ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲੇ 16 ਵਿਅਕਤੀਆਂ ਦੇ ਕੱਟੇ ਚਲਾਨ
ਪਟਿਆਲਾ 19 ਮਈ:
31 ਮਈ ਨੂੰ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਉਣ ਸਬੰਧੀ ਮਨਾਏ ਜਾ ਰਹੇ ਪੰਦਰਵਾੜੇ ਤਹਿਤ ਸਿਵਲ ਸਰਜਨ ਡਾ. ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਸਹਾਇਕ ਸਿਹਤ ਅਫ਼ਸਰ ਡਾ. ਐਸ. ਜੇ. ਸਿੰਘ ਦੀ ਅਗਵਾਈ ਵਿੱਚ ਤੰਬਾਕੂ ਕੰਟਰੋਲ ਸੈਲ ਦੀ ਟੀਮ ਜਿਸ ਵਿੱਚ ਸਹਾਇਕ ਮਲੇਰੀਆ ਅਫ਼ਸਰ ਮਲਕੀਤ ਸਿੰਘ, ਸੈਨੇਟਰੀ ਇੰਸਪੈਕਟਰ ਅਨਿਲ ਕੁਮਾਰ ਵੱਲੋਂ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਤੇ 16 ਦੁਕਾਨਾਂ/ਖੋਖਿਆਂ ਦੇ ਚਲਾਨ ਕੱਟ ਕੇ 1450 ਰੁਪਏ ਜੁਰਮਾਨੇ ਵੱਜੋ ਵਸੂਲ ਕੀਤੇ ਗਏ।
ਜ਼ਿਲ੍ਹਾ ਸਹਾਇਕ ਸਿਹਤ ਅਫ਼ਸਰ ਡਾ. ਐਸ.ਜੇ. ਸਿੰਘ ਨੇ ਦੱਸਿਆਂ ਕਿ ਟੀਮ ਵੱਲੋਂ 22 ਨੰਬਰ ਪਾਟਕ, ਮੈਡੀਕਲ ਕਾਲਜ ਦੇ ਬਾਹਰ, ਸਮਾਣਾ ਚੁੰਗੀ, ਭੁਪਿੰਦਰਾ ਰੋਡ, ਭਾਦਸੋਂ ਰੋਡ, ਮਾਡਲ ਟਾਊਨ ਆਦਿ ਖੇਤਰਾਂ ਵਿੱਚ ਜਾ ਕੇ ਤੰਬਾਕੂ ਪਦਾਰਥਾਂ ਦੀ ਵਿੱਕਰੀ ਕਰ ਰਹੀਆਂ ਦੁਕਾਨਾਂ, ਖੋਖਿਆਂ ਅਤੇ ਜਨਤਕ ਥਾਂਵਾਂ ਆਦਿ ਦੀ ਚੈਕਿੰਗ ਕੀਤੀ ਅਤੇ ਚੈਕਿੰਗ ਦੌਰਾਨ ਮਨਾਹੀ ਦੇ ਬਾਵਜੂਦ ਦੁਕਾਨਦਾਰਾਂ ਵੱਲੋਂ ਖੁੱਲ੍ਹੀਆਂ ਸਿਗਰਟਾਂ ਦੀ ਵਿੱਕਰੀ ਕੀਤੀ ਜਾ ਰਹੀ ਸੀ। ਦੁਕਾਨਾਂ ’ਤੇ 18 ਸਾਲ ਤੋਂ ਘੱਟ ਉਮਰ ਦੇ ਬਾਲਗਾਂ ਨੂੰ ਤੰਬਾਕੂ ਨਾ ਵੇਚਣ ਅਤੇ ਪਿਕਟੋਰੀਅਲ ਚਿੰਨ੍ਹ ਵਾਲੇ ਸਾਈਨ ਬੋਰਡ ਨਹੀਂ ਲੱਗੇ ਹੋਏ ਸਨ। ਇਸ ਤਰਾਂ ਉਹਨਾਂ ਵੱਲੋ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕੀਤੀ ਜਾ ਰਹੀ ਸੀ। ਜਿਸ ਕਰਕੇ ਇਹ ਦੁਕਾਨਦਾਰ ਜੁਰਮਾਨਾ ਭਰਨ ਦੇ ਹੱਕਦਾਰ ਸਨ।
ਡਾ.ਐਸ.ਜੇ. ਸਿੰਘ ਨੇ ਕਿਹਾ ਕਿ ਤੰਬਾਕੂ ਪਦਾਰਥਾਂ ਦੀ ਵਿੱਕਰੀ ਕਰ ਰਹੇ ਸਮੂਹ ਦੁਕਾਨਦਾਰਾਂ ਨੂੰ ਤੰਬਾਕੂ ਕੰਟਰੋਲ ਨਿਯਮਾਂ ਦਾ ਪਾਲਣ ਜ਼ਰੂਰੀ ਹੈ ਤਾਂ ਜੋ ਉਕਤ ਕਾਨੂੰਨ ਨੂੰ ਲੋਕ ਹਿਤ ਦੇ ਮੱਦੇਨਜ਼ਰ ਰੱਖਦੇ ਹੋਏ ਲਾਗੂ ਕਰਵਾਇਆ ਜਾ ਸਕੇ।ਉਹਨਾਂ ਕਿਹਾ ਕਿ ਐਕਟ ਦੀ ਧਾਰਾ 6 ਅਨੁਸਾਰ ਵਿੱਦਿਅਕ ਅਦਾਰਿਆਂ ਦੇ 100 ਗਜ ਦੇ ਘੇਰੇ ਵਿਚ ਤੰਬਾਕੂ ਪਦਾਰਥਾਂ ਦੀ ਵਿੱਕਰੀ ਤੇ ਮਨਾਹੀ ਹੈ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਐਕਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਆਉਂਦੇ ਸਮੇਂ ਵਿਚ ਵੀ ਤੰਬਾਕੂ ਉਤਪਾਦਾਂ ਦੀ ਵਿੱਕਰੀ ਕਰ ਰਹੀਆਂ ਦੁਕਾਨਾਂ, ਖੋਖਿਆਂ, ਢਾਬੇ ਆਦਿ ਥਾਂਵਾਂ ਦੇ ਨਾਲ-ਨਾਲ ਹੋਟਲ, ਰੈਸਟੋਰੈਂਟ ਆਦਿ ਦੀ ਤੰਬਾਕੂ ਐਕਟ ਤਹਿਤ ਚੈਕਿੰਗ ਜਾਰੀ ਰਹੇਗੀ।