Punjab-ChandigarhTop News

ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨਾਲ ਹੈਪੀ ਸੀਡਰ, ਸੁਪਰ ਸੀਡਰ ਅਤੇ ਸਮਾਰਟ ਸੀਡਰ ਦੀ ਵਰਤੋਂ ਦੇ ਨੁਕਤੇ ਸਾਂਝੇ ਕੀਤੇ

ਪਟਿਆਲਾ, 20 ਸਤੰਬਰ:
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਗੁਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਦੀ ਯੋਗ ਅਗਵਾਈ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਅਵਨਿੰਦਰ ਸਿੰਘ ਮਾਨ ਦੀਆਂ ਹਦਾਇਤਾਂ ਹੇਠ ਪਿੰਡ ਮਹਿਮਦਪੁਰ ਜੱਟਾਂ ਬਲਾਕ ਪਟਿਆਲਾ ਵਿਖੇ ਅੱਜ ਪਰਾਲੀ ਦੀ ਸਾਂਭ ਸੰਭਾਲ ਅਤੇ ਝੋਨੇ ਉਪਰ ਆ ਰਹੀਆਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਕਿਸਾਨਾਂ ਨੂੰ ਕੈਂਪ ਰਾਹੀਂ  ਜਾਗਰੂਕ ਕੀਤਾ।
ਜਾਗਰੂਕਤਾ ਕੈਂਪ ਵਿਚ ਮਹਿਮਦਪੁਰ ਜੱਟਾਂ, ਸਮਸਪੁਰ, ਜਲਾਲਪੁਰ, ਭੱਠਲਾਂ, ਬੁੱਢਣਪੁਰ ਅਤੇ ਰਾਏਪੁਰ ਮੰਡਲਾਂ ਦੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਗਾਂਹਵਧੂ ਕਿਸਾਨ ਹਰਨਾਥ ਸਿੰਘ ਨੇ ਹਾਜ਼ਰ ਕਿਸਾਨਾਂ ਨੂੰ ਪਰਾਲੀ ਅਤੇ ਮਿੱਟੀ ਟੈਸਟਿੰਗ ਦੀ ਮਹੱਤਤਾ ਦਾ ਤਜਰਬਾ ਸਾਂਝਾ ਕੀਤਾ।
ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਰਵਿੰਦਰਪਾਲ ਸਿੰਘ ਚੱਠਾ ਨੇ ਕਿਸਾਨਾਂ ਨੂੰ ਹੈਪੀ ਸੀਡਰ, ਸੁਪਰ ਸੀਡਰ ਅਤੇ ਸਮਾਰਟ ਸੀਡਰ ਦੀ ਵਰਤੋਂ ਸਬੰਧੀ ਦੱਸਦਿਆਂ ਕਿਹਾ ਕਿ ਸਮਾਰਟ ਸੀਡਰ 40-50 ਹੋਰਸ ਪਾਵਰ ਟਰੈਕਟਰ ਨਾਲ ਵੀ ਚੱਲ ਸਕਦੀ ਹੈ ਅਤੇ ਕਣਕ ਦੀ ਜੰਮਣ ਸ਼ਕਤੀ ਬਹੁਤ ਵਧੀਆ ਹੁੰਦੀ ਹੈ ਜਦ ਕਿ ਸੁਪਰ ਸੀਡਰ ਲਈ 60-65 ਹੋਰਸ ਪਾਵਰ ਦੀ ਲੋੜ ਪੈਂਦੀ ਹੈ ਅਤੇ ਜੇਕਰ ਬਿਜਾਈ ਉਪਰੰਤ ਮੀਂਹ ਪੈ ਜਾਵੇ ਤਾਂ ਕਣਕ ਦੇ ਜੰਮ ਉਪਰ ਅਸਰ ਪੈਂਦਾ ਹੈ। ਕਿਸਾਨਾਂ ਨੇ ਝੋਨੇ ਉਪਰ ਆ ਰਹੀਆਂ ਬਿਮਾਰੀਆਂ ਜਿਵੇਂ ਬੀ.ਐਲ.ਬੀ., ਝੂਠੀ ਕੰਗਿਆਰੀ, ਤੇਲੇ ਦਾ ਹਮਲੇ ਸਬੰਧੀ ਬੂਟੇ ਦਿਖਾਏ ਜਿਸ ਉਪਰੰਤ ਡਾ. ਚੱਠਾ ਨੇ ਮੌਕੇ ਉੱਪਰ ਹੀ ਪ੍ਰਮਾਣਿਤ ਕੀਟਨਾਸ਼ਕਾਂ ਅਤੇ ਉੱਲੀਨਾਸ਼ਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ।
ਇਸ ਕੈਂਪ ਵਿਚ ਸਹਿਕਾਰੀ  ਸਭਾਵ ਮਹਿਮਦਪੁਰ ਜੱਟਾਂ ਦੇ ਸਕੱਤਰ ਗੁਰਵਿੰਦਰ ਸਿੰਘ, ਪ੍ਰਧਾਨ ਰਜਿੰਦਰ ਸਿੰਘ, ਮੀਤ ਪ੍ਰਧਾਨ ਹਰਦੀਪ ਸਿੰਘ, ਸੇਵਾਦਾਰ ਯੋਗਿੰਦਰ ਸਿੰਘ ਨੇ ਕਿਸਾਨਾਂ ਨੂੰ ਸੁਸਾਇਟੀ ਕੋਲ ਉਪਲਬਧ ਮਸ਼ੀਨਰੀ ਦੀ ਵਰਤੋਂ ਸਬੰਧੀ ਅਪੀਲ ਕੀਤੀ। ਇਸ ਮੌਕੇ ਕਿਸਾਨ ਯੂਨੀਅਨ ਦੇ ਨੁਮਾਇੰਦੇ ਸੁਰਿੰਦਰ ਸਿੰਘ, ਜਗਤਾਰ ਸਿੰਘ, ਧਰਮਿੰਦਰ ਸਿੰਘ ਅਤੇ ਖੇਤੀਬਾੜੀ ਵਿਭਾਗ ਦੇ ਏ.ਟੀ.ਐਮ ਕਮਲਦੀਪ ਸਿੰਘ ਅਤੇ ਅੰਜੂ ਬਾਲਾ ਐਨ.ਜੀ.ਓ ਸ਼ਾਮਲ ਸਨ।

Spread the love

Leave a Reply

Your email address will not be published. Required fields are marked *

Back to top button