ਸਰਕਾਰੀ ਬਹੁਤਕਨੀਕੀ ਕਾਲਜ ਦੇ ਵਿਦਿਆਰਥੀਆਂ ਵੋਟਰ ਜਾਗਰੂਕਤਾ ਦਾ ਸੁਨੇਹਾ ਦਿੰਦਾ ਕੈਂਡਲ ਮਾਰਚ ਕੱਢਿਆ
ਪਟਿਆਲਾ, 14 ਮਈ:
ਸਰਕਾਰੀ ਬਹੁਤਕਨੀਕੀ ਕਾਲਜ, ਐਸ.ਐਸ.ਟੀ ਨਗਰ ਦੇ ਵਿਦਿਆਰਥੀਆ ਨੇ ਵਧੀਕ ਡਿਪਟੀ ਕਮਿਸ਼ਨਰ ਕਮ ਏ.ਆਰ.ਓ-110 ਨਵਰੀਤ ਕੌਰ ਸੇਖੋਂ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਵੋਟਰ ਜਾਗਰੂਕਤਾ ਦੇ ਲਈ ਐਸ.ਐਸ.ਟੀ ਨਗਰ, ਪਟਿਆਲਾ ਵਿਖੇ ਕੈਂਡਲ ਮਾਰਚ ਕੱਢਿਆ ਗਿਆ। ਇਸ ਕੈਂਡਲ ਮਾਰਚ ਦਾ ਆਯੋਜਨ ਸਵੀਪ ਨੋਡਲ ਅਫ਼ਸਰ, ਪਟਿਆਲਾ ਦਿਹਾਤੀ ਨਰਿੰਦਰ ਸਿੰਘ ਢੀਂਡਸਾ ਨੇ ਕਰਵਾਇਆ।
ਐਸ.ਐਸ.ਟੀ ਨਗਰ ਵਿਖੇ ਪਿਛਲੀਆਂ ਚੋਣਾਂ ਦੇ ਡਾਟਾ ਅਨੁਸਾਰ 3 ਬੂਥ ਸੰਵੇਦਨਸ਼ੀਲ ਬੂਥ ਦੀ ਸੂਚੀ ਵਿੱਚ ਆਉਂਦੇ ਸਨ। ਇਸ ਲਈ ਐਸ.ਐਸ.ਟੀ ਨਗਰ ਮਾਰਕੀਟ, ਗੋਬਿੰਦ ਨਗਰ ਅਤੇ ਐਸ.ਐਸ.ਟੀ ਨਗਰ ਕਲੋਨੀ ਵਿਖੇ ਇਸ ਕੈਂਡਲ ਮਾਰਚ ਰਾਹੀਂ ਅਮਨ ਸ਼ਾਂਤੀ ਬਣਾਏ ਰੱਖਦੇ ਹੋਏ ਚੋਣਾਂ ਦੇ ਵਿੱਚ ਹਿੱਸਾ ਲੈਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਤੇ ਸਰਕਾਰੀ ਬਹੁਤਕਨੀਕੀ ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ, ਹੋਸਟਲ ਵਾਰਡਨ ਅਮਨਪ੍ਰੀਤ ਕੌਰ, ਹਰਜੀਤ ਸਿੰਘ, ਕਰਮਜੀਤ ਕੌਰ, ਅੰਮ੍ਰਿਤਪਾਲ ਕੌਰ ਅਤੇ ਗਗਨਦੀਪ ਸਿੰਘ ਨੇ ਵੀ ਇਸ ਮਾਰਚ ਵਿੱਚ ਹਿੱਸਾ ਲਿਆ। ਪ੍ਰਿੰਸੀਪਲ ਨੇ ਵਿਦਿਆਰਥੀਆ ਨੂੰ ਹਰ ਇੱਕ ਚੋਣਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ ਅਤੇ ਉਨ੍ਹਾਂ ਨੂੰ ਸਮਝਾਉਂਦੇ ਹੋਏ ਦੱਸਿਆ ਕਿ ਵੋਟ ਦਾ ਭੁਗਤਾਨ ਕਰਨਾ ਆਜ਼ਾਦੀ ਦੇ ਯੋਧਿਆ ਨੂੰ ਸ਼ਰਧਾਂਜਲੀ ਦੇਣ ਸਮਾਨ ਹੈ।
ਇਸ ਮੌਕੇ ਤੇ ਸਵੀਪ ਨੋਡਲ ਅਫ਼ਸਰ ਨਰਿੰਦਰ ਸਿੰਘ ਢੀਂਡਸਾ ਨੇ ਮੁੱਖ ਚੋਣ ਅਫ਼ਸਰ ਪੰਜਾਬ ਅਤੇ ਜ਼ਿਲ੍ਹਾ ਚੋਣ ਅਫ਼ਸਰ, ਪਟਿਆਲਾ ਦੇ ਸੁਨੇਹੇ “ਇਸ ਵਾਰ, 70 ਪਾਰ” ਬਾਰੇ ਦੱਸਿਆ ਅਤੇ ਵਿਦਿਆਰਥੀਆ ਨੂੰ ਆਪਣੀ ਵੋਟ, ਆਪਣੇ ਪਰਿਵਾਰ ਦੇ ਵੋਟ ਅਤੇ ਗਲੀ ਮੁਹੱਲੇ ਵਿੱਚ ਹਰ ਇੱਕ ਪਰਿਵਾਰ ਨੂੰ ਵੋਟਾਂ ਵਾਲੇ ਦਿਨ ਆਪ ਦੀ ਵੋਟ ਭੁਗਤਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ। ਇਸ ਮੌਕੇ ਤੇ ਹੋਸਟਲ ਦੀ ਹੈਡ ਗਰਲ ਜਸਪ੍ਰੀਤ ਕੌਰ ਨੇ ਮਾਰਚ ਤੋਂ ਬਾਅਦ ਪ੍ਰਿੰਸੀਪਲ ਸਾਹਿਬ ਰਵਿੰਦਰ ਸਿੰਘ ਹੁੰਦਲ ਅਤੇ ਸਵੀਪ ਨੋਡਲ ਅਫ਼ਸਰ ਨਰਿੰਦਰ ਸਿੰਘ ਢੀਂਡਸਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਦੀ ਇਹ ਕੈਂਡਲ ਮਾਰਚ ਉਨ੍ਹਾਂ ਨੂੰ ਸਿਰਫ਼ ਇਹਨਾਂ ਚੋਣਾ ਵਿੱਚ ਹਿੱਸਾ ਲੈਣ ਲਈ ਨਹੀਂ ਪ੍ਰੇਰੇਗਾ ਪਰ ਅਗਲੀਆਂ ਹਰੇਕ ਚੋਣਾ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਕਰੇਗਾ। ਇਸ ਮੌਕੇ ਤੇ ਸਵੀਪ ਇੰਚਾਰਜ ਸ੍ਰੀ ਸਤਵੀਰ ਸਿੰਘ ਅਤੇ ਐਸ.ਐਸ.ਟੀ ਨਗਰ ਦੇ ਬੀ.ਐਲ.ਓ ਅਮਿਤ ਸ਼ਰਮਾ ਵੀ ਹਾਜ਼ਰ ਸਨ।