨ ਗੁਣਾਂ ਘੱਟ ਕਿਰਾਏ ‘ਤੇ ਬੱਸ ਸੇਵਾ ਸ਼ੁਰੂ ਕੀਤੀ ਹੈ ਅਤੇ ਹੁਣ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਰੀਬ 20 ਬੱਸਾਂ ਦਿੱਲੀ ਹਵਾਈ ਅੱਡੇ ਨੂੰ ਚਲਦੀਆਂ ਹਨ ਜਿਸ ਨਾਲ ਇਕ ਹੀ ਪਰਿਵਾਰ ਦੀਆਂ ਬੱਸਾਂ ਦੇ ਰੋਜ਼ਾਨਾ ਦੇ 80 ਟਾਈਮ ਘੱਟ ਕੇ 20 ਰਹਿ ਗਏ ਹਨ। 

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਮਾਨ ਸਰਕਾਰ ਆਉਣ ਸਦਕਾ ਸਾਰੇ ਲੋਕ ਭਲਾਈ ਦੇ ਕੰਮ ਸੰਭਵ ਹੋ ਰਹੇ ਹਨ ਅਤੇ ਸਰਕਾਰ ਇਸ ਦਿਸ਼ਾ ਵਿੱਚ ਨਿਰੰਤਰ ਯਤਨਸ਼ੀਲ ਰਹੇਗੀ।

ਉਨ੍ਹਾਂ ਕਿਹਾ ਕਿ ਛੇਤੀ ਹੀ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ 219 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ ਅਤੇ ਥੋੜ੍ਹੇ ਦਿਨਾਂ ਵਿਚ ਹੀ ਡਰਾਈਵਰਾਂ ਅਤੇ ਕੰਡਕਟਰਾਂ ਦੀ ਕਮੀ ਪੂਰੀ ਕੀਤੀ ਜਾਵੇਗੀ ਜਿਸ ਨਾਲ ਪੰਜਾਬ ਦੀਆਂ ਸੜਕਾਂ ਉਤੇ ਸਰਕਾਰੀ ਬੱਸਾਂ ਦੀ ਆਮਦ ਹੋਰ ਵੱਧ ਜਾਵੇਗੀ।

Spread the love

Leave a Reply

Your email address will not be published. Required fields are marked *

Back to top button