ਸਰਕਾਰੀ ਨਰਸਿੰਗ ਕਾਲਜ ਵਿੱਚ 6 ਮਈ ਤੋਂ 14 ਮਈ ਤੱਕ ਅੰਤਰਰਾਸ਼ਟਰੀ ਨਰਸ ਹਫ਼ਤਾ ਮਨਾਇਆ
ਪਟਿਆਲਾ, 14 ਮਈ:
ਸਰਕਾਰੀ ਕਾਲਜ ਆਫ਼ ਨਰਸਿੰਗ, ਪਟਿਆਲਾ ਵਿਖੇ 6 ਮਈ ਤੋਂ 14 ਮਈ ਤੱਕ ਅੰਤਰਰਾਸ਼ਟਰੀ ਨਰਸ ਹਫ਼ਤਾ ਪ੍ਰਿੰਸੀਪਲ ਡਾ. ਬਲਵਿੰਦਰ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਸਾਲ ਦੇ ਨਰਸ ਹਫ਼ਤੇ ਦਾ ਥੀਮ ‘ਸਾਡੀਆਂ ਨਰਸਾਂ ਸਾਡਾ ਭਵਿੱਖ: ਦੇਖਭਾਲ ਦੀ ਆਰਥਿਕ ਸ਼ਕਤੀ’ ਸੀ। ਪੂਰੇ ਹਫ਼ਤੇ ਦਾ ਜਸ਼ਨ ਇੱਕ ਵੱਡੀ ਸਫਲਤਾ ਸੀ ਜਿਸ ਵਿੱਚ ਬਹੁਤ ਸਾਰੇ ਨਵੇਂ ਸਿੱਖੇ ਗਏ ਤੱਥ ਸ਼ਾਮਲ ਸਨ। ਸਮਾਪਤੀ ਵਾਲੇ ਦਿਨ ਮੁੱਖ ਮਹਿਮਾਨ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਤੇ ਵਿਸ਼ੇਸ਼ ਮਹਿਮਾਨ ਵਜੋਂ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ, ਐਸ.ਓ.ਐਨ, ਐਮ.ਕੇ.ਐਚ, ਪਟਿਆਲਾ ਦੇ ਪ੍ਰਿੰਸੀਪਲ ਰਾਜਵਿੰਦਰ ਕੌਰ ਅਤੇ ਇੰਦਰਜੀਤ ਕੌਰ (ਐਨ.ਐਸ., ਰਜਿੰਦਰਾ ਹਸਪਤਾਲ) ਸਨ। ਇਸ ਮੌਕੇ ਫਸਟ ਏਡ ਅਤੇ ਸੀ.ਪੀ.ਆਰ. ਟ੍ਰੇਨਰ ਕਾਕਾ ਰਾਮ ਵਰਮਾ ਤੇ ਪੰਜਾਬ ਵਿੱਚ ਪਹਿਲੀ ਨੇਤਰਹੀਣ ਸਹਾਇਕ ਪ੍ਰੋਫੈਸਰ ਡਾ. ਕਿਰਨ ਕੁਮਾਰੀ ਵੀ ਮੌਜੂਦ ਸਨ।
ਪ੍ਰਿੰਸੀਪਲ ਡਾ. ਬਲਵਿੰਦਰ ਕੌਰ ਨੇ ਦੱਸਿਆ ਕਿ ਇਸ ਹਫ਼ਤੇ ਦੌਰਾਨ ਗਰਭ ਅਵਸਥਾ ਵਿੱਚ ਖੂਨ ਪੈਣਾ ਵਿਸ਼ੇ ‘ਤੇ ਸੈਮੀਨਾਰ ਤੇ ਕੁਇਜ਼ ਮੁਕਾਬਲਾ, ਫਸਟ ਏਡ ਐਮਰਜੈਂਸੀ ‘ਤੇ ਮੌਕ ਡਰਿੱਲ ਮੁਕਾਬਲਾ; ਖੇਡ ਦਿਵਸ; ਇੰਟਰ ਕਲਾਸ ਮੁਕਾਬਲਾ ਜਿਸ ਵਿੱਚ ਸੋਲੋ ਡਾਂਸ, ਬੇਸਟ ਆਊਟ ਆਫ ਵੇਸਟ, ਥੀਮ ‘ਤੇ ਕੋਲਾਜ ਮੇਕਿੰਗ, ਥੀਮ ‘ਤੇ ਸਟੋਨ ਪੇਂਟਿੰਗ ਅਤੇ ਰੀਲ ਮੇਕਿੰਗ ਮੁਕਾਬਲੇ, ਅਕਾਦਮਿਕ ਗਤੀਵਿਧੀਆਂ ਜਿਵੇਂ ਕਿ ਨਰਸ ਹਫ਼ਤੇ ਦੀ ਥੀਮ ‘ਤੇ ਭਾਸ਼ਣ ਤੇ ਨਰਸਿੰਗ ਦੇ ਸਕੋਪ ‘ਤੇ ਰੈਂਪ ਵਾਕ; ਸਰਵੋਤਮ ਕਲਾਸਰੂਮ ਜੱਜਮੈਂਟ ਦਿਵਸ ਅਤੇ 14 ਮਈ ਨੂੰ ਸਮਾਪਤੀ ਦਿਵਸ ਮਨਾਇਆ ਗਿਆ।ਨਰਸਿੰਗ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਡੇ ਦੀ ਥੀਮ ‘ਤੇ ਆਧਾਰਿਤ ਮਾਈਮ ਦਾ ਮੰਚਨ ਕਰਕੇ ਵੱਖ-ਵੱਖ ਗੀਤ, ਕੋਰੀਓਗ੍ਰਾਫੀ, ਸਕਿੱਟ ਤੇ ਗਿੱਧਾ ਪੇਸ਼ ਕੀਤਾ।
ਅੰਤ ਵਿੱਚ ਵੱਖ-ਵੱਖ ਗਤੀਵਿਧੀਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਕੋਆਰਡੀਨੇਟਰ ਅਮਨਦੀਪ ਕੌਰ, ਮਨਪ੍ਰਿਯਾ ਕੌਰ ਸਮੇਤ ਸਮੂਹ ਫੈਕਲਟੀ ਮੈਂਬਰਾਂ ਤੇ ਵਿਦਿਆਰਥੀਆਂ ਦੇ ਸਾਂਝੇ ਯਤਨਾਂ ਵਜੋਂ ਕੀਤਾ ਗਿਆ।