ਸਰਕਾਰੀ ਨਰਸਿੰਗ ਕਾਲਜ ‘ਚ ‘ਸਾਡੀਆਂ ਨਰਸਾਂ ਸਾਡਾ ਭਵਿੱਖ’ ਤਹਿਤ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ
ਪਟਿਆਲਾ, 18 ਮਈ:
ਸਰਕਾਰੀ ਨਰਸਿੰਗ ਕਾਲਜ, ਪਟਿਆਲਾ ਵਿਖੇ ਸਾਲ 2023 ਦੇ ਥੀਮ ‘ਸਾਡੀਆਂ ਨਰਸਾਂ ਸਾਡਾ ਭਵਿੱਖ’ ਤਹਿਤ ਅੰਤਰਰਾਸ਼ਟਰੀ ਨਰਸ ਦਿਵਸ ਪ੍ਰਿੰਸੀਪਲ ਡਾ. ਬਲਵਿੰਦਰ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ।
ਸਮਾਰੋਹ ਮੌਕੇ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਮੁੱਖ ਮਹਿਮਾਨ, ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਬਲਵਿੰਦਰ ਕੌਰ ਨੇ ਅੰਤਰਰਾਸ਼ਟਰੀ ਨਰਸ ਦਿਵਸ ਮਨਾਏ ਜਾਣ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਨਰਸਿੰਗ ਕਾਲਜ ਦੀ ਰਿਪੋਰਟ ਪੇਸ਼ ਕੀਤੀ।
ਉਨ੍ਹਾਂ ਦੱਸਿਆ ਕਿ ਕਾਲਜ ਦੀਆਂ ਵਿਦਿਆਰਥਣਾਂ ਨੇ 12 ਮਈ ਤੋਂ 16 ਮਈ ਤੱਕ ਪੋਸਟਰ ਬਣਾਉਣ, ਬਹਿਸ ਮੁਕਾਬਲੇ, ਖੇਡਾਂ ਅਤੇ ਕੁਇਜ ਪ੍ਰੋਗਰਾਮ ਵਿੱਚ ਲਿਆ। ਇਨ੍ਹਾਂ ਮੁਕਾਬਲਿਆਂ ਦੀਆਂ ਜੇਤੂ ਵਿਦਿਆਰਥਣਾਂ ਨੂੰ ਸਨਮਾਨਤ ਕੀਤਾ ਗਿਆ। ਇਸ ਦੌਰਾਨ ਕੋਆਰਡੀਨੇਟਰ ਮਨਪ੍ਰਿਆ ਕੌਰ, ਸੀਮਾ ਹਸੀਜਾ, ਮਨਪ੍ਰੀਤ ਕੌਰ, ਜਸਬੀਰ ਕੌਰ ਸਮੇਤ ਸਮੁੱਚਾ ਅਮਲਾ ਹਾਜ਼ਰ ਰਿਹਾ।