Punjab-ChandigarhUncategorized

ਵੰਨ-ਸੁਵੰਨੀ ਖੇਤੀ ਕਰਕੇ ਆਪਣੀ ਆਮਦਨ ਵਧਾਉਣ ਕਿਸਾਨ-ਚੇਤਨ ਸਿੰਘ ਜੌੜਾਮਾਜਰਾ

Harpreet Kaur ( TMT )

ਘਨੌਰ, 15 ਮਈ:
ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸੂਬੇ ਦੇ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਰਵਾਇਤੀ ਖੇਤੀ ਦੀ ਥਾਂ ਵੰਨ-ਸੁਵੰਨੀ ਖੇਤੀ ਕਰਨ ਦਾ ਸੱਦਾ ਦਿੱਤਾ ਹੈ। ਜੌੜਾਮਾਜਰਾ, ਅੱਜ ਘਨੌਰ ਵਿਖੇ ਹਲਕਾ ਵਿਧਾਇਕ ਗੁਰਲਾਲ ਘਨੌਰ ਦੀ ਪਹਿਲਕਦਮੀ ਸਦਕਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਏ ਗਏ ਸਾਉਣੀ ਦੀਆਂ ਫ਼ਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ। ਉਨ੍ਹਾਂ ਦੇ ਨਾਲ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਤੇ ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ ਵੀ ਮੌਜੂਦ ਸਨ।
ਬਾਗਬਾਨੀ, ਸੁਤੰਤਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ‘ਇੱਕ ਜ਼ਿਲ੍ਹਾ ਇੱਕ ਉਦਪਾਦ ਸਕੀਮ’ ਤਹਿਤ ਅਮਰੂਦ ਅਸਟੇਟ ਵਜੋਂ ਵਿਕਸਤ ਪਟਿਆਲਾ ਜ਼ਿਲ੍ਹੇ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਅਮਰੂਦ ਨਾਲ ਸਬੰਧਤ ਉਦਯੋਗ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਲਈ ਕਿਸਾਨ ਅਮਰੂਦਾਂ ਦੇ ਬਾਗ ਲਗਾਉਣ ਤਾਂ ਕਿ ਅਮਰੂਦਾਂ ਤੋਂ ਹੋਰ ਪਦਾਰਥ ਬਣਾ ਕੇ ਵਿਦੇਸ਼ਾਂ ਨੂੰ ਵੀ ਭੇਜੇ ਸਕਣ।
ਜੌੜਾਮਾਜਰਾ ਨੇ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਬਾਗਬਾਨੀ ਨੂੰ ਉਤਸ਼ਾਹਤ ਕਰਨ ਲਈ ਕਦੇ ਧਿਆਨ ਨਹੀਂ ਦਿੱਤਾ ਪਰੰਤੂ ਭਗਵੰਤ ਮਾਨ ਸਰਕਾਰ, ਫੁੱਲਾਂ ਦੇ ਬੀਜਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ 14000 ਰੁਪਏ ਪ੍ਰਤੀ ਏਕੜ ਅਤੇ ਬਾਗਬਾਨਾਂ ਨੂੰ 10000 ਰੁਪਏ ਪ੍ਰਤੀ ਏਕੜ ਸਬਸਿਡੀ ਪ੍ਰਦਾਨ ਕਰ ਰਹੀ ਹੈ।
ਆਓ ਧਰਤੀ ਮਾਂ ਬਚਾਈਏ, ਪਰਾਲੀ ਨੂੰ ਅੱਗ ਨਾ ਲਗਾਈਏ ਤੇ ਫ਼ਸਲੀ ਵਿਭਿੰਨਤਾ ਅਪਣਾਈਏ ਨੂੰ ਮੁੱਖ ਰੱਖਕੇ ਲਗਾਏ ਇਸ ਕਿਸਾਨ ਮੇਲੇ ‘ਚ ਚੇਤਨ ਸਿੰਘ ਜੌੜਾਮਾਜਰਾ ਨੇ ਜੋਰ ਦਿੱਤਾ ਕਿ ਕਿਸਾਨ ਦੇਖੋ-ਦੇਖੀ ਦੀ ਥਾਂ ਸੂਝ-ਬੂਝ ਨਾਲ ਫੁੱਲਾਂ, ਫ਼ਲਾਂ ਤੇ ਸਬਜੀਆਂ ਦੀ ਕਾਸ਼ਤ ਕਰਕੇ ਧਰਤੀ ਹੇਠਲਾ ਪਾਣੀ ਬਚਾਉਣ ਦੇ ਨਾਲ-ਨਾਲ ਕਿਸਾਨ ਆਪਣੀ ਆਮਦਨ ਵੀ ਵਧਾਉਣ।
ਜੌੜਾਮਾਜਰਾ ਨੇ ਕਿਸਾਨਾਂ ਨੂੰ ਝੋਨੇ ਦੀ ਪੂਸਾ ਕਿਸਮ ਤੋਂ ਕਿਨਾਰਾ ਕਰਨ ਦੀ ਅਪੀਲ ਕਰਦਿਆਂ ਸੱਦਾ ਦਿੱਤਾ ਕਿ ਕਿਸਾਨ, ਧਰਤੀ ਹੇਠਲਾ ਪਾਣੀ ਬਚਾਉਣ ਲਈ ਘੱਟ ਸਮੇਂ ਅੰਦਰ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਬਿਨ੍ਹਾਂ ਕੀੜੇਮਾਰ ਦਵਾਈਆਂ ਦੇ ਉਗਾਉਣ ਅਤੇ ਘੱਟ ਪਾਣੀ ਤੇ ਥੋੜਾ ਖ਼ਰਚਾ ਕਰਕੇ ਵੱਧ ਮੁਨਾਫ਼ਾ ਕਮਾਉਣ। ਉਨ੍ਹਾਂ ਨੇ ਹਲਕਾ ਘਨੌਰ ਦੇ ਵਿਕਾਸ ਲਈ 10 ਲੱਖ ਰੁਪਏ ਅਤੇ ਝੋਨੇ ਦੇ ਸੀਜਨ ‘ਚ ਪਰਾਲੀ ਨੂੰ ਅੱਗ ਲਗਾਉਣ ਵਾਲੇ ਪਿੰਡ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਹਲਕਾ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਘਨੌਰ ਹਲਕੇ ਅੰਦਰ ਸ਼ਰਾਬ ਤੇ ਬੀਅਰ ਦੀਆਂ ਫੈਕਟਰੀਆਂ ਤਾਂ ਲਗਾਈਆਂ ਪਰੰਤੂ ਕਿਸਾਨਾਂ ਨਾਲ ਸਬੰਧਤ ਕੋਈ ਉਦਯੋਗ ਨਹੀਂ ਲਗਾਇਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਕਿਸਾਨ ਹਿਤੈਸ਼ੀ ਸਰਕਾਰ ਹੈ, ਇਸ ਲਈ ਸੂਬੇ ਦੀ ਜਵਾਨੀ, ਕਿਸਾਨੀ, ਧਰਤੀ ਹੇਠਲਾ ਪਾਣੀ ਤੇ ਹਵਾ ਬਚਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।
ਕੈਂਪ ਦੌਰਾਨ ਕੈਬਨਿਟ ਮੰਤਰੀ ਤੇ ਵਿਧਾਇਕ ਵੱਲੋਂ ਜ਼ਿਲ੍ਹੇ ਦੇ ਖੇਤਾਂ ‘ਚ ਨਾੜ ਨੂੰ ਅੱਗ ਨਾ ਲਗਾ ਕੇ, ਝੋਨੇ ਦੀ ਸਿੱਧੀ ਬਿਜਾਈ ਅਤੇ ਮੱਕੀ ਦੀ ਖੇਤੀ ਕਰਨ ਵਾਲੇ 15 ਕਿਸਾਨਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਾਰਕਫੈਡ, ਡੇਅਰੀ ਵਿਕਾਸ, ਪਸ਼ੂ ਪਾਲਣ ਅਤੇ ਸਵੈ ਸਹਾਇਤਾ ਗਰੁੱਪਾਂ ਸਮੇਤ ਹੋਰ ਖੇਤੀ ਉਤਪਾਦਕਾਂ ਵੱਲੋਂ ਲਗਾਈ ਪ੍ਰਦਰਸ਼ਨੀ ਦਾ ਜਾਇਜ਼ਾ ਵੀ ਲਿਆ।
ਇਸ ਮੌਕੇ ਐਸ.ਡੀ.ਐਮ. ਡਾ. ਸੰਜੀਵ ਕੁਮਾਰ, ਡੀ.ਐਸ.ਪੀ. ਰਘਬੀਰ ਸਿੰਘ, ਗੰਨਾ ਕਮਿਸ਼ਨਰ ਡਾ. ਰਾਜੇਸ਼ ਰਹੇਜ਼ਾ, ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ, ਡਾ. ਸ਼ੇਰ ਸਿੰਘ, ਡਾ. ਗੁਰਉਪਦੇਸ਼ ਕੌਰ, ਡਾ. ਗੁਰਵੀਨ ਗਰਚਾ, ਡਾ. ਨੀਤੂ ਰਾਣੀ, ਡਾ. ਰਵਿੰਦਰ ਪਾਲ ਸਿੰਘ ਚੱਠਾ, ਪਵਿੱਤਰ ਕੌਰ ਸਮੇਤ ਵੱਡੀ ਗਿਣਤੀ ਕਿਸਾਨ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।
******

Spread the love

Leave a Reply

Your email address will not be published. Required fields are marked *

Back to top button