ਗਿ੍ਰਫਤਾਰ ਕੀਤੇ ਗਏ ਤਿੰਨ ਵਿਅਕਤੀ ਕੈਨੇਡਾ ਅਧਾਰਤ ਗੈਂਗਸਟਰ ਲਖਬੀਰ ਲੰਡਾ ਅਤੇ ਪਾਕਿਸਤਾਨ ਅਧਾਰਤ ਗੈਂਗਸਟਾਰ ਹਰਵਿੰਦਰ ਰਿੰਦਾ ਨਾਲ ਸਿੱਧੇ ਸੰਪਰਕ ਵਿੱਚ ਸਨ : ਡੀ.ਜੀ.ਪੀ. ਪੰਜਾਬ
ਚੰਡੀਗੜ/ਤਰਨਤਾਰਨ, 8 ਸਤੰਬਰ:
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸੁਰੂ ਕੀਤੀ ਗਈ ਫੈਸਲਾਕੁੰਨ ਜੰਗ ਤਹਿਤ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਅਤੇ ਪਾਕਿਸਤਾਨ ਸਥਿਤ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਵੱਲੋਂ ਸਾਂਝੇ ਤੌਰ ‘ਤੇ ਚਲਾਏ ਜਾ ਰਹੇ ਆਈਐਸਆਈ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਪੰਜਾਬ ਪੁਲਿਸ ਨੇ ਉਨਾਂ ਦੇ ਤਿੰਨ ਨਜ਼ਦੀਕੀ ਸਾਥੀਆਂ ਨੂੰ ਗਿ੍ਰਫਤਾਰ ਕੀਤਾ ਹੈ। ਇਸ ਤੋਂ ਇਲਾਵਾ ਘੱਟੋ-ਘੱਟ 25 ਹੋਰ ਸਾਥੀਆਂ ਦੀ ਪਛਾਣ ਕੀਤੀ ਗਈ ਹੈ ,ਜੋ ਪੰਜਾਬ ਅਤੇ ਨੇੜੇ-ਤੇੜੇ ਦੇ ਰਾਜਾਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਉਨਾਂ ਦੀ ਮਦਦ ਕਰ ਰਹੇ ਸਨ।
ਡੀ.ਜੀ.ਪੀ. ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਹਾਲ ਹੀ ’ਚ ਹਰਿਆਣਾ ਦੇ ਕੁਰੂਕਸ਼ੇਤਰ ਦੇ ਸ਼ਾਹਬਾਦ ਖੇਤਰ ਵਿੱਚ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਪਲਾਂਟ ਕਰਨ ਵਾਲਾ ਮੁੱਖ ਦੋਸ਼ੀ ਵੀ ਸ਼ਾਮਲ ਹੈ, ਜਿਸ ਦੀ ਪਛਾਣ ਤਰਨਤਾਰਨ ਦੇ ਪਿੰਡ ਭੱਠਲ ਸਹਿਜਾ ਸਿੰਘ ਵਾਸੀ ਨਛੱਤਰ ਸਿੰਘ ਉਰਫ ਮੋਤੀ ਵਜੋਂ ਹੋਈ ਹੈ। ਇਸ ਅੱਤਵਾਦੀ ਮਾਡਿਊਲ ਦਾ ਹਰਿਆਣਾ ਪੁਲਿਸ ਨੇ ਪਰਦਾਫਾਸ਼ ਕੀਤਾ ਸੀ।
ਉਨਾਂ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਦੋ ਹੋਰ ਮੁਲਜ਼ਮਾਂ ਦੀ ਪਛਾਣ ਸੁਖਦੇਵ ਸਿੰਘ ਉਰਫ ਸ਼ੇਰਾ ਵਾਸੀ ਪਿੰਡ ਗੰਡੀਵਿੰਡ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਉਰਫ ਬਿੱਲਾ ਵਾਸੀ ਪਿੰਡ ਨੌਸ਼ਹਿਰਾ ਪੰਨੂਆਂ ਜਿਲਾ ਤਰਨਤਾਰਨ ਵਜੋਂ ਹੋਈ ਹੈ।
ਪੁਲਿਸ ਨੇ ਇਨਾਂ ਕੋਲੋਂ 1.5 ਕਿਲੋ ਵਜ਼ਨ ਵਾਲੇ ਆਰ.ਡੀ.ਐਕਸ ਨਾਲ ਲੈਸ ਇੱਕ ਆਈਈਡੀ ਸਮੇਤ ਡੈਟੋਨੇਟਰ , .30 ਬੋਰ ਅਤੇ .315 ਬੋਰ ਸਮੇਤ ਦੋ ਪਿਸਤੌਲਾਂ ਸਮੇਤ 8 ਜਿੰਦਾ ਕਾਰਤੂਸ ਅਤੇ ਬਿਨਾਂ ਰਜਿਸਟ੍ਰੇਸਨ ਨੰਬਰ ਵਾਲਾ ਇਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈ।
ਮੁੱਢਲੀ ਜਾਂਚ ਅਨੁਸਾਰ, ਡੀਜੀਪੀ ਨੇ ਕਿਹਾ ਕਿ ਇਹ ਸਾਹਮਣੇ ਆਇਆ ਹੈ ਕਿ ਤਿੰਨੇ ਮੁਲਜ਼ਮ ਲਖਬੀਰ ਲੰਡਾ ਦੇ ਸਿੱਧੇ ਸੰਪਰਕ ਵਿੱਚ ਸਨ ਅਤੇ ਫਿਰੌਤੀ , ਵੱਡੇ ਪੱਧਰ ‘ਤੇ ਸਰਹੱਦ ਪਾਰੋਂ ਹਥਿਆਰਾਂ, ਵਿਸਫੋਟਕਾਂ ਤੇ ਨਸ਼ਿਆਂ ਦੀ ਤਸਕਰੀ ਕਰਨ ਦੇ ਮਾਮਲੇ ਵਿੱਚ ਸ਼ਾਮਲ ਸਨ।
ਇਹ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਨੂੰ ਨਸ਼ਾ ਅਤੇ ਅਪਰਾਧ ਮੁਕਤ ਸੂਬਾ ਬਣਾਉਣ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਚਲਾਈ ਜਾ ਰਹੀ ਜੰਗ ਦੌਰਾਨ ਅਮਲ ਵਿੱਚ ਲਿਆਂਦੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਤਰਨਤਾਰਨ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਥਾਣਾ ਸਰਹਾਲੀ ਦੀ ਪੁਲਿਸ ਟੀਮ ਨੇ ਨਾਕਾ ਲਾਕੇ ਤਿੰਨ ਮੁਲਜਮਾਂ ਨੂੰ ਕਾਬੂ ਕਰਕੇ ਉਨਾਂ ਦੇ ਕਬਜੇ ‘ਚੋਂ ਦੋ ਪਿਸਤੌਲ ਬਰਾਮਦ ਕੀਤੇ ਹਨ। ਉਨਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਨਛੱਤਰ ਸਿੰਘ ਵਲੋਂ ਕੀਤੇ ਖੁਲਾਸਿਆਂ ਦੇ ਆਧਾਰ ‘ਤੇ ਪੁਲਿਸ ਟੀਮਾਂ ਨੇ ਤਰਨਤਾਰਨ ਦੇ ਪਿੰਡ ਰੱਤੋਕੇ ਦੇ ਬਾਹਰਵਾਰ ਛੁਪਾਇਆ ਇੱਕ ਆਈ.ਈ.ਡੀ. ਵੀ ਬਰਾਮਦ ਕੀਤਾ ਹੈ।
ਐਸਐਸਪੀ ਨੇ ਦੱਸਿਆ ਕਿ ਲੰਡਾ-ਰਿੰਦਾ ਗਿਰੋਹ ਦਾ 40-50 ਦੇ ਕਰੀਬ ਵਿਅਕਤੀਆਂ ਦਾ ਨੈੱਟਵਰਕ ਹੈ, ਜਿਨਾਂ ਵਿੱਚੋਂ ਪੁਲੀਸ ਪਹਿਲਾਂ ਹੀ ਇਸ ਗਰੋਹ ਦੇ 25 ਕਾਰਕੁਨਾਂ ਦੀ ਪਛਾਣ ਕਰ ਲਈ ਹੈ ਅਤੇ ਉਨਾਂ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਜਾਰੀ ਹੈ। ਉਨਾਂ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਹਥਿਆਰਾਂ ਅਤੇ ਵਿਸਫੋਟਕਾਂ ਦੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ।
ਦੱਸਣਯੋਗ ਹੈ ਕਿ ਇਸ ਸਬੰਧੀ ਤਰਨਤਾਰਨ ਦੇ ਥਾਣਾ ਸਰਹਾਲੀ ਵਿਖੇ ਆਈਪੀਸੀ ਦੀ ਧਾਰਾ 389, ਵਿਸਫੋਟਕ ਐਕਟ ਦੀ ਧਾਰਾ 25(6), 26(7)(1), 4 ਅਤੇ 5 ਅਤੇ ਐਨਡੀਪੀਐਸ ਐਕਟ ਦੀ ਧਾਰਾ 21, 31-59-85 ਤਹਿਤ ਐਫਆਈਆਰ ਨੰ. 142 ਦਰਜ ਹੈ।