ਨਵੇਂ ਵਰ੍ਹੇ 2023 ‘ਚ ਪਟਿਆਲਾ ਨੂੰ ਮਿਲਣਗੇ ਨਵੇਂ ਪ੍ਰਾਜੈਕਟ ਤੇ ਪੁਰਾਣੇ ਪ੍ਰਾਜੈਕਟ ਹੋਣਗੇ ਮੁਕੰਮਲ-ਸਾਕਸ਼ੀ ਸਾਹਨੀ
ਪਟਿਆਲਾ, 3 ਜਨਵਰੀ :
ਪਟਿਆਲਾ ਜ਼ਿਲ੍ਹੇ ਨੂੰ ਨਵੇਂ ਵਰ੍ਹੇ 2023 ‘ਚ ਨਵੇਂ ਪ੍ਰਾਜੈਕਟ ਤਾਂ ਮਿਲਣਗੇ ਹੀ ਸਗੋਂ ਪਿਛਲੇ ਸਮੇਂ ‘ਚ ਸ਼ੁਰੂ ਹੋਏ ਪ੍ਰਾਜੈਕਟ ਵੀ ਇਸ ਸਾਲ ਵਿੱਚ ਮੁਕੰਮਲ ਹੋ ਜਾਣਗੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਨਵੇਂ ਵਰ੍ਹੇ ਦੇ ਸਬੰਧ ਵਿੱਚ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਪ੍ਰਸ਼ਾਸਨ ਟੀਮ ਪਟਿਆਲਾ ਵੱਲੋਂ ਲੋਕਾਂ ਨੂੰ ਬਿਹਤਰ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਸਮੇਂ-ਸਮੇਂ ‘ਤੇ ਪ੍ਰਾਪਤ ਹੁੰਦੀ ਮੀਡੀਆ ਦੀ ਫੀਡਬੈਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੋਵਾਂ ਧਿਰਾਂ ਦਾ ਟੀਚਾ ਲੋਕ ਹਿੱਤ ਅਤੇ ਲੋਕ ਭਲਾਈ ਹੈ, ਇਸ ਲਈ ਉਮੀਦ ਹੈ ਕਿ ਲੰਘੇ ਵਰ੍ਹੇ ਦੀ ਤਰ੍ਹਾਂ ਹੀ ਇਸ ਨਵੇਂ ਵਰ੍ਹੇ ਵਿੱਚ ਵੀ ਮੀਡੀਆ ਦੀ ਭੂਮਿਕਾ ਹਾਂ ਪੱਖੀ ਰਹੇਗੀ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਨੂੰ ਇਸ ਵਰ੍ਹੇ ‘ਚ ਮੁਕੰਮਲ ਕਰਨ ਦੇ ਨਿਰਦੇਸ਼ਾਂ ਤਹਿਤ ਨਵਾਂ ਬੱਸ ਅੱਡਾ, 24 ਘੰਟੇ ਨਹਿਰੀ ਪਾਣੀ ਦੀ ਸਪਲਾਈ, ਮੈਡਲ ਤੇ ਆਰਟ ਗੈਲਰੀ, ਸ਼ੀਸ਼ ਮਹਿਲ, ਨਗਰ ਪੰਚਾਇਤਾਂ ਵੱਲੋਂ ਐਨ.ਜੀ.ਟੀ. ਦੀ ਗਾਇਡਲਾਇਨਜ਼ ਦੀ ਪਾਲਣਾ ਆਦਿ ਕਈ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਇਸ ਤੋਂ ਬਿਨ੍ਹਾਂ ਦਸੰਬਰ ਮਹੀਨੇ ਸ਼ੁਰੂ ਹੋਏ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਸਮਾਗਮਾਂ, ਜਿਸ ‘ਚ 27 ਜਨਵਰੀ ਨੂੰ ਸੈਂਟਰਲ ਸਟੇਟ ਲਾਇਬਰੇਰੀ ਵਿਖੇ ਕਲਾ ਉਤਸਵ, 28-29 ਜਨਵਰੀ ਨੂੰ ਖ਼ਾਲਸਾ ਕਾਲਜ ਵਿਖੇ ਆਰਮੀ ਲਿਟਰੇਚਰ ਫੈਸਟੀਵਲ ਤੇ ਟੈਂਕਾਂ ਸਮੇਤ ਹੋਰ ਫ਼ੌਜੀ ਸਾਜੋ-ਸਮਾਨ ਦੀ ਪ੍ਰਦਰਸ਼ਨੀ ਅਤੇ 30 ਜਨਵਰੀ ਨੂੰ ਭਾਸ਼ਾ ਵਿਭਾਗ ਵਿਖੇ ਕਵੀ ਦਰਬਾਰ ਸ਼ਾਮਲ ਹਨ, ਵੀ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਫਰਵਰੀ ਮਹੀਨੇ ‘ਚ ਹੋਰ ਬਹੁਤ ਸਾਰੇ ਸਮਾਗਮ ਵੀ ਕਰਵਾਏ ਜਾਣਗੇ ਤਾਂ ਕਿ ਪਟਿਆਲਾ ਸ਼ਹਿਰ ਤੇ ਜ਼ਿਲ੍ਹੇ ਦੀ ਵਿਰਾਸਤ ਨੂੰ ਵਿਸ਼ਵ ਦੇ ਵਿਰਾਸਤੀ ਨਕਸ਼ੇ ਉਪਰ ਉਭਾਰ ਕੇ ਪਟਿਆਲਾ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਪੱਕੇ ਤੌਰ ‘ਤੇ ਬਣਾਇਆ ਜਾ ਸਕੇ। ਉਨ੍ਹਾਂ ਨੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ‘ਚ ਦੱਸਿਆ ਕਿ ਭਵਿੱਖੀ ਯੋਜਨਾਵਾਂ ਤਹਿਤ ਪਟਿਆਲਾ ਸ਼ਹਿਰ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਤੇ ਹਾਦਸਾ ਰਹਿਤ ਸੜਕਾਂ ਪ੍ਰਦਾਨ ਕਰਨੀਆਂ, ਪਾਰਕਿੰਗ ਪ੍ਰਾਜੈਕਟ ਮੁਕੰਮਲ ਕਰਵਾਉਣ ਸਮੇਤ ਹੋਰ ਬਹੁਤ ਸਾਰੇ ਲੋਕ ਹਿੱਤ ਦੇ ਨਵੇਂ ਪ੍ਰਾਜੈਕਟ ਵੀ ਲੋਕਾਂ ਦੇ ਸਮਰਪਿਤ ਕੀਤੇ ਜਾਣਗੇ, ਜਿਸ ਦਾ ਪਟਿਆਲਵੀਆਂ ਦੀ ਜਿੰਦਗੀ ਉਪਰ ਅਹਿਮ ਪ੍ਰਭਾਵ ਪਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨਮਨ ਮੜਕਨ, ਐਸ.ਡੀ.ਐਮ. ਸਮਾਣਾ ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਤੇ ਐਸ.ਡੀ.ਐਮ. ਦੂਧਨਸਾਧਾਂ ਕਿਰਪਾਲਵੀਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਾਕਮ ਥਾਪਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।