ਵਿੱਤ ਮੰਤਰੀ ਨਾਲ ਪੁਰਾਣੀ ਪੈਨਸ਼ਨ ਸਕੀਮ ਦੇ ਮੁੱਦੇ ਤੇ ਹੋਈ ਮੀਟਿੰਗ ,ਝੰਡਾ ਮਾਰਚ ਮੁਲਤਵੀ

ਪੁਰਾਣੀ ਪੈਨਸ਼ਨ ਬਹਾਲੀ ਲਈ ਸੀਪੀਐੱਫ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸੁਖਜੀਤ ਸਿੰਘ, ਰਣਬੀਰ ਸਿੰਘ ਢੰਡੇ ਜਨਰਲ ਸਕੱਤਰ, ਹਰਵੀਰ ਢੀਂਡਸਾ ਸੀਨੀਅਰ ਮੀਤ ਪ੍ਰਧਾਨ, ਪ੍ਰਭਜੋਤ ਸਿੰਘ ਮੀਤ ਪ੍ਰਧਾਨ, ਪਰਮਿੰਦਰ ਸਿੰਘ, ਦੀਦਾਰ ਸਿੰਘ ਜ਼ਿਲ੍ਹਾ ਪ੍ਰਧਾਨ ਸੰਗਰੂਰ, ਧਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਨਸਾ, ਅਮਨਿੰਦਰ ਸਿੰਘ ਸਹਾਇਕ ਪ੍ਰਰੈੱਸ ਸਕੱਤਰ, ਸੰਜੀਵ ਕੁਮਾਰ ਰੋਪੜ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਸਕੱਤਰੇਤ ਦਫਤਰ ਵਿਖੇ ਮੁਲਾਕਾਤ ਕੀਤੀ ਗਈ।
ਇਸ ਦੌਰਾਨ ਯੂਨੀਅਨ ਦੇ ਵਫਦ ਵੱਲੋਂ ਵਿੱਤ ਮੰਤਰੀ ਪੰਜਾਬ ਨੂੰ ਉਨਾਂ ਵੱਲੋਂ ਪਟਿਆਲ਼ਾ ਰੈਲੀ ‘ਚ ਪੁਰਾਣੀ ਪੈਨਸ਼ਨ ਬਹਾਲੀ ਦੇ ਕੀਤੇ ਗਏ ਵਾਅਦੇ ਨੂੰ ਯਾਦ ਕਰਵਾਉਂਦਿਆਂ ਪੁਰਾਣੀ ਪੈਨਸ਼ਨ ਸਕੀਮ ਦੇ ਲਾਭਾਂ ਤੇ ਨਵੀਂ ਪੈਨਸ਼ਨ ਸਕੀਮ ਦੇ ਨੁਕਸਾਨ ਬਾਰੇ ਵਿੱਤ ਮੰਤਰੀ ਤੇ ਅਧਿਕਾਰੀਆਂ ਨਾਲ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਜਥੇਬੰਦੀ ਵੱਲੋਂ ਆਪਣੇ ਤੌਰ ‘ਤੇ ਉਕਤ ਕਾਪੀਆਂ ਅਤੇ ਦਿੱਲੀ ਵਿਧਾਨ ਸਭਾ ਦਾ ਮਤਾ ਦਿੱਤਾ ਗਿਆ। ਜਿਸ ਉਪਰੰਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਜਲਦ ਹੀ ਰਾਜਸਥਾਨ ਤੇ ਛੱਤੀਸਗੜ੍ਹ ਸਰਕਾਰ ਦੇ ਪੁਰਾਣੀ ਪੈਨਸ਼ਨ ਸਕੀਮ ਸੰਬੰਧੀ ਲਏ ਗਏ ਫੈਸਲੇ ਦੀ ਕਾਪੀ ਸਰਕਾਰੀ ਤੌਰ ‘ਤੇ ਮੰਗਵਾ ਰਹੇ ਹਨ।

ਵਿੱਤ ਮੰਤਰੀ ਚੀਮਾ ਨੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਕੁਝ ਸਮਾਂ ਸਰਕਾਰ ਨੂੰ ਦਿੱਤਾ ਜਾਵੇ ਤਾਂ ਕਿ ਸਰਕਾਰ ਪੱਧਰ ‘ਤੇ ਜੋ ਵੀ ਕਾਰਵਾਈ ਕੀਤੀ ਜਾਣੀ ਹੈ, ਉਸ ਸੰਬੰਧੀ ਤਿਆਰੀ ਕੀਤਾ ਜਾ ਸਕੇ। ਵਿੱਤ ਮੰਤਰੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਪ੍ਰਤੀ ਹਾਂ-ਪੱਖੀ ਸਨ। ਸੁਖਾਵੇ ਮਹੌਲ ‘ਚ ਹੋਈ ਮੀਟਿੰਗ ਅਤੇ ਸਰਕਾਰ ਦੇ ਹਾਂ ਪੱਖੀ ਰਵੱਈਏ ਨੂੰ ਦੇਖਦੇ ਹੋਏ ਯੂਨੀਅਨ ਨੇ ਪੁਰਾਣੀ ਪੈਨਸ਼ਨ ਬਹਾਲੀ ਲਈ 17 ਜੂਨ ਨੂੰ ਸੰਗਰੂਰ ਵਿਖੇ ਰੱਖਿਆ ਗਿਆ ਝੰਡਾ/ਵਹੀਕਲ ਮਾਰਚ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਯੂਨੀਅਨ ਨੇ ਆਸ ਪ੍ਰਗਟਾਈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਵਚਨਬੱਧ ਹੈ।