ਪਾਵਰ ਮੈਨੇਜਮੈਂਟ ਅਤੇ ਜੁਆਇੰਟ ਫੋਰਮ ਦੇ ਨੁਮਾਇੰਦਿਆ ਦਰਮਿਆਨ ਗੱਲਬਾਤ ਟੁੱਟੀ।ਬਿਜਲੀ ਕਾਮਿਆਂ ਵਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ
![](https://themirrortime.com/wp-content/uploads/2023/05/WhatsApp-Image-2023-05-19-at-14.11.22-780x470.jpeg)
Suman (TMT)
ਪਟਿਆਲਾ : ਮਿਤੀ : 19—05—2023: ਅੱਜ ਇੱਥੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅਤੇ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਨੁਮਾਇੰਦਿਆ ਦਰਮਿਆਨ ਮੀਟਿੰਗ ਹੋਈ। ਜੋ ਬਿਨਾਂ ਕਿਸੇ ਸਿੱਟੇ ਦੇ ਖਤਮ ਹੋ ਗਈ। ਮੀਟਿੰਗ ਵਿੱਚ ਪਾਵਰ ਮੈਨੇਜਮੈਂਟ ਦੇ ਅਧਿਕਾਰੀਆਂ ਵਲੋਂ ਟਾਲ ਮਟੋਲ ਦੀ ਨੀਤੀ ਅਪਨਾ ਕੇ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਅਤੇ ਰਹਿੰਦੀਆਂ ਮੰਗਾਂ ਦਾ ਨਿਪਟਾਰਾ ਨਾ ਕਰਨ ਤੇ ਜੁਆਇੰਟ ਫੋਰਮ ਦੇ ਨੁਮਾਇੰਦਿਆ ਨੇ ਸਖਤ ਰੋਸ ਜਾਹਰ ਕਰਦਿਆਂ ਮੀਟਿੰਗ ਵਿੱਚੋਂ ਵਾਕ ਆਊਟ ਕਰਕੇ ਹੈਡ ਆਫਿਸ ਦੇ ਮੇਨ ਗੇਟ ਤੇ ਮੈਨੇਜਮੈਂਟ ਵਿਰੁੱਧ ਨਾਅਰੇਬਾਜੀ ਕਰਦਿਆ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ। ਮੀਟਿੰਗ ਵਿੱਚ ਪਾਵਰ ਮੈਨੇਜਮੈਂਟ ਵਲੋਂ ਇੰਜ: ਬਲਦੇਵ ਸਿੰਘ ਸਰਾਂ ਚੇਅਰਮੈਨ—ਕਮ—ਮੇਨੇਜਿੰਗ ਡਾਇਰੈਕਟਰ, ਇੰਜੀ: ਡੀ.ਪੀ.ਐਸ. ਗਰੇਵਾਲ ਡਾਇਰੈਕਟਰ ਵੰਡ, ਇੰਜੀ: ਰਾਵਿੰਦਰ ਸਿੰਘ ਸੈਣੀ ਡਾਇਰੈਕਟਰ ਪ੍ਰਬੰਧਕੀ, ਸ੍ਰੀ ਆਰ.ਕੇ. ਬੇਰੀ ਡਾਇਰੈਕਟਰ ਵਿੱਤ, ਇੰਜੀ: ਪਰਮਜੀਤ ਸਿੰਘ ਡਾਇਰੈਕਟਰ ਜਨਰੇਸ਼ਨ, ਡਿਪਟੀ ਸਕੱਤਰ ਸ੍ਰੀ ਰਣਬੀਰ ਸਿੰਘ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ, ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਵੱਲੋਂ ਸਰਵ ਸਾਥੀ ਰਤਨ ਸਿੰਘ ਮਜਾਰੀ, ਸਿਕੰਦਰ ਨਾਥ, ਹਰਪਾਲ ਸਿੰਘ, ਰਵੇਲ ਸਿੰਘ ਸਹਾਏਪੁਰ, ਕੁਲਵਿੰਦਰ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸੰਧੂ, ਬਲਦੇਵ ਸਿੰਘ ਮੰਢਾਲੀ, ਅਵਤਾਰ ਸਿੰਘ ਕੈਂਥ, ਜਗਜੀਤ ਸਿੰਘ ਕੋਟਲੀ, ਗੁਰਚਰਨ ਸਿੰਘ, ਸੁਖਵਿੰਦਰ ਸਿੰਘ ਦੁੰਮਨਾ, ਜਗਜੀਤ ਸਿੰਘ ਕੰਡਾ, ਸੁਖਵਿੰਦਰ ਸਿੰਘ ਚਾਹਲ, ਸਰਬਜੀਤ ਸਿੰਘ ਭਾਣਾ, ਬਲਜਿੰਦਰ ਕੁਮਾਰ ਸ਼ਰਮਾ, ਲਖਵਿੰਦਰ ਸਿੰਘ, ਰਘਬੀਰ ਸਿੰਘ, ਜਗਦੀਪ ਸਿੰਘ ਸਹਿਗਲ, ਇੰਦਰਜੀਤ ਸਿੰਘ ਢਿੱਲੋਂ ਅਤੇ ਗੁਰਦਿੱਤ ਸਿੰਘ ਸਿੱਧੂ ਆਦਿ ਸ਼ਾਮਲ ਹੋਏ। ਜੁਆਇੰਟ ਫੋਰਮ ਦੇ ਨੁਮਾਇੰਦਿਆ ਨੇ ਮੰਗ ਪੱਤਰ ਤੇ ਗੱਲ ਕਰਦਿਆਂ ਰੋਸ ਪ੍ਰਗਟ ਕੀਤਾ ਕਿ ਪਾਵਰ ਮੈਨੇਜਮੈਂਟ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਟਾਲ ਮਟੋਲ ਕਰ ਰਹੀ ਹੈ। ਮੁਲਾਜਮ ਮੰਗਾਂ ਜਿਵੇਂ ਸੀ.ਆਰ.ਏ. 295/19 ਰਾਹੀਂ ਭਰਤੀ ਸ.ਲ.ਮ. ਨੂੰ ਗਲਤ ਇਨਕੁਆਰੀ ਦੇ ਨਾਮ ਤੇ ਤੰਗ ਪ੍ਰੇਸ਼ਾਨ ਕਰਨ, ਗ੍ਰਿਫਤਾਰ ਕਾਮਿਆਂ ਨੂੰ ਜਮਾਨਤ ਉਪਰੰਤ ਡਿਊਟੀ ਤੇ ਜੁਆਇੰਨ ਕਰਵਾਉਣ, ਪਰਖ ਕਾਲ ਪੂਰਾ ਕਰ ਚੁੱਕੇ ਮੁਲਾਜਮਾਂ ਨੂੰ ਪੂਰਾ ਤਨਖਾਹ ਸਕੇਲ ਦੇਣ, ਪੇ ਕਮਿਸ਼ਨ ਅਨੁਸਾਰ ਤਨਖਾਹ ਸਕੇਲ ਦੇਣ, ਸਕੇਲਾਂ ਦੀਆਂ ਤਰੁੱਟੀਆਂ ਦੂਰ ਕਰਨ, ਰਹਿੰਦੇ ਭੱਤਿਆਂ ਵਿੱਚ ਵਾਧਾ ਕਰਨ, ਬੰਦ ਕੀਤਾ ਮੋਬਾਇਲ ਅਲਾਊਂਸ ਦੇਣ, ਧੱਕੇ ਨਾਲ ਜਾਰੀ ਕੀਤੇ ਜੀਓ ਦੇ ਸਿੰਮ ਆਪਸ਼ਨਲ ਕਰਨ, ਗਰਿਡ ਸਬ ਸਟੇਸ਼ਨਾਂ ਅਤੇ ਮੁਲਾਜਮਾਂ ਦੀ ਸੁਰੱਖਿਆ ਯਕੀਨੀ ਬਣਾਉਣ, ਬਣਦਾ ਓਵਰ ਟਾਇਮ ਦੇਣ, ਵੇਜ ਫਾਰਮੂਲੇਸ਼ਨ ਕਮੇਟੀ ਵਿੱਚ ਜਥੇਬੰਦੀ ਨੂੰ ਪ੍ਰਤੀਨਿਧਤਾ ਦੇਣ, ਆਰ.ਟੀ.ਐਮ., ਓ.ਸੀ. ਆਦਿ ਰਹਿੰਦੀਆਂ ਕੈਟੇਗਰੀਆਂ ਨੂੰ ਪੇ ਬੈਂਡ ਵਿੱਚ ਵਾਧਾ ਦੇਣ, ਟੈਕਨੀਕਲ ਕਾਮਿਆਂ ਤੋਂ ਧੱਕੇ ਨਾਲ ਅਣਅਧਿਕਾਰਤ ਡਿਊਟੀਆਂ ਲੈਣ, ਕੱਚੇ ਕਾਮੇ ਪੀ.ਟੀ.ਐਸ., ਸੀ.ਐਚ.ਵੀ. ਕਾਮੇ ਪੱਕੇ ਕਰਨ, ਟੈਕਨੀਕਲ ਤੇ ਕਲੈਰੀਅਲ ਕਾਮਿਆਂ ਦੀਆਂ ਤਰੱਕੀਆਂ ਆਦਿ 50 ਨੁਕਾਤੀ ਮੰਗ ਪੱਤਰ ਅਨੁਸਾਰ ਮੰਗਾਂ ਮੰਨ ਕੇ ਲਾਗੂ ਕੀਤੀਆਂ ਜਾਣ। ਸਾਥੀ ਕਰਮਚੰਦ ਭਾਰਦਵਾਜ ਨੇ ਦੱਸਿਆ ਕਿ ਜੇਕਰ ਪਾਵਰਕਾਮ ਅਤੇ ਟਰਾਂਸਕੋ ਦੀ ਮੈਨੇਜਮੈਂਟ ਨੇ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਜੁਆਇੰਟ ਫੋਰਮ ਵੱਲੋਂ ਉਲੀਕੇ ਸੰਘਰਸ਼ ਪ੍ਰੋਗਰਾਮ ਅਨੁਸਾਰ 25 ਮਈ ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਅੰਮ੍ਰਿਤਸਰ ਵਿਖੇ ਪੰਜਾਬ ਦੇ ਕੋਨੇ—ਕੋਨੇ ਤੋਂ ਹਜਾਰਾ ਬਿਜਲੀ ਮੁਲਾਜਮ ਰੋਸ ਧਰਨੇ ਦੇਣਗੇ। ਪੈਡੀ ਸੀਜਨ ਸ਼ੁਰੂ ਹੋਣ ਤੇ ਸੂਬਾ ਪੱਧਰ ਤੇ ਇੱਕ ਰੋਜਾ ਹੜਤਾਲ ਕੀਤੀ ਜਾਵੇਗੀ। ਦੋਨੋ ਕਾਰਪੋਰੇਸ਼ਨਾਂ ਦੇ ਚੇਅਰਮੈਨ ਤੇ ਡਾਇਰੈਕਟਰਾਂ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕੀਤੇ ਜਾਣਗੇ। ਵਿਧਾਇਕਾਂ ਤੇ ਮੰਤਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੈਮੋਰੰਡਮ ਦੇਣੇ ਜਾਰੀ ਰਹਿਣਗੇ। ਜੇਕਰ ਫਿਰ ਵੀ ਮਸਲੇ ਹੱਲ ਨਾ ਹੋਏ ਤਾਂ ਪੰਜਾਬ ਪੱਧਰ ਤੇ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।