ਮੁੱਖ ਮੰਤਰੀ ਭਗਵੰਤ ਮਾਨ ਦੀ ਪੂਰੀ ਟੀਮ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਤਤਪਰ-ਜੌੜਾਮਾਜਰਾ
ਪਟਿਆਲਾ, 21 ਅਕਤੂਬਰ :
ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਨਵੇਂ ਨਿਯੁਕਤ ਕੀਤੇ ਗਏ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਅੱਜ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਵਿਧਾਇਕਾਂ ਅਜੀਤਪਾਲ ਸਿੰਘ ਕੋਹਲੀ, ਡਾ. ਬਲਬੀਰ ਸਿੰਘ, ਕੁਲਵੰਤ ਸਿੰਘ ਬਾਜ਼ੀਗਰ, ਹਰਮੀਤ ਸਿੰਘ ਪਠਾਣਮਾਜਰਾ ਤੇ ਗੁਰਲਾਲ ਘਨੌਰ ਅਤੇ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਮੁੱਖ ਮੰਤਰੀ ਦਫ਼ਤਰ ਦੇ ਡਾਇਰੈਕਟਰ ਮੀਡੀਆ ਰਿਲੇਸ਼ਨਜ਼ ਬਲਤੇਜ ਪੰਨੂ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ‘ਚ ਆਪਣਾ ਅਹੁਦਾ ਸੰਭਾਲ ਲਿਆ ਹੈ।
ਜ਼ਿਲ੍ਹਾ ਯੋਜਨਾ ਕਮੇਟੀ ਦੇ ਦਫ਼ਤਰ ਵਿਖੇ ਕਰਵਾਏ ਇੱਕ ਸਮਾਗਮ ਮੌਕੇ ਸਿਹਤ ਮੰਤਰੀ ਅਤੇ ਸਮੂਹ ਪਤਵੰਤਿਆਂ ਨੇ ਜੱਸੀ ਸੋਹੀਆਂ ਵਾਲਾ ਨੂੰ ਪਾਰਟੀ ਦਾ ਵਫ਼ਦਾਰ ਸਿਪਾਹੀ ਅਤੇ ਆਮ ਲੋਕਾਂ ਦੀ ਸੇਵਾ ਨੂੰ ਸਮਰਪਿਤ ਆਗੂ ਦੱਸਦਿਆਂ ਇਹ ਵਕਾਰੀ ਅਹੁਦਾ ਸੰਭਾਲਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਜੱਸੀ ਸੋਹੀਆਂ ਵਾਲਾ ਜ਼ਿਲ੍ਹੇ ਦੇ ਵਿਕਾਸ ਲਈ ਬਿਹਤਰ ਯੋਜਨਾਵਾਂ ਉਲੀਕ ਕੇ ਇਨ੍ਹਾਂ ਨੂੰ ਨੇਪਰੇ ਚੜ੍ਹਾਉਣ ਲਈ ਆਪਣਾ ਅਹਿਮ ਯੋਗਦਾਨ ਪਾਉਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਮੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦੇ ਆ ਰਹੇ ਜੱਸੀ ਸੋਹੀਆਂ ਵਾਲਾ ਨੂੰ ਜ਼ਿਲ੍ਹੇ ਦੇ ਵਿਕਾਸ ਲਈ ਅਹਿਮ ਜਿੰਮੇਵਾਰ ਸੌਂਪ ਕੇ ਸਮਰਪਿਤ ਵਰਕਰਾਂ ਦੀ ਕਦਰ ਪਾਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਸਮੁੱਚੀ ਟੀਮ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਦਿਨ-ਰਾਤ ਤਤਪਰ ਤੇ ਸਮਰਪਿਤ ਹੈ।
ਜ਼ਿਲ੍ਹਾ ਯੋਜਨਾ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਜਸਵੀਰ ਸਿੰਘ ਸੋਹੀਆਂ ਵਾਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਉਪਰ ਪ੍ਰਗਟਾਏ ਗਏ ਭਰੋਸੇ ‘ਤੇ ਪੂਰੀ ਤਰ੍ਹਾਂ ਖਰਾ ਉਤਰਨਗੇ।
ਜੱਸੀ ਸੋਹੀਆਂ ਵਾਲਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵਿਧਾਇਕ ਸਾਹਿਬਾਨ ਦੀ ਸਲਾਹ ਨਾਲ ਜ਼ਿਲ੍ਹੇ ਦੇ ਸੰਪੂਰਨ ਵਿਕਾਸ ਲਈ ਯੋਜਨਾਵਾਂ ਬਣਾਉਣਾ ਅਤੇ ਇਹਨਾਂ ਨੂੰ ਹੇਠਲੇ ਪੱਧਰ ‘ਤੇ ਲਾਗੂ ਕਰਵਾਉਣਾ ਉਨ੍ਹਾਂ ਦੀ ਮੁਢਲੀ ਤਰਜੀਹ ਹੋਵੇਗੀ।
ਜਿਕਰਯੋਗ ਹੈ ਕਿ ਜੱਸੀ ਸੋਹੀਆਂ ਵਾਲਾ, ਬਤੌਰ ਪੱਤਰਕਾਰ ਅਤੇ ਗੀਤਕਾਰ ਸਮਾਜ ਪ੍ਰਤੀ ਆਪਣੀ ਸੇਵਾ ਨਿਭਾਉਂਦਿਆਂ ਪਿੰਡ ਸਰੈਣ ਦਾਸ ਕਲੋਨੀ ਦੇ ਪਹਿਲੇ ਸਰਪੰਚ ਬਣੇ, ਪੀ.ਏ.ਡੀ.ਬੀ. ਨਾਭਾ ਦੇ ਡਾਇਰੈਕਟਰ, ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਤੇ ਪ੍ਰੈਸ ਕਲੱਬ ਨਾਭਾ ਦੇ ਪ੍ਰਧਾਨ ਵੀ ਰਹੇ ਅਤੇ ਹੁਣ ਆਮ ਆਦਮੀ ਪਾਰਟੀ ਵਿੱਚ ਐਸ.ਸੀ. ਵਿੰਗ ਦੇ ਜੁਆਇੰਟ ਸਕੱਤਰ ਵਜੋਂ ਸੇਵਾ ਨਿਭਾ ਰਹੇ ਹਨ।
ਜੱਸੀ ਸੋਹੀਆਂ ਵਾਲਾ ਵੱਲੋਂ ਅਹੁਦਾ ਸੰਭਾਲਣ ਮੌਕੇ ਉਨ੍ਹਾਂ ਦੇ ਪਿਤਾ ਅਜੈਬ ਸਿੰਘ, ਮਾਤਾ ਚਰਨਜੀਤ ਕੌਰ, ਪਤਨੀ ਹਰਜੀਤ ਕੌਰ, ਭਰਾ ਸਤਪਾਲ ਸਿੰਘ ਚੌਹਾਨ, ਸੰਤ ਦਾਰਾ ਸਿੰਘ ਮੂਲ੍ਹਾ ਬੱਧਾ ਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਲੋਕ ਸਭਾ ਹਲਕਾ ਇੰਚਾਰਜ ਇੰਦਰਜੀਤ ਸਿੰਘ ਸੰਧੂ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਦਿਹਾਤੀ ਪ੍ਰਧਾਨ ਤੇ ਚੇਅਰਮੈਨ ਇੰਪਰੂਵਮੈਂਟ ਟਰਸਟ ਮੇਘ ਚੰਦ ਸ਼ੇਰਮਾਜਰਾ, ਗੁਰਮੇਲ ਸਿੰਘ ਘਰਾਂਚੋਂ, ਚੇਅਰਮੈਨ ਪਨਸੀਡ ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਮੁਕਤਸਰ ਸੁਖਜਿੰਦਰ ਸਿੰਘ ਕਾਉਣੀ, ਆਪ ਦੇ ਬੁਲਾਰੇ ਐਮ.ਪੀ. ਮਲਹੋਤਰਾ ਤੇ ਐਡਵੋਕੇਟ ਰਵਿੰਦਰ ਰਾਜਪੁਰਾ, ਐਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਬੰਗੜ, ਮੁਲਾਜਮ ਵਿੰਗ ਦੇ ਸੂਬਾ ਪ੍ਰਧਾਨ ਪ੍ਰਿੰਸੀਪਲ ਜੇ.ਪੀ. ਸਿੰਘ, ਬੀ.ਸੀ. ਵਿੰਗ ਦੇ ਸੂਬਾ ਪ੍ਰਧਾਨ ਰਣਜੋਧ ਹਡਾਣਾ, ਕਰਨਵੀਰ ਟਿਵਾਣਾ, ਬਲਜਿੰਦਰ ਸਿੰਘ ਚੌਂਦਾ, ਨਰਿੰਦਰ ਸਿੰਘ ਖੇੜੀ ਮਾਨੀਆ, ਧਰਮਿੰਦਰ ਸਿੰਘ ਰੂਪਰਾਏ, ਪ੍ਰਵੀਨ ਛਾਬੜਾ, ਗੁਰਪ੍ਰੀਤ ਸਿੰਘ ਧਮੋਲੀ, ਦਲਜੀਤ ਸਿੰਘ ਦਾਨੀਪੁਰ, ਜ਼ਿਲ੍ਹਾ ਈਵੈਂਟ ਇੰਚਾਰਜ ਅੰਗਰੇਜ ਸਿੰਘ ਰਾਮਗੜ੍ਹ, ਉੱਘੇ ਗਾਇਕ ਹਰਜੀਤ ਹਰਮਨ, ਇਸਤਰੀ ਵਿੰਗ ਜ਼ਿਲ੍ਹਾ ਪ੍ਰਧਾਨ ਵੀਰਪਾਲ ਕੌਰ ਚਹਿਲ ਤੇ ਹੋਰ ਮਹਿਲਾ ਆਗੂ, ਜ਼ਿਲ੍ਹਾ ਪ੍ਰਧਾਨ ਵਪਾਰ ਵਿੰਗ ਅਜੇ ਜਿੰਦਲ, ਯੂਥ ਆਗੂ ਜਗਦੀਪ ਜੱਗਾ, ਵਿੱਕੀ ਘਨੌਰ, ਗਿਆਨ ਸਿੰਘ ਮੰਗੋ, ਬਲਦੇਵ ਸਿੰਘ ਦੇਵੀਗੜ੍ਹ, ਗੁਰਮੁੱਖ ਸਿੰਘ ਪੰਡਤਾ, ਸੰਦੀਪ ਬੰਧੂ, ਕੁੰਦਨ ਗੋਗੀਆ, ਰਾਜੇਸ਼ ਬੱਗਾ, ਆਜਮਦਾਰਾ ਮਲੇਰਕੋਟਲਾ, ਹਰਮੇਸ਼ ਸਿੰਘ ਹਿਆਣਾ, ਮਲਕੀਤ ਐਗਰੋ ਦੇ ਐਮ.ਡੀ. ਚਰਨ ਸਿੰਘ, ਦਸਮੇਸ਼ ਕੰਬਾਇਨ ਦੇ ਮਨਜੀਤ ਸਿੰਘ ਮਠਾੜੂ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਉਪ ਅਰਥ ਤੇ ਅੰਕੜਾ ਸਲਾਹਕਾਰ ਪ੍ਰੇਮ ਕੁਮਾਰ ਸਮੇਤ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਆਗੂ, ਵਰਕਰ ਅਤੇ ਨਾਭਾ ਤੋਂ ਆਈਆਂ ਅਹਿਮ ਸ਼ਖ਼ਸੀਅਤਾਂ ਮੌਜੂਦ ਸਨ।