ਵਰਲਡ ਯੂਨੀਵਰਸਿਟੀ ਵੱਲੋਂ ਸ਼ਹੀਦੀ ਸਭਾ ਨੂੰ ਸਮਰਪਿਤ ਲਗਾਏ ਗੁਰਮਤਿ ਸਾਹਿਤ ਪੁਸਤਕ ਮੇਲੇ ਨੂੰ ਮਿਲਿਆ ਭਰਵਾਂ ਹੁੰਗਾਰਾ
Ajay Verma ( The Mirror Time)
Fatehgarh Sahib
ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵੱਲੋਂ ਲਗਾਏ ਗਏ ਗੁਰਮਤਿ, ਗੁਰ ਇਤਿਹਾਸ ਅਤੇ ਸਿੱਖ ਸਾਹਿਤ ਪੁਸਤਕ ਮੇਲੇ ਦੀ ਸ਼ੁਰੂਆਤ “ਤਾਰਿਆਂ ਦੇ ਦੇਸ” ਕਾਵਿ ਰਚਨਾ ਦੇ ਸੰਗਤ ਅਰਪਣ ਨਾਲ ਹੋਈ। ਧਰਮ ਅਧਿਐਨ ਵਿਭਾਗ ਦੇ ਡਾ. ਹਰਦੇਵ ਸਿੰਘ ਦੀ ਇਸ ਕਾਵਿ ਰਚਨਾ ਨੂੰ ਵਾਈਸ ਚਾਂਸਲਰ, ਪ੍ਰੋ. ਪਰਿਤ ਪਾਲ ਸਿੰਘ ਅਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ, ਚੇਅਰਪਰਸਨ ਕੇਂਦਰੀ ਯੂਨੀਵਰਸਿਟੀ ਪੰਜਾਬ, ਬਠਿੰਡਾ ਵੱਲੋਂ ਸੰਗਤ ਅਰਪਣ ਕੀਤਾ ਗਿਆ। ਇਸ ਮੌਕੇ ਵਾਈਸ-ਚਾਂਸਲਰ ਵੱਲੋਂ ਸ਼ਹੀਦੀ ਸਭਾ ਨੂੰ ਸਮਰਪਤ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਪੁਸਤਕ ਮੇਲੇ ਵਿੱਚ ਤੀਹ ਪ੍ਰਕਾਸ਼ਕ ਅਤੇ ਪੁਸਤਕ ਵਿਕਰੇਤਾ ਸ਼ਾਮਲ ਹੋਏ ਹਨ। ਉਨ੍ਹਾਂ ਦਸਿਆ ਕਿ ਨੌਜਵਾਨਾਂ ਨੂੰ ਗੁਰਮਤਿ ਸਿਧਾਂਤ, ਇਤਿਹਾਸ ਅਤੇ ਸਿੱਖ-ਸਾਹਿਤ ਨਾਲ ਜੋੜਨਾ ਸਮੇਂ ਦੀ ਲੋੜ ਹੈ। ਵਾਈਸ-ਚਾਂਸਲਰ ਨੇ ਇਸ ਪੁਸਤਕ ਮੇਲੇ ਵਿਚ ਨੌਜਵਾਨਾਂ ਦੀ ਸ਼ਮੂਲੀਅਤ ਤੇ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਪ੍ਰੋ. ਹਰਪਾਲ ਸਿੰਘ ਪੰਨੂ ਨੇ ਦਸਿਆ ਕਿ ‘ਤਾਰਿਆਂ ਦੇ ਦੇਸ’ ਸਿੱਖ ਪਰੰਪਰਾ ਵਾਲੀ ਕਵਿਤਾ ਹੈ। ਉਨ੍ਹਾਂ ਨੇ ਪੁਸਤਕ ਮੇਲੇ ਸਮੇਤ ਫਿਜਿਓਥਰੈਪੀ, ਦਸਤਾਰ ਸਿਖਲਾਈ ਅਤੇ ਕੈਂਸਰ ਜਾਂਚ ਕੈਂਪ ਦੀ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀਨ ਅਕਾਦਮਿਕ ਮਾਮਲੇ, ਸੁਖਵਿੰਦਰ ਸਿੰਘ ਬਿਲਿੰਗ, ਡਿਪਟੀ ਰਜਿਸਟਰਾਰ ਜਗਜੀਤ ਸਿੰਘ, ਡੀਨ ਵਿਦਿਆਰਥੀ ਭਲਾਈ ਡਾ ਸਿਕੰਦਰ ਸਿੰਘ ਅਤੇ ਬਿਬੇਕ ਪ੍ਰਕਾਸ਼ਨ ਦੇ ਨੁਮਾਇੰਦੇ ਪਰਮਜੀਤ ਸਿੰਘ ਤੇ ਰਣਜੀਤ ਸਿੰਘ ਹਾਜ਼ਰ ਸਨ।