Punjab-Chandigarh

ਸਮੁੱਚੇ ਪ੍ਰਸ਼ਾਸਨ ਨੂੰ ਨਾਲ ਲੈਕੇ ਪਿੰਡਾਂ ‘ਚ ਕੀਤੀ ‘ਲੋਕ ਮਿਲਣੀ’ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਕਰੇਗੀ ਹੱਲ : ਡਾ. ਬਲਬੀਰ ਸਿੰਘ

Harpreet kaur ( TMT)

ਪਟਿਆਲਾ, 13 ਮਈ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦਿਹਾਤੀ ਹਲਕੇ ‘ਚ ਪੈਂਦੇ ਪਿੰਡ ਲੁਬਾਣਾ ਟੇਕੂ, ਧੰਗੇੜਾ, ਹਿਆਣਾ ਕਲਾਂ ਅਤੇ ਮੰਡੌਰ ਪਿੰਡਾਂ ਦਾ ਦੌਰਾ ਕਰਕੇ ਲੋਕ ਮਿਲਣੀ ਕੀਤੀ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਮੌਕੇ ‘ਤੇ ਹੀ ਸਬੰਧਤ ਵਿਭਾਗਾਂ ਨੂੰ ਸਮੱਸਿਆਵਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਤੇ ਐਸ.ਡੀ.ਐਮ. ਨਾਭਾ ਤਰਸੇਮ ਚੰਦ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਆਪਣੇ ਦੌਰੇ ਦੌਰਾਨ ਲੋਕ ਮਿਲਣੀ ਕਰਦਿਆਂ ਡਾ. ਬਲਬੀਰ ਸਿੰਘ ਨੇ ਪਿੰਡ ਲੁਬਾਣਾ ਟੇਕੂ ਵਿਖੇ 19 ਏਕੜ (96 ਵਿੱਘੇ) ‘ਚ ਫੈਲੀ ਢਾਬ ਨੂੰ ਪਿੰਡ ਵਾਲਿਆਂ ਦੀ ਰਾਏ ਨਾਲ ਵਿਕਸਤ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਇਸਨੂੰ ਸੈਰਗਾਹ ਵਜੋਂ ਸੈਲਾਨੀਆਂ ਦੀ ਖਿੱਚ ਦਾ ਕੇਂਦਰ (ਪਿਕਨਿਕ ਸਪਾਟ) ਬਣਾਇਆ ਜਾਵੇਗਾ, ਜਿਸ ‘ਚ ਸੈਰ ਲਈ ਟਰੈਕ, ਪਾਰਕ, ਬੂਟੇ, ਬੇਬੇ ਦੀ ਰਸੋਈ ਸਮੇਤ ਇਸ ਦੇ ਪਾਣੀ ਦੀ ਵਰਤੋਂ ਲਿਫ਼ਟ ਇਰੀਗੇਸ਼ਨ ਰਾਹੀਂ ਖੇਤਾਂ ‘ਚ ਕੀਤੀ ਜਾਵੇਗੀ ਅਤੇ ਵਾਟਰ ਰੀਚਾਰਜਿਗ ਵੀ ਕੀਤਾ ਜਾਵੇਗਾ। ਉਨ੍ਹਾਂ ਪਿੰਡ ਦੇ ਕਿਸਾਨ ਧਰਮਿੰਦਰ ਸਿੰਘ ਦੀ ਸਰਾਹਨਾ ਕਰਦਿਆਂ ਕਿਹਾ ਕਿ ਕਿਸਾਨ ਵੱਲੋਂ ਆਪਣੇ ਖੇਤਾਂ ‘ਚ ਵਾਟਰ ਰੀਚਾਰਜਿੰਗ ਕਰਨ ਦੀ ਪਹਿਲ ਕਦਮੀ ਕੀਤੀ ਗਈ ਹੈ।


ਡਾ. ਬਲਬੀਰ ਸਿੰਘ ਨੇ ਸਮੁੱਚੇ ਪ੍ਰਸ਼ਾਸਨ ਨਾਲ ਪਿੰਡ ਧੰਗੇੜਾਂ ਦੇ ਖੇਡ ਸਟੇਡੀਅਮ ਦਾ ਦੌਰਾ ਕਰਦਿਆਂ ਕਿਹਾ ਕਿ 5 ਏਕੜ ਤੋਂ ਵੱਧ ਜਗ੍ਹਾ ‘ਚ ਫੈਲਿਆ ਇਹ ਸਟੇਡੀਅਮ ਆਲੇ-ਦੁਆਲੇ ਦੇ ਕਈ ਪਿੰਡਾਂ ਦੇ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਦੇਵੇਗਾ। ਉਨ੍ਹਾਂ ਕਿਹਾ ਕਿ ਇਥੇ ਕ੍ਰਿਕਟ ਸਟੇਡੀਅਮ ਸਮੇਤ ਬੈਡਮਿੰਟਨ, ਫੁੱਟਬਾਲ ਸਮੇਤ ਹੋਰਨਾਂ ਖੇਡਾਂ ਦੇ ਮੈਦਾਨ ਵੀ ਵਿਕਸਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਟੇਡੀਅਮ ਦੇ ਆਲੇ ਦੁਆਲੇ ਛਾਂਦਾਰ ਰੁੱਖ ਵੀ ਲਗਾਏ ਜਾਣ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਸਾਰਾ ਸਾਲ ਖੇਡ ਸਟੇਡੀਅਮ ਦੀ ਵਰਤੋਂ ਕੀਤੀ ਜਾ ਸਕੇ। ਉਨ੍ਹਾਂ ਪਿੰਡ ਦੇ ਟੋਭੇ ਨੂੰ ਵੀ ਡੂੰਘਾ ਕਰਨ ਦੇ ਨਿਰਦੇਸ਼ ਦਿੱਤੇ।
ਪਿੰਡ ਹਿਆਣਾ ਵਿਖੇ ਡਾ. ਬਲਬੀਰ ਸਿੰਘ ਨੇ ਕੂੜਾ ਪ੍ਰਬੰਧਨ ਕਰਨ ਅਤੇ ਫ਼ਸਲੀ ਵਿਭਿੰਨਤਾ ਅਪਣਾਉਣ ਲਈ ਪਿੰਡ ਵਾਸੀਆਂ ਨੂੰ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਥੇ ਫੁੱਲਾਂ ਦੀ ਖੇਤੀ ਨੂੰ ਉਤਸ਼ਾਹਤ ਕਰਨ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ‘ਚ ਗਰੀਬ  ਲੋਕਾਂ ਦੇ ਬਣੇ ਘਰਾਂ ਨੂੰ ਸੜਕਾਂ, ਗਲੀਆਂ ਸਮੇਤ ਸੀਵਰੇਜ ਦਾ ਪ੍ਰਬੰਧ ਕਰਨਾ ਵੀ ਯਕੀਨੀ ਬਣਾਇਆ ਜਾਵੇ।
ਕੈਬਨਿਟ ਮੰਤਰੀ ਨੇ ਪਿੰਡ ਮੰਡੌਰ ਦਾ ਦੌਰਾ ਕਰਦਿਆਂ ਕਿਹਾ ਕਿ ਇਥੇ ਸਕੂਲ ਆਫ਼ ਐਮੀਨੈਂਸ ਵੀ ਬਣਾਇਆ ਗਿਆ ਹੈ ਜਿਥੇ ਵਿਦਿਆਰਥੀਆਂ ਨੂੰ ਪੀ.ਏ.ਯੂ ਵੱਲੋਂ ਖੇਤੀਬਾੜੀ ਦੇ ਦਿੱਤੇ ਗਏ 31 ਮਾਡਲ ਸਬੰਧੀ ਜਿਸ ‘ਚ ਫਸਲੀ ਵਿਭਿੰਨਤਾ, ਤੇਲ ਬੀਜ ਸਮੇਤ ਸਬਜ਼ੀਆਂ ਤੇ ਫਲਾਂ ਦੇ ਮੰਡੀਕਰਨ ਸਬੰਧੀ ਵੀ ਟਰੇਨਿੰਗ ਦਿੱਤੀ ਜਾਵੇਗੀ ਤਾਂ ਕਿ ਵਿਦਿਆਰਥੀ ਪੜ੍ਹਾਈ ਤੋਂ ਬਾਅਦ ਆਪਣਾ ਕਿੱਤਾ ਵੀ ਸ਼ੁਰੂ ਕਰ ਸਕਣ। ਉਨ੍ਹਾਂ ਕਿਹਾ ਕਿ ਮੰਡੌਰ ਵਿਖੇ ਇਕ ਮਾਡਲ ਕਿਸਮ ਦੀ ਓਪਨ ਗਊਸ਼ਾਲਾ ਬਣਾਈ ਜਾਵੇ ਜਿਸ ‘ਚ ਗਊਆਂ ਦੀ ਸਾਂਭ ਸੰਭਾਲ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ ਅਤੇ ਗਊਆਂ ਕੁਦਰਤੀ ਵਾਤਾਵਰਣ ‘ਚ ਰੱਖੀਆਂ ਜਾਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਪਿੰਡ ਦੀ ਮੰਡੀ ਦਾ ਵੀ ਨਵੀਨੀਕਰਨ ਅਤੇ ਟੋਭੇ ਦੇ ਆਲੇ ਦੁਆਲੇ ਸੈਰ ਲਈ ਟਰੈਕ ਅਤੇ ਡਰੇਗਨ ਫਰੂਟ ਲਗਾਉਣ ਲਈ ਤਜਵੀਜ਼ ਤਿਆਰ ਕਰਨ ਲਈ ਕਿਹਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋ ਸ਼ੁਰੂ ਕੀਤਾ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਇੱਕ ਲੀਹੋਂ ਹਟਵੀਂ ਪਹਿਲਕਦਮੀ ਹੈ ਜਿਸ ਨਾਲ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਕੇ ਮੌਕੇ ‘ਤੇ ਹੀ ਹੱਲ ਕੀਤਾ ਜਾਂਦਾ ਹੈ।  ਉਨ੍ਹਾਂ ਕਿਹਾ ਕਿ ਅੱਜ ਦਾ ਦੌਰਾ ਇਨ੍ਹਾਂ ਚਾਰ ਪਿੰਡਾਂ ਦੇ ਲੋਕਾਂ ਨਾਲ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਿੱਧਾ ਰਾਬਤਾ ਕਰਵਾਉਣਾ ਸੀ ਅਤੇ ਮੌਕੇ ‘ਤੇ ਹੀ ਫੈਸਲੇ ਲੈਕੇ ਲੋਕਾਂ ਦਾ ਕੰਮ ਕਰਨਾ ਸੀ ਜੋ ਕਿ ਪਿੰਡ ਵਾਸੀਆਂ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਇਸ ਲੋਕ ਮਿਲਣੀ ਦੇ ਆਉਣ ਵਾਲੇ ਦਿਨਾਂ ‘ਚ ਸਾਰਥਕ ਨਤੀਜੇ ਸਾਹਮਣੇ ਆਉਗੇ।
ਇਸ ਮੌਕੇ ਸਿਵਲ ਸਰਜਨ ਡਾ. ਰਮਿੰਦਰ ਕੌਰ, ਬੀ.ਡੀ.ਪੀ.ਓ. ਕ੍ਰਿਸ਼ਨ ਸਿੰਘ, ਪਿੰਡ ਲੁਬਾਣਾ ਟੇਕੂ ਦੇ ਸਰਪੰਚ ਕੁਲਦੀਪ ਕੌਰ, ਧੰਗੇੜਾ ਦੇ ਸਰਪੰਚ ਕਰਨੈਲ ਸਿੰਘ, ਹਿਆਣਾ ਦੇ ਸਰਪੰਚ ਸੁਖਵਿੰਦਰ ਸਿੰਘ ਅਤੇ ਪਿੰਡ ਮੰਡੌਰ ਦੇ ਸਰਪੰਚ ਕੁਲਦੀਪ ਕੌਰ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ।

Spread the love

Leave a Reply

Your email address will not be published. Required fields are marked *

Back to top button