ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮੌਕੇ ਜ਼ਿਲ੍ਹੇ ਦੇ 100 ਸਾਲ ਤੋਂ ਵਧੇਰੇ 494 ਵੋਟਰਾਂ ਦਾ ਕੀਤਾ ਗਿਆ ਸਨਮਾਨ
ਪਟਿਆਲਾ, 1 ਅਕਤੂਬਰ:
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਕਮ- ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ ਜ਼ਿਲ੍ਹਾ ਚੋਣ ਦਫ਼ਤਰ ਅਤੇ ਸਵੀਪ ਟੀਮ ਵੱਲੋਂ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮੌਕੇ 100 ਸਾਲ ਤੋਂ ਵਧੇਰੇ ਉਮਰ ਵਾਲੇ ਵੋਟਰਾਂ ਨੂੰ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਦਸਤਖਤਾਂ ਵਾਲੇ ਸਨਮਾਨ ਪੱਤਰ ਤਕਸੀਮ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਕੁਲ 494 ਵੋਟਰ ਅਜਿਹੇ ਹਨ ਜਿਨ੍ਹਾਂ ਦੀ ਉਮਰ 100 ਤੋਂ ਵਧੇਰੇ ਹੈ। ਜਿਨ੍ਹਾਂ ਵਿੱਚੋਂ ਨਾਭਾ ਵਿਚ 60, ਪਟਿਆਲਾ ਦਿਹਾਤੀ ਵਿੱਚ 97, ਰਾਜਪੁਰਾ 38, ਘਨੌਰ 45, ਸਮਾਣਾ 75, ਸਨੌਰ 70, ਪਟਿਆਲਾ 46, ਅਤੇ ਸ਼ੁਤਰਾਣਾ ਵਿਚ 63 ਬਜ਼ੁਰਗ ਵੋਟਰ ਹਨ।
ਪ੍ਰੋ ਅੰਟਾਲ ਨੇ ਦੱਸਿਆ ਕਿ ਉਪਰੋਕਤ ਸਨਮਾਨ ਪੱਤਰ ਬਜ਼ੁਰਗ ਵੋਟਰਾਂ ਵੱਲੋਂ ਵਿਧਾਨ ਸਭਾ ਚੋਣਾਂ 2022 ਵਿੱਚ ਪਾਏ ਵਿਸ਼ੇਸ਼ ਯੋਗਦਾਨ ਲਈ ਦਿੱਤੇ ਗਏ ਹਨ, ਕਿਉਂਕਿ ਉਹਨਾਂ ਵੱਲੋਂ ਵੱਡੀ ਉਮਰ ਦੇ ਬਾਵਜੂਦ ਵੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ ਅਤੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਵਜੋਂ ਆਈਕਾਨ ਬਣ ਆਪਣਾ ਫ਼ਰਜ਼ ਨਿਭਾਇਆ ਗਿਆ। ਇਸ ਮੁਹਿੰਮ ਦੀ ਅਗਵਾਈ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ ਚੋਣ ਤਹਿਸੀਲਦਾਰ ਰਾਮ ਜੀ ਲਾਲ ਅਤੇ ਚੋਣ ਦਫ਼ਤਰ ਵੱਲੋਂ ਕੀਤੀ ਗਈ।