Punjab-ChandigarhTop News

ਖੇਡ ਮੰਤਰੀ ਨੇ ਨਵੀਂ ਖੇਡ ਨੀਤੀ ਦੇ ਖਰੜੇ ਉਤੇ ਮਾਹਿਰਾਂ ਦੀ ਕਮੇਟੀ ਨਾਲ ਕੀਤੀ ਮੈਰਾਥਨ ਚਰਚਾ

ਚੰਡੀਗੜ੍ਹ, 3 ਜਨਵਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਦੇ ਕੀਤੇ ਤਹੱਈਏ ਉਤੇ ਚੱਲਦਿਆਂ ਖੇਡ ਵਿਭਾਗ ਵੱਲੋਂ ਬਣਾਈ ਜਾ ਰਹੀ ਨਵੀਂ ਖੇਡ ਨੀਤੀ ਇਸ ਸਾਲ ਲਾਗੂ ਕਰ ਦਿੱਤੀ ਜਾਵੇਗੀ। ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਖੇਡ ਨੀਤੀ ਦੇ ਖਰੜੇ ਉਤੇ ਵਿਚਾਰ ਵਟਾਂਦਰਾ ਕਰਨ ਲਈ ਚੱਲੀ ਮੈਰਾਥਨ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਵਿੱਚ ਕਹੀ।

ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਮਾਹਿਰਾਂ ਦੀ ਕਮੇਟੀ ਨਾਲ ਤਿੰਨ ਘੰਟੇ ਚੱਲੀ ਮੀਟਿੰਗ ਵਿੱਚ ਇਸ ਗੱਲ ਉਤੇ ਜ਼ੋਰ ਦਿੱਤਾ ਗਿਆ ਕਿ ਪੰਜਾਬ ਵਿੱਚ ਖੇਡ ਮਾਹੌਲ ਸਿਰਜਣ ਲਈ ਉਸਾਰੂ ਕੰਮ ਕੀਤੇ ਜਾਣ ਅਤੇ ਖਿਡਾਰੀਆਂ ਤੇ ਕੋਚਾਂ ਨੂੰ ਉਤਸ਼ਾਹਤ ਕੀਤਾ ਜਾਵੇ। ਖਰੜੇ ਵਿੱਚ ਖਿਡਾਰੀਆਂ ਨੂੰ ਨੌਕਰੀਆਂ, ਨਗਦ ਇਨਾਮ, ਨਵਾਂ ਟੇਲੈਂਟ ਲੱਭ ਕੇ ਉਸ ਨੂੰ ਵਧੀਆ ਮੰਚ ਮੁਹੱਈਆ ਕਰਵਾਉਣ, ਸਕੂਲਾਂ-ਕਾਲਜਾਂ ਨੂੰ ਖੇਡਾਂ ਦਾ ਧੁਰਾ ਬਣਾਉਣ, ਕੋਚਾਂ ਲਈ ਐਵਾਰਡ ਸ਼ੁਰੂ ਕੀਤੇ ਜਾਣ।

ਖੇਡ ਨੀਤੀ ਵਿੱਚ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਨਾਮ ਕੌਮੀ ਅਤੇ ਕੌਮਾਂਤਰੀ ਪੱਧਰ ਉਤੇ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਪ੍ਰਾਪਤੀਆਂ ਅਨੁਸਾਰ ਨੌਕਰੀਆਂ ਦੇਣ ਨੂੰ ਪ੍ਰਮੁੱਖਤਾ ਦੇਣ ਦੀ ਗੱਲ ਕਹੀ ਗਈ। ਖਿਡਾਰੀਆਂ ਨੂੰ ਦਿੱਤੇ ਜਾਂਦੇ ਨਗਦ ਪੁਰਸਕਾਰਾਂ ਦੀ ਸੂਚੀ ਵਾਲੇ ਖੇਡ ਟੂਰਨਾਮੈਂਟਾਂ ਵਿੱਚ ਵਾਧੇ ਉਤੇ ਵਿਚਾਰ ਕੀਤਾ ਗਿਆ ਜਿਵੇਂ ਕਿ ਪੈਰਾਗੇਮਜ਼, ਇਕ ਸਾਲ ਜਾਂ ਦੋ ਸਾਲ ਦਰਮਿਆਨ ਹੋਣ ਵਾਲੇ ਵਿਸ਼ਵ ਕੱਪ ਅਤੇ ਵੱਖ-ਵੱਖ ਖੇਡਾਂ ਦੇ ਵੱਕਾਰੀ ਟੂਰਨਾਮੈਂਟਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ।

ਨਵੀਂ ਖੇਡ ਨੀਤੀ ਵਿੱਚ ਕੋਚਾਂ ਦੀ ਅਹਿਮੀਅਤ ਉਤੇ ਜ਼ੋਰ ਦਿੰਦਿਆਂ ਜਿੱਥੇ ਵਿਭਾਗ ਵਿੱਚ ਨਵੇਂ ਕੋਚ ਭਰਤੀ ਕਰਨ ਉਤੇ ਜ਼ੋਰ ਦਿੱਤਾ ਜਾਵੇਗਾ ਉਥੇ ਖਿਡਾਰੀਆਂ ਨੂੰ ਦਿੱਤੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਤਰਜ਼ ਉਤੇ ਕੋਚਾਂ ਲਈ ਵੀ ਸਟੇਟ ਐਵਾਰਡ ਸ਼ੁਰੂ ਕਰਨ ਦੀ ਸਿਧਾਂਤਕ ਪ੍ਰਵਾਨਗੀ ਦਿੱਤੀ ਗਈ। ਮਹਾਰਾਜਾ ਰਣਜੀਤ ਸਿੰਘ ਐਵਾਰਡ ਨੂੰ ਹਰ ਸਾਲ ਦੇਣ ਦਾ ਪ੍ਰਬੰਧ ਕੀਤਾ ਜਾਵੇ।

ਪੰਜਾਬ ਵਿੱਚ ਖੇਡ ਪੱਖੀ ਮਾਹੌਲ ਸਿਰਜਣ ਲਈ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਤਮਗੇ ਜਿੱਤਣ ਵਾਲੇ ਖਿਡਾਰੀਆਂ ਦਾ ਡੇਟਾਬੇਸ ਆਧਾਰਿਤ ਐਪ ਅਤੇ ਵੈਬਸਾਈਟ ਤਿਆਰ ਕਰਨ ਉਤੇ ਗੱਲਬਾਤ ਹੋਈ। ਆਪੋ-ਆਪਣੇ ਇਲਾਕਿਆਂ ਵਿੱਚ ਖੇਡਾਂ ਲਈ ਕੁਝ ਕਰਨ ਦੀ ਇੱਛਾ ਰੱਖਦੇ ਪਰਵਾਸੀ ਪੰਜਾਬੀਆਂ ਦੀ ਸਹੂਲਤ ਲਈ ਪੋਰਟਲ ਬਣਾਇਆ ਜਾਵੇ। ਇਸ ਤੋਂ ਇਲਾਵਾ ਨਾਮੀਂ ਖਿਡਾਰੀਆਂ ਦੇ ਪਿੰਡਾਂ/ਸ਼ਹਿਰਾਂ ਦੀ ਐਂਟਰੀ ਉਤੇ ਖਿਡਾਰੀ ਨਾਲ ਸਬੰਧਤ ਬੋਰਡ ਲਗਾਏ ਜਾਣ। ਸਟੇਡੀਅਮਾਂ ਦੇ ਨਾਮ ਖਿਡਾਰੀਆਂ ਉਤੇ ਰੱਖਣ ਉਤੇ ਵੀ ਵਿਚਾਰ ਕੀਤਾ ਗਿਆ। ਪੰਜਾਬ ਦੀਆਂ ਖੇਡ ਪ੍ਰਾਪਤੀਆਂ ਨੂੰ ਦਰਸਾਉਂਦਾ ਸੂਬੇ ਵਿੱਚ ਇਕ ਮਿਊਜ਼ੀਅਮ ਬਣਾਉਣ ਉਤੇ ਵੀ ਵਿਚਾਰ ਕੀਤਾ ਗਿਆ।

ਖੇਡ ਵਿਭਾਗ ਦਾ ਅਗਲੇ ਸੈਸ਼ਨ 2023-24 ਲਈ ਕੈਲੰਡਰ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਜੋ ਸਕੂਲ ਗੇਮਜ਼ ਅਤੇ ਯੂਨੀਵਰਸਿਟੀ ਗੇਮਜ਼ ਦੀਆਂ ਤਰੀਕਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾਵੇ ਤਾਂ ਜੋ ਕਿਸੇ ਹੋਰ ਖੇਡ ਮੁਕਾਬਲੇ ਨਾਲ ਤਰੀਕਾਂ ਦਾ ਮੇਲ ਨਾ ਹੋਵੇ। ਇਸੇ ਤਰ੍ਹਾਂ ਪੰਜਾਬ ਦੀਆਂ ਯੂਨੀਵਰਸਿਟੀਆਂ ਦੀਆਂ ਅੰਤਰ-ਵਰਸਿਟੀ ਖੇਡਾਂ ਕਰਵਾਉਣ ਦੀ ਤਜਵੀਜ਼ ਰੱਖੀ ਗਈ।

ਖੇਡਾਂ ਵਤਨ ਪੰਜਾਬ ਦੀਆਂ ਦੇ ਜੇਤੂ ਖਿਡਾਰੀਆਂ ਵਿੱਚੋਂ ਖਿਡਾਰੀਆਂ ਦਾ ਇਲੀਟ ਪੂਲ ਬਣਾ ਕੇ ਉਨ੍ਹਾਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨ ਉਤੇ ਜ਼ੋਰ ਦਿੱਤਾ ਗਿਆ। ਇਸੇ ਤਰ੍ਹਾਂ ਚੋਣਵੀਆਂ ਖੇਡਾਂ ਦੀਆਂ ਅਕੈਡਮੀਆਂ ਸਥਾਪਤ ਕਰਨ ਬਾਰੇ ਵੀ ਵਿਚਾਰ ਚਰਚਾ ਕੀਤੀ। ਕਾਲਜਾਂ ਅੰਦਰ ਖੇਡ ਵਿੰਗ ਵਧਾਉਣ ਅਤੇ ਸਕੂਲਾਂ ਵਿੱਚ ਖੇਡ ਗਤੀਵਿਧੀਆਂ ਲਈ ਸਮਾਂ ਨਿਰਧਾਰਤ ਕਰਨ ਉਤੇ ਵੀ ਵਿਚਾਰ ਕੀਤਾ ਗਿਆ।

ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ, ਖੇਡ ਵਿਭਾਗ ਦੇ ਡਾਇਰੈਕਟਰ ਰਾਜੇਸ਼ ਧੀਮਾਨ ਤੋਂ ਇਲਾਵਾ ਨਵੀਂ ਖੇਡ ਨੀਤੀ ਬਣਾਉਣ ਲਈ ਬਣਾਈ ਮਾਹਿਰਾਂ ਦੀ ਕਮੇਟੀ ਦੇ ਮੈਂਬਰਾਂ ਸਾਬਕਾ ਡੀ.ਜੀ.ਪੀ. ਰਾਜਦੀਪ ਸਿੰਘ ਗਿੱਲ, ਦਰੋਣਾਚਾਰੀਆ ਐਵਾਰਡੀ ਗੁਰਬਖ਼ਸ਼ ਸਿੰਘ ਸੰਧੂ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਰਿਟਾ.) ਜੇ.ਐਸ.ਚੀਮਾ ਤੇ ਰਜਿਸਟਰਾਰ ਕਰਨਲ ਐਨ.ਐਸ.ਸੰਧੂ ਅਤੇ ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਖੇਡ ਡਾਇਰੈਕਟਰ ਡਾ. ਰਾਜ ਕੁਮਾਰ ਸ਼ਰਮਾ ਨੇ ਆਪੋ-ਆਪਣੇ ਸੁਝਾਅ ਦਿੱਤੇ ਜਿਨ੍ਹਾਂ ਉਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਨਵੀਂ ਬਣਾਈ ਜਾ ਰਹੀ ਖੇਡ ਨੀਤੀ ਦੇ ਖਰੜੇ ਉਤੇ ਹੋਰ ਵਿਚਾਰ ਕਰਨ ਲਈ ਅਗਲੇ ਹਫਤੇ ਕਮੇਟੀ ਦੀ ਮੀਟਿੰਗ ਦਾ ਫੈਸਲਾ ਕੀਤਾ।

ਮੀਟਿੰਗ ਵਿੱਚ ਸਪੋਰਟਸ ਅਥਾਰਟੀ ਆਫ਼ ਇੰਡੀਆ ਤਰਫੋਂ ਲਲਿਤ ਲੋਹਾਨੀ ਤੇ ਗੁਰਿੰਦਰ ਕੌਰ, ਡਿਪਟੀ ਡਾਇਰੈਕਟਰ (ਕਾਲਜਾਂ) ਅਸ਼ਵਨੀ ਭੱਲਾ, ਸਹਾਇਕ ਡਾਇਰੈਕਟਰ (ਸਕੂਲਾਂ) ਸੁਨੀਲ ਕੁਮਾਰ, ਜ਼ਿਲਾ ਖੇਡ ਅਫਸਰ ਗੁਰਦੀਪ ਕੌਰ ਵੀ ਹਾਜ਼ਰ ਸਨ।
———

Spread the love

Leave a Reply

Your email address will not be published. Required fields are marked *

Back to top button