Punjab-ChandigarhUncategorized

ਬਿਜਲੀ ਕਾਮੇ 17 ਮਈ ਨੂੰ ਬਿਜਲੀ ਮੰਤਰੀ ਪੰਜਾਬ ਦੀ ਰਿਹਾਇਸ਼ ਜੰਡਿਆਲਾ ਗੁਰੂ ਵਿਖੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਸੂਬਾ ਪੱਧਰੀ ਧਰਨਾ ਦੇ ਕੇ ਰੋਸ ਪ੍ਰਗਟ ਕਰਨਗੇ ?

Harpreet kaur (The Mirror Time )

ਪਟਿਆਲਾ : ਮਿਤੀ 04—05—2023 :
ਪੰਜਾਬ ਦੇ ਸਮੁੱਚੇ ਬਿਜਲੀ ਕਾਮੇ 17 ਮਈ ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਜੰਡਿਆਲਾ ਗੁਰੂ ਵਿਖੇ ਸੂਬਾ ਪੱਧਰੀ ਵਿਸ਼ਾਲ ਸੁਬਾਈ ਰੋਸ ਧਰਨਾ ਦੇਣਗੇ। ਇਹ ਫੈਸਲਾ ਸਾਥੀ ਰਤਨ ਸਿੰਘ ਮਜਾਰੀ ਦੀ ਪ੍ਰਧਾਨਗੀ ਹੇਠ ਹੋਈ, ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੀ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਵਿੱਚ ਸ਼ਾਮਲ ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਇੰਪਲਾਈਜ਼ ਫੈਡਰੇਸ਼ਨ (ਸੁਰਿੰਦਰ ਸਿੰਘ), ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਵਰਕਰਜ਼ ਫੈਡਰੇਸ਼ਨ (ਇੰਟਕ), ਇੰਪਲਾਈਜ਼ ਫੈਡਰੇਸ਼ਨ (ਫਲਜੀਤ ਸਿੰਘ), ਥਰਮਲਜ਼ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ, ਮਨਿਸਟੀਰੀਅਲ ਸਰਵਿਸਜ਼ ਯੂਨੀਅਨ, ਹੈਡ ਆਫਿਸ ਇੰਪਲਾਈਜ਼ ਫੈਡਰੇਸ਼ਨ ਅਤੇ ਸਬ ਸਟੇਸ਼ਨ ਸਟਾਫ ਵੈਲਫੇਅਰ ਐਸੋਸੀਏਸ਼ਨ ਦੇ ਆਗੂਆਂ ਸਰਬ ਸਾਥੀ ਕਰਮਚੰਦ ਭਾਰਦਵਾਜ, ਰਤਨ ਸਿੰਘ ਮਜਾਰੀ, ਕੁਲਵਿਦੰਰ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸੰਧੂ, ਬਲਦੇਵ ਸਿੰਘ ਮੱਢਾਲੀ, ਜਗਰੂਪ ਸਿੰਘ ਮਹਿਮਦਪੁਰ, ਰਵੇਲ ਸਿੰਘ ਸਹਾਏਪੁਰ, ਹਰਪਾਲ ਸਿੰਘ, ਅਵਤਾਰ ਸਿੰਘ ਕੈਂਥ, ਜਗਜੀਤ ਸਿੰਘ ਕੋਟਲੀ, ਰਘਵੀਰ ਸਿੰਘ, ਕੌਰ ਸਿੰਘ ਸੋਹੀ, ਲਖਵਿੰਦਰ ਸਿੰਘ, ਸਿਕੰਦਰ ਨਾਥ, ਸੁਖਵਿੰਦਰ ਸਿੰਘ ਦੁੰਮਨਾ, ਲਖਵੰਤ ਸਿੰਘ ਦਿਓਲ, ਸੁਖਵਿੰਦਰ ਸਿੰਘ ਚਾਹਲ ਅਤੇ ਗੁਰਦਿੱਤ ਸਿੰਘ ਸਿੱਧੂ ਨੇ ਦੱਸਿਆ ਕਿ ਪਾਵਕਾਮ ਅਤੇ ਟਰਾਂਸਕੋ ਦੀਆਂ ਮੈਨੇਜਮੈਂਟਾਂ ਮੁਲਾਜਮ ਜਥੇਬੰਦੀਆਂ ਨਾਲ ਕੀਤੇ ਸਮਝੌਤੇ ਅਤੇ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਲਗਾਤਾਰ ਟਾਲ ਮਟੋਲ ਕਰ ਰਹੀਆਂ ਹਨ। ਮੈਨੇਜਮੈਂਟ ਨੇ 28 ਅਪ੍ਰੈਲ ਨੂੰ ਜੁਆਇੰਟ ਫੋਰਮ ਨੂੰ ਮੁਲਾਜਮ ਮਸਲਿਆਂ ਸਬੰਧੀ ਦਿੱਤੀ ਮੀਟਿੰਗ ਰੱਦ ਕਰ ਦਿੱਤੀ ਹੈ। ਮੁਲਾਜਮ ਮਸਲੇ ਜਿਵੇਂ ਪੇ ਕਮਿਸ਼ਨ ਵਲੋਂ ਮੁਲਾਜਮਾਂ ਨੂੰ ਸੋਧੇ ਪੇਅ ਸਕੇਲ ਦੇਣ, ਤਨਖਾਹਾਂ ਸਕੇਲਾਂ ਦੀਆਂ ਅਨਾਮਲੀਜ਼ ਦੂਰ ਕਰਨ, ਵੇਜ ਫਾਰਮੂਲੇਸ਼ਨ ਕਮੇਟੀ ਵਿੱਚ ਜਥੇਬੰਦੀ ਨੂੰ ਨੁਮਾਇੰਦਗੀ ਦੇਣਾ, ਪਰਖ ਕਾਲ ਸਮਾਂ ਪੂਰਾ ਕਰ ਚੁੱਕੇ ਮੁਲਾਜਮਾਂ ਨੂੰ ਪੂਰਾ ਤਨਖਾਹ ਸਕੇਲ ਦੇਣ, ਸੀ.ਆਰ.ਏ. 259/19 ਰਾਹੀਂ ਭਰਤੀ ਸਹਾਇਕ ਲਾਈਨਮੈਨਾਂ ਖਿਲਾਫ ਦਰਜ ਕੇਸ ਵਾਪਸ ਲੈਣ, ਉਹਨਾਂ ਨੂੰ ਇਨਕੁਆਰੀ ਦੇ ਨਾਮ ਤੇ ਤੰਗ ਪ੍ਰੇਸ਼ਾਨ ਕਰਨ, ਡੀ.ਏ. ਦੀਆਂ ਕਿਸ਼ਤਾਂ ਸਮੇਤ ਬਕਾਇਆ ਦੇਣ, ਰਹਿੰਦੇ ਭੱਤਿਆਂ ਵਿੱਚ ਯੋਗ ਵਾਧਾ ਕਰਨ, ਧੱਕੇ ਨਾਲ ਮੋਬਾਇਲ ਅਲਾਊਂਸ ਬੰਦ ਕਰਕੇ ਜੀਓ ਦੇ ਸਿੰਮ ਦੇਣਾ, ਕੱਚੇ ਕਾਮੇ, ਪੀ.ਟੀ.ਐਸ., ਮੀਟਰ ਰੀਡਰ, ਬਿਲ ਵੰਡਕ, ਸੀ.ਐਚ.ਵੀ. ਆਦਿ ਪੱਕੇ ਕਰਨ ਸਮੇਤ ਮੰਨੀਆਂ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ। ਮੀਟਿੰਗ ਨੇ ਮੈਨੇਜਮੈਂਟ ਦੀ ਮੁਲਾਜਮ ਵਿਰੋਧੀ ਨੀਤੀ ਦੀ ਸਖਤ ਨਿੰਦਾ ਕਰਦਿਆ ਕਿਹਾ ਕਿ ਮੈਨੇਜਮੈਂਟਾਂ ਮੁਲਾਜਮਾਂ ਦੀਆਂ ਮੰਗਾਂ ਮੰਨਣ ਦੀ ਥਾਂ ਮੁਲਾਜਮਾਂ ਤੋਂ ਅਣਉਚਿਤ ਡਿਊਟੀਆਂ ਲੈ ਕੇ ਵਿੱਤੀ ਲਾਭ ਦੇਣ ਤੋਂ ਇਨਕਾਰੀ ਹਨ। ਗਰਿਡ ਸਬ ਸਟੇਸ਼ਨਾਂ ਅਤੇ ਮੁਲਾਜਮਾਂ ਦੀ ਸੁਰੱਖਿਆ ਕਰਨ ਵਿੱਚ ਕੁਤਾਹੀ ਕਰ ਰਹੀਆਂ ਹਨ। ਰਹਿੰਦੀਆਂ ਕੈਟੇਗਰੀਆਂ ਓ.ਸੀ., ਆਰ.ਟੀ.ਐਮ. ਆਦਿ ਨੂੰ ਪੇ ਬੈਂਡ ਵਿੱਚ ਵਾਧਾ ਦੇਣ ਅਤੇ ਸੇਵਾ ਮੁਕਤ ਮੁਲਾਜਮਾਂ ਸਮੇਤ ਰੈਗੂਲਰ ਮੁਲਾਜਮਾਂ ਦੇ ਬਣਦੇ ਲਾਭ ਦੇਣ ਤੋਂ ਆਨਾਕਾਰੀ ਕਰ ਰਹੀਆਂ ਹਨ। ਆਗੂਆਂ ਨੇ ਮੰਗ ਕੀਤੀ ਕਿ 50 ਨੁਕਾਤੀ ਮੰਗ ਪੱਤਰ ਅਨੁਸਾਰ ਮੁਲਾਜਮਾਂ ਦੀਆਂ ਮੰਗਾਂ ਮੰਨ ਕੇ ਲਾਗੂ ਕੀਤੀਆਂ ਜਾਣ। ਮੁਲਾਜਮਾਂ ਤੋਂ ਵਾਧੂ ਡਿਊਟੀਆਂ ਲਈਆਂ ਜਾ ਰਹੀਆਂ ਹਨ, ਜਿਸ ਕਰਕੇ ਬਿਜਲੀ ਕਾਮਿਆਂ ਵਿੱਚ ਸਖਤ ਰੋਸ ਹੈ ਅਤੇ ਉਹ ਸੰਘਰਸ਼ ਦੇ ਰਾਹ ਤੇ ਹਨ। ਜਿਵੇਂ 1—5—2023 ਤੋਂ 31—05—2023 ਦੋਨੋ ਕਾਰਪੋਰੇਸ਼ਨ ਦੇ ਚੇਅਰਮੈਨਾਂ ਅਤੇ ਡਾਇਰੈਕਟਰਜ਼ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕੀਤੇ ਜਾਣਗੇ। ਜੂਨ 2023 ਵਿੱਚ ਪੈਂਡੀ ਸੀਜਨ ਸ਼ੁਰੂ ਹੋਣ ਵਾਲੇ ਦਿਨ ਸੂਬਾ ਪੱਧਰ ਤੇ ਇੱਕ ਰੋਜਾ ਹੜਤਾਲ ਕੀਤੀ ਜਾਵੇਗੀ। 17 ਮਈ ਨੂੰ ਬਿਜਲੀ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਜੰਡਿਆਲਾ ਗੁਰੂ ਵਿਖੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ। ਮੁੱਖ ਮੰਤਰੀ ਪੰਜਾਬ ਦੇ ਨਾਂ ਵਿਧਾਇਕਾਂ ਅਤੇ ਮੰਤਰੀਆਂ ਰਾਹੀਂ ਮੈਮੋਰੰਡਮ ਦਿੱਤੇ ਜਾਣਗੇ।

Spread the love

Leave a Reply

Your email address will not be published. Required fields are marked *

Back to top button