Punjab-ChandigarhTop NewsUncategorized

ਮੈਂ ਇਕ ਸਾਧਾਰਣ ਪੇਂਡੂ ਬੰਦਾ ਜਿਸਦਾ ਮੁਕਾਬਲਾ ਵੱਡੇ-ਵੱਡੇ ਥੰਮਾਂ ਨਾਲ: ਐਨ ਕੇ ਸ਼ਰਮਾ

ਪਟਿਆਲਾ, 1 ਮਈ: ਸਾਬਕਾ ਐਮ ਐਲ ਏ ਘਨੌਰ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਵੱਲੋਂ ਅੱਜ ਪਟਿਆਲਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਵਿਚ ਵਿਸ਼ਾਲ ਰੈਲੀ ਆਪਣੀ ਰਿਹਾਇਸ਼ ’ਤੇ ਕਰਵਾਈ ਗਈ।
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਨੇ ਕਿਹਾ ਕਿ ਐਨ ਕੇ ਸ਼ਰਮਾ ਦੀ ਉਮੀਦਵਾਰੀ ਨੂੰ ਲੈ ਕੇ ਲੋਕਾਂ ਵਿਚ ਵੱਡਾ ਉਤਸ਼ਾਹ ਹੈ ਤੇ ਉਹ ਵੱਡੇ ਫਰਕ ਨਾਲ ਪਟਿਆਲਾ ਸੀਟ ਜਿੱਤਣਗੇ। ਉਹਨਾਂ ਕਿਹਾ ਕਿ ਅਸੀਂ ਪੂਰੇ ਤਹਿ ਦਿਲੋਂ ਐਨ ਕੇ ਸ਼ਰਮਾ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਹਾਂ ਜਿਸਦਾ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਜੋ ਇਸ ਰੈਲੀ ਤੋਂ ਸਪਸ਼ਟ ਹੋ ਰਿਹਾ ਹੈ।
ਰੈਲੀ ਨੂੰ ਸੰਬੋਧਨ ਕਰਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਮੈਂ ਇਕ ਸਾਧਾਰਣ ਪੇਂਡੂ ਬੰਦਾ ਦਾ ਜਿਸਦਾ ਇਸ ਵਾਰ ਮੁਕਾਬਲਾ ਵੱਡੇ-ਵੱਡੇ ਥੰਮਾਂ ਨਾਲ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਮੁਕਾਬਲੇ ਮਹਿਲਾਂ ਦੇ ਮਾਲਕ ਰਜਵਾੜਿਆਂ ਦੇ ਘਰ ਦੀ ਨੂੰਹ ਪ੍ਰਨੀਤ ਕੌਰ ਭਾਜਪਾ ਉਮੀਦਵਾਰ ਹੈ, ਦੂਜੇ ਪਾਸੇ ਆਪ ਦੇ ਉਮੀਦਵਾਰ ਡਾ. ਬਲਬੀਰ ਸਿੰਘ ਖੁਦ ਸਿਹਤ ਮੰਤਰੀ ਪੰਜਾਬ ਹਨ ਅਤੇ ਕਾਂਗਰਸ ਵੱਲੋਂ ਪਹਿਲਾਂ ਐਮ ਪੀ ਰਹਿ ਚੁੱਕੇ ਡਾ. ਧਰਮਵੀਰ ਗਾਂਧੀ ਹਨ।
ਉਹਨਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਇਕ ਸਾਧਾਰਣ ਵਰਕਰ ਹਨ ਜਿਸਨੂੰ ਪਾਰਟੀ ਨੇ ਉਮੀਦਵਾਰ ਬਣਾ ਕੇ ਬਹੁਤ ਮਾਣ ਤੇ ਸਤਿਕਾਰ ਬਖਸ਼ਿਆ ਹੈ। ਉਹਨਾਂ ਕਿਹਾ ਕਿ ਉਹ ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਬਣੇ, ਫਿਰ ਨਗਰ ਕੌਂਸਲ ਜ਼ੀਰਕਪੁਰ ਦੇ ਦੋ ਵਾਰ ਪ੍ਰਧਾਨ ਰਹੇ, ਫਿਰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਬਣੇ ਤੇ ਫਿਰ ਡੇਰਾਬੱਸੀ ਹਲਕੇ ਦੇ ਲੋਕਾਂ ਨੇ ਦੋ ਵਾਰ ਉਹਨਾਂ ਨੂੰ ਬਤੌਰ ਐਮ ਐਲ ਏ ਸੇਵਾ ਬਖਸ਼ੀ ਤੇ ਉਹ ਮੁੱਖ ਪਾਰਲੀਮਾਨੀ ਸਕੱਤਰ ਵੀ ਰਹੇ।
ਐਨ ਕੇ ਸ਼ਰਮਾ ਨੇ ਕਿਹਾ ਕਿ ਇਹਨਾਂ ਅਹੁਦਿਆਂ ’ਤੇ ਰਹਿੰਦਿਆਂ ਜੋ ਰਿਕਾਰਡ ਵਿਕਾਸ ਉਹਨਾਂ ਨੇ ਜ਼ੀਰਕਪੁਰ ਅਤੇ ਮੁਹਾਲੀ ਵਿਚ ਕਰਵਾਇਆ ਹੈ, ਉਹ ਲੋਕਾਂ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਉਹ ਹਮੇਸ਼ਾ ਨਿਮਾਣੇ ਸੇਵਾਦਾਰ ਵਜੋਂ ਵਿਚਰਦੇ ਰਹੇ ਹਨ ਤੇ ਮੁਹਾਲੀ ਵਿਚ 9 ਖੇਡ ਸਟੇਡੀਅਮ ਬਣਵਾਉਣ, ਕੌਮਾਂਤਰੀ ਹਵਾਈ ਅੱਡਾ ਬਣਵਾਉਣ, 200 ਫੁੱਟੀ ਏਅਰਪੋਰਟ ਰੋਡ ਬਣਵਾਉਣ ਸਮੇਤ ਹੋਰ ਵਿਕਾਸ ਕਾਰਜ ਮੁਹਾਲੀ ਵਿਚ ਕੀਤੇ ਹਨ ਅਤੇ ਇਸੇ ਤਰੀਕੇ ਬਤੌਰ ਨਗਰ ਕੌਂਸਲ ਪ੍ਰਧਾਨ ਤੇ ਐਮ ਐਲ ਏ ਡੇਰਾਬੱਸੀ ਹਲਕੇ ਵਿਚ ਰਿਕਾਰਡ ਵਿਕਾਸ ਕਰਵਾਇਆ ਹੈ।


ਉਹਨਾਂ ਕਿਹਾ ਕਿ ਦੂਜੇ ਪਾਸੇ ਚਾਰ ਵਾਰ ਐਮ ਪੀ ਬਣਨ ਦੇ ਬਾਵਜੂਦ ਪ੍ਰਨੀਤ ਕੌਰ ਨੇ ਪਟਿਆਲਾ ਵਾਸਤੇ ਇਕ ਵੀ ਪ੍ਰਾਜੈਕਟ ਨਹੀਂ ਲਿਆਂਦਾ ਜਦੋਂ ਡਾ. ਗਾਂਧੀ ਦੀ ਬਤੌਰ ਐਮ ਪੀ ਕਾਰਗੁਜ਼ਾਰੀ ਜ਼ੀਰੋ ਰਹੀ ਹੈ ਤੇ ਆਪ ਸਰਕਾਰ ਦੀ ਕਾਰਗੁਜ਼ਾਰੀ ਤਾਂ ਲੋਕਾਂ ਸਾਹਮਣੇ ਹੈ ਕਿਵੇਂ ਇਹਨਾਂ ਵੱਲੋਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਝੂਠੇ ਸਾਬਤ ਹੋਏ ਹਨ।
ਉਹਨਾਂ ਕਿਹਾ ਕਿ ਪਹਿਲਾਂ ਕਾਂਗਰਸ ਨੇ ਝੂਠ ਬੋਲ ਕੇ ਸੱਤਾ ਹਾਸਲ ਕੀਤੀ ਤੇ ਫਿਰ ਆਪ ਨੇ ਝੂਠ ਬੋਲ ਕੇ ਸੱਤਾ ਹਾਸਲ ਕੀਤੀ ਜਦੋਂ ਕਿ ਅਕਾਲੀ ਦਲ ਨੇ ਜੋ ਕਿਹਾ, ਉਹੀ ਕੀਤਾ ਹੈ। ਉਹਨਾਂ ਕਿਹਾ ਕਿ ਉਹ ਵੀ ਵਾਅਦਾ ਕਰਦੇ ਹਨ ਕਿ ਜੇਕਰ ਲੋਕ ਉਹਨਾਂ ਨੂੰ ਸੇਵਾ ਬਖਸ਼ਿਸ਼ ਕਰਨਗੇ ਤਾਂ ਉਹ ਜਿਥੇ ਘੜਾਮ ਵਿਚ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦਾ ਵਿਸ਼ਾਲ ਮੰਦਰ ਬਣਵਾਉਣਗੇ, ਉਥੇ ਹੀ ਵੱਡੇ-ਵੱਡੇ ਪ੍ਰਾਜੈਕਟ ਪਟਿਆਲਾ ਵਾਸਤੇ ਲਿਆਉਣਗੇ ਤੇ ਇਥੇ ਦਾ ਸਰਵ ਪੱਖੀ ਵਿਕਾਸ ਕਰਵਾਉਣ ਦੇ ਨਾਲ-ਨਾਲ ਪਟਿਆਲਾ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਣਾ ਯਕੀਨੀ ਬਣਾਉਣਗੇ।
ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਚੌਣ ਇੰਚਾਰਜ ਕ੍ਰਿਸ਼ਨਪਾਲ ਸ਼ਰਮਾ, ਸਾਬਕਾ ਮੰਤਰੀ ਅਜੈਬ ਸਿੰਘ ਮੁਖਮੈਲਪੁਰ , ਜੈ ਸਿੰਘ ਮੁਖਮੈਲਪੁਰ , ਬਹਾਦਰ ਸਿੰਘ, ਸਤਨਾਮ ਸਿੰਘ , ਦਰਸ਼ਨ ਸਿੰਘ , ਨਿਸ਼ਾਨ ਸਿੰਘ , ਬਲਜੀਤ ਸਿੰਘ , ਧੰਨਾ ਸਿੰਘ , ਗੁਰਦੀਪ ਸਿੰਘ, ਅਮਰ ਸਿੰਘ, ਬਲਜੀਤ ਸਿੰਘ, ਕੰਵਰਪਾਲ, ਸੁਖਦੇਵ ਸਿੰਘ ਸਮੇਤ ਕਈ ਪਤਵੰਤੇ ਹਾਜਰ ਸਨ।   

Spread the love

Leave a Reply

Your email address will not be published. Required fields are marked *

Back to top button