Punjab-ChandigarhTop News

ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਛਾਤੀ ਦੇ ਕੈਂਸਰ ਦੀ ਮੁਢਲੀ ਜਾਂਚ ਲਈ ਸਮਾਣਾ ਦੇ ਹਸਪਤਾਲ ਵਿਖੇ ਸਥਾਪਤ ਥਰਮਲ ਸਕਰੀਨਿੰਗ ਡੀਵਾਈਸ ਦਾ ਉਦਘਾਟਨ

ਸਮਾਣਾ, 3 ਜਨਵਰੀ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਬ੍ਰੈਸਟ ਕੈਂਸਰ ਏ.ਆਈ.ਡਿਜੀਟਲ ਪ੍ਰੋਜੈਕਟ ਤਹਿਤ ਛਾਤੀ ਦੇ ਕੈਂਸਰ ਦੀ ਮੁੱਢਲੀ ਜਾਂਚ ਇੱਕ ਨਵੀਂ ਤਕਨੀਕ ਨਾਲ਼ ਕਰਨ ਲਈ ਸਥਾਪਤ ਕੀਤੇ ਥਰਮਲ ਸਕਰੀਨਿੰਗ ਡੀਵਾਈਸ ਦਾ ਉਦਘਾਟਨ ਕੀਤਾ। ਜੌੜਾਮਾਜਰਾ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਸਨੀਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁੱਹਈਆ ਕਰਵਾਉਣ ਦੇ ਮੰਤਵ ਨਾਲ਼ ਜਲਦ ਹੀ ਰਾਜ ਅੰਦਰ ਹੋ‌ਮਿਉਪੈਥਿਕ ਅਤੇ ਆਯੁਰਵੈਦਿਕ ਪੱਧਤੀ ਦੇ ਆਮ ਆਦਮੀ ਕਲੀਨਿਕ ਵੀ ਖੋਲ੍ਹੇ ਜਾਣਗੇ।
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਮਹਿਲਾਵਾਂ ਦੀ ਛਾਤੀ ਦਾ ਕੈਂਸਰ ਇੱਕ ਗੰਭੀਰ ਬਿਮਾਰੀ ਹੈ ਜਿਸਦੇ ਕਿ ਕੇਸ ਹਰ ਸਾਲ 5 ਪ੍ਰਤੀਸ਼ਤ ਦੀ ਦਰ ਨਾਲ਼ ਵਧ ਰਹੇ ਹਨ।ਸਾਲ 2021 ਦੇ ਅੰਕੜੇ ਅਨੁਸਾਰ ਪੰਜਾਬ ਵਿੱਚ 4446 ਮਰੀਜ਼ ਇਸ ਬਿਮਾਰੀ ਨਾਲ਼ ਪੀੜਤ ਹਨ, ਇਨ੍ਹਾਂ ਵਿੱਚੋਂ ਜ਼ਿਆਦਾਤਰ ਮਰੀਜ਼ਾਂ ਦੀ ਪਹਿਚਾਣ ਤੀਸਰੀ ਜਾਂ ਚੌਥੀ ਸਟੇਜ ਉਤੇ ਹੁੰਦੀ ਹੈ, ਜਿਸਦਾ ਕਿ ਵੱਡਾ ਕਾਰਣ ਲੋਕਾਂ ਵਿੱਚ ਇਸ ਬਿਮਾਰੀ ਦੇ ਲੱਛਣਾਂ ਦੀ ਪਛਾਣ ਸੰਬਧੀ ਜਾਗਰੂਕਤਾ ਦੀ ਘਾਟ ਅਤੇ ਬ੍ਰੈਸਟ ਕੈਂਸਰ ਦੀ ਸਕ੍ਰੀਨਿੰਗ ਜਲਦ ਨਾ ਹੋਣਾ ਹੈ।
ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਜੇਕਰ ਛਾਤੀ ਦੇ ਕੈਂਸਰ ਦੀ ਪਛਾਣ ਸਮੇਂ ਸਿਰ ਹੋ ਜਾਂਦੀ ਹੈ ਤਾਂ ਜਿਥੇ ਇਸ ਦਾ ਇਲਾਜ ਸੁਖਾਲਾ ਹੋ ਜਾਂਦਾ ਹੈ ਉਥੇ ਇਸ ਬਿਮਾਰੀ ਦੀ ਗੰਭੀਰਤਾ ਤੋਂ ਵੀ ਬਚਿਆ ਜਾ ਸਕਦਾ ਹੈ ਤੇ ਇਸ ਦਾ ਪੂਰੀ ਤਰ੍ਹਾਂ ਇਲਾਜ ਕੀਤਾ ਜਾ ਸਕਦਾ ਹੈ ।ਉਹਨਾਂ ਕਿਹਾ ਕਿ ਇਸ ਮੰਤਵ ਨਾਲ਼ ਸਿਹਤ ਵਿਭਾਗ ਵੱਲੋਂ ਨਿਰਮਯ ਅਤੇ ਰੌਸ਼ੇ ਇੰਡੀਆ ਦੇ ਸਹਿਯੋਗ ਨਾਲ਼ ਪੰਜਾਬ ਵਿੱਚ ਤੀਹ ਸਾਲ ਤੋਂ ਵੱਧ ਉਮਰ ਦੀ ਹਰੇਕ ਔਰਤ ਦਾ ਇਸ ਬਿਮਾਰੀ ਸੰਬਧੀ ਨਵੀਂ ਡਿਜੀਟਲ ਤਕਨੀਕ ਰਾਹੀਂ ਮੁਫ਼ਤ ਟੈਸਟ ਕਰਨ ਲਈ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਅੱਜ ਸਮਾਣਾ ਦੇ ਸਿਵਲ ਹਸਪਤਾਲ ਵਿੱਚ ਇਸ ਟੈਸਟ ਦੀ ਸ਼ੁਰੂਆਤ ਕੀਤੀ ਗਈ ਹੈ।
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ  ਇਹ ਟੈਸਟ ਛਾਤੀ ਦੇ ਕੈਂਸਰ ਦੀ ਜਾਂਚ ਲਈ ਵਰਤੇ ਜਾਣ ਵਾਲੇ ਇੱਕ ਹੋਰ ਟੈਸਟ ਮੈਮੋਗ੍ਰਾਫ਼ੀ ਦੇ ਬਰਾਬਰ ਹੈ ਜਿਸਦੀ ਲਾਗਤ ਲਗਭਗ 2000 ਰੁਪਏ ਹੈ,ਪਰ ਸਰਕਾਰ ਵੱਲੋਂ ਇਹ ਟੈਸਟ ਬਿਲਕੁਲ ਮੁਫ਼ਤ ਕੀਤਾ ਜਾਵੇਗਾ ਅਤੇ ਇਸ ਤਰਾਂ ਬ੍ਰੈਸਟ ਕੈਂਸਰ ਦੀ ਮੁਢਲੀ ਜਾਂਚ ਮੁਫ਼ਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ।ਉਹਨਾ ਕਿਹਾ ਕਿ ਇਸ ਤਰਾਂ ਦੀ ਤਕਨੀਕ ਨੂੰ ਇੱਕ ਮੋਬਾਇਲ ਵੈਨ ਰਾਹੀ ਪਿੰਡ-ਪਿੰਡ ਤੱਕ ਪਹੁਚਾਉਣ ਦੀ ਕੋਸ਼ਿਸ ਕੀਤੀ ਜਾਵੇਗੀ।ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ, ਨਿਰਮਯ ਅਤੇ ਰੌਸ਼ੇ ਇੰਡੀਆ ਨੂੰ ਵਧਾਈ ਦਿੱਤੀ ਜੋ ਕਿ ਸੂਬਾ ਸਰਕਾਰ ਦੇ ਮੰਤਵ ਅਨੁਸਾਰ ਗਰੀਬ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ।
ਚੇਤਨ ਸਿੰਘ ਜੌੜਾਮਾਜਰਾ ਨੇ ਅੱਗੇ ਕਿਹਾ ਕਿ ਸਿਵਲ ਹਸਪਤਾਲ ਸਮਾਣਾ ਵਿਖੇ ਦੋ ਹੋਰ ਡਾਇਲਸਿਸ ਮਸ਼ੀਨਾ ਸਥਾਪਤ ਹੋ ਗਈਆਂ ਹਨ ਜੋ ਕਿ ਜਲਦ ਹੀ ਕੰਮ ਕਰਨਾ ਸ਼ੁਰੂ ਕਰ ਦੇਣਗੇ।ਇਸ ਤੋਂ ਇਲਾਵਾ ਇਥੇ ਮਰੀਜਾਂ ਲਈ ਅਲਟਰਾਸਾਂਉਂਡ ਦੀ ਸਹੁਲਤ ਵੀ ਜਲਦ ਸ਼ੁਰੂ ਕਰਵਾਈ ਜਾਵੇਗੀ।ਉਹਨਾਂ ਕਿ ਕਿਹਾ ਕਿ ਪੰਜਾਬ ਦੇ ਵੱਖ ਵੱਖ ਹਸਪਤਾਲਾ ਵਿੱਚ ਸਟਾਫ ਦੀ ਕਮੀ ਨੂੰ ਜਲਦ ਹੀ ਪੁਰਾ ਕੀਤਾ ਜਾਵੇਗਾ।
ਇਸ ਮੌਕੇ ਡਾਇਰੈਕਟਰ ਸਿਹਤ ਤੇ  ਪਰਿਵਾਰ ਭਲਾਈ ਪੰਜਾਬ ਡਾ. ਰਣਜੀਤ ਸਿੰਘ ਘੋਤੜਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਹੋਣ ਅਤੇ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਇਸ ਮੁਫ਼ਤ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਤਾਂ ਜੋ ਛਾਤੀ ਦੇ ਕੈਂਸਰ ਵਰਗੀ ਘਾਤਕ ਬਿਮਾਰੀ ਨੂੰ ਸਮਾਂ ਰਹਿੰਦੇ ਪਹਿਚਾਣਿਆ ਜਾ ਸਕੇ ਅਤੇ ਸ਼ਨਾਖਤ ਕੀਤੇ ਗਏ ਮਰੀਜ਼ ਦਾ ਯੋਗ ਇਲਾਜ ਕਰਵਾਇਆ ਜਾ ਸਕੇ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਤਹਿਤ ਹਰੇਕ ਕੈਂਸਰ ਪੀੜਤ ਮਰੀਜ ਦਾ 1.5 ਲੱਖ ਰੁਪਏ ਤੱਕ ਦਾ ਇਲਾਜ ਸਰਕਾਰੀ ਤੇਂ  ਮਾਨਤਾ ਪ੍ਰਾਪਤ ਹਸਪਤਾਲਾ ਵਿੱਚ ਮੁਫਤ ਕਰਵਾਇਆ ਜਾ ਰਿਹਾ ਹੈ।
ਸਹਾਇਕ ਡਾਇਰੈਕਟਰ ਕਮ ਨੋਡਲ ਅਫਸਰ ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਇਸ ਪ੍ਰੌਜੈਕਟ ਤਹਿਤ ਲੜੀ ਵਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਕਵਰ ਕੀਤਾ ਜਾ ਰਿਹਾ ਹੈ।ਸਿਵਲ ਸਰਜਨ ਡਾ. ਦਲਬੀਰ ਕੌਰ ਨੇ ਜੀ ਆਇਆ ਕਿਹਾ ਤੇਂ ਦੱਸਿਆ ਕਿ ਇਸ ਪ੍ਰੌਜੈਕਟ ਤਹਿਤ ਜ਼ਿਲ੍ਹੇ ਦੀਆਂ ਪੈਰਾ ਮੈਡੀਕਲ ਸਟਾਪ ਨੂੰ ਟਰੇਨਿੰਗ ਦੇ ਕੇ ਅਤੇ ਸਰਵੇ ਕਰਵਾ ਕੇ ਛਾਤੀ ਦੇ ਕੈਂਸਰ ਦੇ ਲੱਛਣਾਂ ਵਾਲੀਆ ਸ਼ਕੀ ਔਰਤਾ ਦੀ ਸੂਚੀ ਤਿਆਰ ਕੀਤੀ ਗਈ ਹੈ ਜਿਹਨਾਂ ਦੀ ਵੱਖ ਵੱਖ ਬਲਾਕਾਂ ਵਿੱਚ ਜਾ ਕੇ ਟੀਮ ਵੱਲੋਂ ਇਸ ਡੀਵਾੲਸਿ ਰਾਹੀ ਮੁੱਢਲੀ ਜਾਂਚ ਕੀਤੀ ਜਾਵੇਗੀ। ਸੀਨੀਅਰ ਮੈਡੀਕਲ ਅਫਸਰ ਡਾ. ਰਿਸ਼ਮਾ ਭੋਰਾ ਨੇ ਧੰਨਵਾਦ ਕੀਤਾ।
ਇਸ ਮੌਕੇ ਡਾ. ਮਦਨ ਮਿੱਤਲ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ. ਸਿੰਘ, ਨਿਰਮਾਏ ਸੰਸਥਾ ਦੇ ਸੀ.ਓ. ਵਿੱਕੀ ਨੰਦਾ ,ਪ੍ਰੋਗਰਾਮ ਮੈਨੇਜਰ ਤਰਨਜੀਤ ਕੌਰ ,ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕ੍ਰਿਸ਼ਨ ਕੁਮਾਰ, ਸਮੁਹ ਸਟਾਫ ਅਤੇ ਜਾਂਚ ਕਰਵਾਉਣ ਆਈਆਂ ਔਰਤਾਂ ਵੀ ਸ਼ਾਮਲ ਸਨ।

Spread the love

Leave a Reply

Your email address will not be published. Required fields are marked *

Back to top button