108 ਐਂਬੂਲੈਂਸ ਚਲਾਉਣ ਵਾਲੀ ਕੰਪਨੀ ਨੂੰ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਵੱਲੋਂ ਸੇਵਾਵਾਂ ਨੂੰ ਹੋਰ ਚੁਸਤ ਕਰਨ ਦੇ ਹੁਕਮ
ਚੰਡੀਗੜ੍ਹ, 16 ਦਸੰਬਰ, 2022: ਆਪਣੇ ਕਰਮਚਾਰੀਆਂ ਤੱਕ ਉਨ੍ਹਾਂ ਦੇ ਪਰਿਵਾਰ ਰਾਹੀਂ ਪਹੁੰਚਣ ਅਤੇ ਉਨ੍ਹਾਂ ਦੇ ਕੰਮ ਨੂੰ ਮਾਨਤਾ ਦੇਣ ਦੀ ਕੋਸ਼ਿਸ਼ ਵਿੱਚ, ਜਿਕਿਤਜ਼ਾ ਹੈਲਥਕੇਅਰ ਲਿਮਿਟਡ ਨੇ ਹੋਣਹਾਰ ਵਿਦਿਆਰਥੀਆਂ ਨੂੰ ਆਪਣੀ ਉੱਚੇਰੀ ਪੜ੍ਹਾਈ ਅਤੇ ਖੇਡਾਂ ਦੀ ਸਿਖਲਾਈ ਵਿੱਚ ਮਦਦ ਕਰਨ ਲਈ ਐਂਬੂਲੈਂਸ ਐਕਸੈਸ ਫਾਰ ਆਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਪਣੀ ਸਾਲਾਨਾ ਸਕਾਲਰਸ਼ਿਪ ਗ੍ਰਾਂਟ ਪ੍ਰਦਾਨ ਕੀਤੀ ਹੈ। ਇਸ ਪ੍ਰੋਗਰਾਮ ਨਾਲ ਜਿਕਿਤਜ਼ਾ ਹੈਲਥਕੇਅਰ ਨੇ 108 ਐਂਬੂਲੈਂਸ ਸਟਾਫ ਦੇ ਬੱਚਿਆਂ ਨੂੰ ਸਾਲ 2021-22 ਵਿੱਚ ਉਨ੍ਹਾਂ ਦੇ ਸ਼ਾਨਦਾਰ ਅਕਾਦਮਿਕ ਅਤੇ ਖੇਡ ਪ੍ਰਦਰਸ਼ਨ ਲਈ ਇਹ ਸਨਮਾਨ ਦਿੱਤਾ ਹੈ।
ਇਸ ਸਕਾਲਰਸ਼ਿਪ ਪ੍ਰੋਗਰਾਮ-2022 ਵਿੱਚ 13 ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਦੋਵਾਂ ਸ਼੍ਰੇਣੀਆਂ ਵਿੱਚ ਪਹਿਲੇ ਹਰੇਕ ਜੇਤੂ ਨੂੰ 50000/- ਰੁਪਏ ਦਾ ਚੈੱਕ ਦਿੱਤਾ ਗਿਆ। ਦੂਜੇ ਹਰੇਕ ਜੇਤੂ ਨੂੰ 25000/-ਰੁਪਏ ਦਾ ਚੈੱਕ ਦਿੱਤਾ ਗਿਆ। ਤੀਜੇ ਹਰੇਕ ਜੇਤੂ ਨੂੰ ਰੁ. 10000/- ਦੇ ਚੈਕ ਨਾਲ ਸਨਮਾਨ ਕੀਤਾ ਗਿਆ। ZHL ਨੇ ਪੰਜਾਬ ਦੇ ਸਾਰੇ ਕਲੱਸਟਰਾਂ ਦੇ ਕਰੂ ਸਟਾਫ ਨੂੰ ਵੀ ਸਨਮਾਨਿਤ ਕੀਤਾ। 13 ਪਾਇਲਟਾਂ ਅਤੇ 13 ਈਐਮਟੀ ਨੂੰ ਸਰਟੀਫਿਕੇਟ, ਟਰਾਫੀਆਂ ਅਤੇ ਕੈਸ਼ ਵਉਚਰ ਨਾਲ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਸ. ਚੇਤਨ ਸਿੰਘ ਜੌੜਾਮਾਜਰਾ, ਮਾਣਯੋਗ ਸਿਹਤ ਮੰਤਰੀ, ਪੰਜਾਬ ਵੱਲੋਂ ਖੇਤਰੀ ਦਫ਼ਤਰ ਦੇ ਸਟਾਫ਼ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਹੋਰ ਸ਼ਖਸੀਅਤਾਂ ਵਿੱਚ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ, ਸ੍ਰੀਮਤੀ ਡਾ. ਨੀਲਿਮਾ, ਆਈਏਐਸ, ਐਮਡੀ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਜਤਿੰਦਰ ਸ਼ਰਮਾ, ਗੋਵਰਨਮੇਂਟ ਬਿਜਨੇਸ ਦੇ ਮੁਖੀ, ਜ਼ਿਕਿਤਜ਼ਾ ਹੈਲਥਕੇਅਰ ਲਿਮਟਿਡ ਅਤੇ ਮਨੀਸ਼ ਬੱਤਰਾ, ਪ੍ਰੋਜੈਕਟ ਹੈੱਡ, ਸ਼ਾਮਲ ਸਨ।
ਇਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਕੋਵਿਡ ਅਤੇ ਹੋਰ ਮੁਸ਼ਕਿਲਾਂ ਦੇ ਬਾਵਜੂਦ ਵਿਦਿਆਰਥੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸਮੂਹਿਕ ਢੰਗ ਨਾਲ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰ ਸਕਦੇ ਹਨ। ਅਜਿਹੇ ਪੁਰਸਕਾਰ ਉਨ੍ਹਾਂ ਨੂੰ ਅਕਾਦਮਿਕ ਤੌਰ ‘ਤੇ ਬਿਹਤਰ ਪ੍ਰਦਰਸ਼ਨ ਕਰਨ ਅਤੇ ਕੇਂਦਰਿਤ ਰਹਿਣ ਲਈ ਪ੍ਰੇਰਨਾ ਦਿੰਦੇ ਹਨ। ਅਸੀਂ ਚਾਹੁੰਦੇ ਹਾਂ ਕਿ ZHL ਉਨ੍ਹਾਂ ਦੀ ਬਿਹਤਰੀ ਲਈ ਅਜਿਹੇ ਸਾਲਾਨਾ ਸਕਾਲਰਸ਼ਿਪ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਰਹੇ। ਸਾਡਾ ਦ੍ਰਿਸ਼ਟੀਕੋਣ ਵਿਦਿਆਰਥੀਆਂ ਨੂੰ ਨਾ ਸਿਰਫ਼ ਉੱਤਮ ਪੇਸ਼ੇਵਰ ਬਣਾਉਣਾ ਹੈ, ਸਗੋਂ ਇਕ ਚੰਗੇ ਨਾਗਰਿਕ ਵੀ ਬਣਾਉਣਾ ਹੈ।
ਓਹਨਾਂ ਜਿਕਿਤਜ਼ਾ ਹੈਲਥਕੇਅਰ ਲਿਮਟਿਡ ਨੂੰ ਸਖ਼ਤ ਹਦਾਇਤਾਂ ਕੀਤੀਆਂ ਕਿ ਸੂਬੇ ਵਿੱਚ ਇਹ 108 ਐਂਬੂਲੈਂਸਾਂ ਇੱਕ ਲਾਈਫ ਲਾਈਨ ਦੀ ਤਰ੍ਹਾਂ ਹਨ ਇਸਲਈ ਇਹਨਾਂ ਐਂਬੂਲੈਂਸਾਂ ਨੂੰ ਬਿਲਕੁਲ ਦਰੁਸਤ ਹਾਲਤ ਵਿੱਚ ਰੱਖਿਆ ਜਾਵੇ। ਇਹਨਾਂ ਐਂਬੂਲੈਂਸਾਂ ਦੇ ਮਰੀਜ਼ ਤੱਕ ਪਹੁੰਚਣ ਦੇ ਸਮੇਂ ਨੂੰ ਵੀ ਹੋਰ ਘਟਾਇਆ ਜਾਵੇ ਕਿਉਂਕਿ ਮਰੀਜ਼ ਦੀ ਜਾਨ ਬਚਾਉਣ ਲਈ ਸਮਾਂ ਹੀ ਜ਼ਿੰਦਗੀ ਹੈ। ਓਹਨਾਂ ਕਿਹਾ ਕਿ 108 ਐਂਬੂਲੈਂਸ ਦੇ ਸੰਬੰਧ ਵਿੱਚ ਕਿਸੇ ਵੀ ਕਿਸਮ ਦੀ ਸ਼ਿਕਾਇਤ ਨੂੰ ਬਹੁਤ ਗੰਭੀਰਤਾ ਨਾਲ਼ ਲਿਆ ਜਾਵੇਗਾ ਅਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸਿਹਤ ਮੰਤਰੀ ਨੇ ਔਰਤਾਂ ਦੀ ਭਾਗੀਦਾਰੀ ਵਧਾਉਣ ਸਬੰਧੀ ਹਮਾਇਤ ਕਰਦਿਆਂ ਕਿਹਾ ਕਿ ਅੱਜ ਕੁੜੀਆਂ ਹਰ ਖੇਤਰ ਵਿੱਚ ਅੱਗੇ ਆ ਰਹੀਆਂ ਹਨ ਅਤੇ ਜਿਕਿਤਜ਼ਾ ਹੈਲਥਕੇਅਰ ਲਿਮਟਿਡ ਨੂੰ ਵੀ ਕੁੜੀਆਂ ਨੂੰ ਇਸ ਸੇਵਾ ਦੇ ਖੇਤਰ ਵਿੱਚ ਮੌਕਾ ਦੇਣਾ ਚਾਹੀਦਾ ਹੈ।
ਅੰਤ ਵਿੱਚ, ਸਿਹਤ ਮੰਤਰੀ ਨੇ 108 ਐਂਬੂਲੈਂਸ ਸਟਾਫ਼ ਦੇ ਸਾਹਸ ਅਤੇ ਜਜ਼ਬੇ, ਉਨ੍ਹਾਂ ਦੀ ਨਿਰਸਵਾਰਥ ਅਤੇ ਵਚਨਬੱਧ ਸੇਵਾ ਲਈ ਜੋ ਉਹ ਐਮਰਜੈਂਸੀ ਸਥਿਤੀਆਂ ਵਿੱਚ ਪ੍ਰਦਾਨ ਕਰਦੇ ਹਨ, ਦੀ ਵੀ ਸ਼ਲਾਘਾ ਕੀਤੀ।