‘ਖੇਡਾਂ ਵਤਨ ਪੰਜਾਬ ਦੀਆਂ’ ‘ਚ ਸਰਕਾਰੀ ਸਕੂਲ ਸ਼ੇਰ ਮਾਜਰਾ ਦੇ ਅਧਿਆਪਕ ਨੇ ਜੂਡੋ ਖੇਡ ‘ਚ ਦਿਖਾਏ ਜੌਹਰ
ਪਟਿਆਲਾ, 20 ਸਤੰਬਰ:
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਬੱਚਿਆਂ ਤੋਂ ਬਜ਼ੁਰਗਾਂ ਤੱਕ ਹਰੇਕ ਉਮਰ ਵਰਗ ਵੱਲੋਂ ਉਤਸ਼ਾਹ ਨਾਲ ਹਿੱਸਾ ਲਿਆ ਜਾ ਰਿਹਾ ਹੈ। ਇਨ੍ਹਾਂ ਖੇਡਾਂ ਵਿੱਚ ਜਿਥੇ ਸਕੂਲੀ ਵਿਦਿਆਰਥੀ ਹਿੱਸਾ ਲੈ ਰਹੇ ਹਨ ਉਥੇ ਹੀ ਅਧਿਆਪਕਾਂ ਵੱਲੋਂ ਵੀ ਆਪਣੀ ਖੇਡ ਦੇ ਜੌਹਰ ਦਿਖਾਏ ਜਾ ਰਹੇ ਹਨ।
ਇਸੇ ਤਰ੍ਹਾਂ ਦਾ ਖੇਡ ਮੁਕਾਬਲਾ ਜੂਡੋ ਵਿੱਚ ਦੇਖਣ ਨੂੰ ਮਿਲਿਆਂ ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਮਾਜਰਾ ਦੇ ਕੰਪਿਊਟਰ ਅਧਿਆਪਕ ਮਨਪ੍ਰੀਤ ਸਿੰਘ ਨੇ 21 ਤੋਂ 40 ਸਾਲ ਉਮਰ ਵਰਗ ਵਿੱਚ ਜੂਡੋ ਦੇ 91 ਕਿਲੋ ਭਾਰ ਵਰਗ ਅੰਦਰ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਦਾ ਮੁੱਖ ਮਕਸਦ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ਇਨ੍ਹਾਂ ਖੇਡਾਂ ਨੇ ਹਰੇਕ ਉਮਰ ਵਰਗ ਦੇ ਖਿਡਾਰੀ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ ਹੈ ਜਿਸ ਨਾਲ ਖਿਡਾਰੀਆਂ ਵਿੱਚ ਆਤਮ ਵਿਸ਼ਵਾਸ ਪੈਦਾ ਹੋਇਆ ਹੈ।
ਮਨਪ੍ਰੀਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵੱਧ ਚੜ੍ਹਕੇ ਹਿੱਸਾ ਲੈਣਾ ਚਾਹੀਦਾ ਹੈ, ਜਿਸ ਨਾਲ ਸਰੀਰਕ ਵਿਕਾਸ ਹੁੰਦਾ ਹੈ। ਉਨ੍ਹਾਂ ਪੰਜਾਬ ਸਰਕਾਰ ਦੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਤੇ ਸੁਰਿੰਦਰ ਸਿੰਘ (ਸੀਨੀਅਰ ਕੋਚ, ਐੱਨ.ਆਈ.ਐੱਸ), ਨਵਜੋਤ ਸਿੰਘ ਧਾਲੀਵਾਲ (ਕੋਚ), ਚਰਨਜੀਤ ਸਿੰਘ (ਲੈਕਚਰਾਰ ਫਿਜ਼ੀਕਲ ਐਜੂਕੇਸ਼ਨ), ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.), ਜਸਵਿੰਦਰ ਸਿੰਘ, ਸੋਹਨ ਸਿੰਘ ਰਾਵਤ, ਰਾਜੇਸ਼ ਕੁਮਾਰ, ਆਨੰਦ ਸਿੰਘ, ਮਨਪ੍ਰੀਤ ਕੌਰ, ਅਮਨ ਕੌਰ, ਅਨੂ ਰਾਣੀ ,ਅਕਸ਼ੈ ਚੌਧਰੀ ਅਤੇ ਹੋਰ ਕੋਚ ਸਾਹਿਬਾਨ ਮੌਜੂਦ ਸਨ।