ਲਾੜਾ ਕਿਹੜਾ ! ਸਿੱਧੂ ਜਾਂ ਚੰਨੀ ?
ਪਟਿਆਲਾ — ਬਲਜੀਤ ਸਿੰਘ ਕੰਬੋਜ
ਕੇਜਰੀਵਾਲ ਵਲੋਂ ਮੁੱਖ ਮੰਤਰੀ ਦੇ ਚਿਹਰੇ ਲਈ ਲੋਕ ਰਾਏ ਲੈਣ ਦੇ ਐਲਾਨ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਹਲਚਲ ਸ਼ੁਰੂ ਹੋਣ ਦਾ ਸਮਾਚਾਰ ਹੈ। ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਵਲੋਂ ਲਏ ਗਏ ਇਸ ਸਪਸ਼ਟ ਸਟੈਂਡ ਤੋਂ ਪੂਰੀ ਤਰ੍ਹਾਂ ਦਬਾਅ ਵਿਚ ਆਈ ਕਾਂਗਰਸ ਪਾਰਟੀ ਹੁਣ ਚੋਣਾਂ ਤੋਂ ਪਹਿਲਾਂ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਸਕਦੀ ਹੈ। ਹਾਲਾਂਕਿ ਹੁਣ ਤੋਂ ਪਹਿਲਾਂ ਕਾਂਗਰਸ ਦੀ ਤਿੱਕੜੀ ਯਾਨਿ ਕਿ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਨੀਲ ਜਾਖੜ ਤਿੰਨਾਂ ਨੂੰ ਮੂਹਰੇ ਰੱਖ ਕੇ ਚੋਣਾਂ ਲੜਨ ਦਾ ਮਨ ਬਣਾ ਚੁਕੀ ਸੀ। ਅਤੇ ਪਾਰਟੀ ਦੀ ਇਹ ਇੱਛਾ ਕਾਂਗਰਸ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਸ਼ਮਸ਼ੇਰ ਸਿੰਘ ਸੁਰਜੇਵਾਲਾ ਨੇ ਸਪਸ਼ਟ ਕਰਦਿਆਂ ਕਿਹਾ ਸੀ ਕਿ ਸਾਡੇ ਕੋਲ ਇਕ ਨਹੀਂ ਮੁੱਖ ਮੰਤਰੀ ਦੇ ਤਿੰਨ ਚਿਹਰੇ ਹਨ।
ਬੁੱਧਵਾਰ ਨੂੰ ਜਿਸ ਤਰ੍ਹਾਂ ਨਾਲ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਵਿਖੇ ਪ੍ਰੈਸ ਮਿਲਣੀ ਵਿੱਚ ਸ੍ਰੀ ਭਗਵੰਤ ਮਾਨ ਨੂੰ ਆਪਣਾ ਛੋਟਾ ਭਰਾ ਦਸਦਿਆਂ ਸਾਫ਼ ਕਰ ਦਿੱਤਾ ਕਿ ਮੁੱਖ ਮੰਤਰੀ ਦਾ ਚਿਹਰਾ ਪੰਜਾਬ ਤੋਂ ਹੀ ਹੋਵੇਗਾ ਅਤੇ ਨਾਲ ਹੀ ਇਹ ਵੀ ਕਿਹਾ ਕਿ ਅਸੀਂ ਮੁੱਖ ਮੰਤਰੀ ਦੇ ਚਿਹਰੇ ਦੀ ਚੋਣ ਬੰਦ ਕਮਰੇ ਵਿੱਚ ਬੈਠ ਕੇ ਨਹੀਂ ਬਲਕਿ ਲੋਕ ਰਾਏ ਦੇ ਨਾਲ ਕਰਾਂਗੇ। ਅਤੇ ਇਸ ਲਈ ਉਹਨਾਂ ਬਾਕਾਇਦਾ ਇਕ ਮੋਬਾਈਲ ਨੰਬਰ ਵੀ ਜਾਰੀ ਕਰ ਦਿੱਤਾ ਹੈ।
ਕੇਜਰੀਵਾਲ ਦੇ ਇਸ ਐਲਾਨ ਨੇ ਕਾਂਗਰਸ ਪਾਰਟੀ ਲਈ ਵੱਡੀ ਚਿੰਤਾ ਖੜੀ ਕਰ ਦਿੱਤੀ ਹੈ। ਓਧਰ ਨਵਜੋਤ ਸਿੰਘ ਸਿੱਧੂ ਵਲੋਂ “ਲਾੜ੍ਹਾ ਕਿਹੜਾ” ਯਾਨਿ ਕਿ ਮੁੱਖ ਮੰਤਰੀ ਦਾ ਚਿਹਰਾ ਦੱਸਣ ਸਬੰਧੀ ਕੀਤੀ ਜਾ ਬਿਆਨਬਾਜ਼ੀ ਨੂੰ ਲੈਕੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਪਹਿਲਾਂ ਹੀ ਕਾਫ਼ੀ ਦਬਾਅ ਤੇ ਚਿੰਤਾ ਵਿਚ ਦੱਸੀ ਜਾਂਦੀ ਹੈ।
ਜੇਕਰ 2017 ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਕਾਂਗਰਸ ਵਲੋਂ ਇਹ ਚੋਣਾਂ ਕੈਪਟਨ ਅਮਰਿੰਦਰ ਸਿੰਘ ਨੂੰ “ਪੰਜਾਬ ਦਾ ਕੈਪਟਨ ਐਲਾਨ” ਕੇ ਲੜੀਆਂ ਗਈਆਂ ਤੇ ਪਾਰਟੀ ਸਰਕਾਰ ਬਣਾਉਣ ਵਿੱਚ ਸਫਲ ਵੀ ਹੋਈ।
ਪਰੰਤੂ ਦੁਸਰੇ ਪਾਸੇ ਆਮ ਆਦਮੀ ਪਾਰਟੀ ਨੇ ਬਿਨਾਂ ਮੁੱਖ ਮੰਤਰੀ ਚਿਹਰੇ ਤੋਂ ਚੋਣ ਲੜੀ ਤੇ ਉਹ ਦੂਜੇ ਨੰਬਰ ਤੇ ਆਈ ਸੀ। ਪਰੰਤੂ ਵੱਡੀ ਲਹਿਰ ਦੇ ਬਾਵਜੂਦ ਵੀ 2017 ਵਿਚ ਕਮਜ਼ੋਰ ਰਹਿਣ ਵਾਲੀ ਆਮ ਆਦਮੀ ਪਾਰਟੀ ਉਸ ਤੋਂ ਸਬਕ ਲੈ ਚੁੱਕੀ ਹੈ। ਜਿਸ ਕਰਕੇ ਉਹ ਸਹੀ ਉਮੀਦਵਾਰਾਂ ਅਤੇ ਮੁੱਖ ਮੰਤਰੀ ਦੇ ਸਹੀ ਚਿਹਰੇ ਨਾਲ ਚੋਣ ਮੈਦਾਨ ਵਿੱਚ ਉਤਰਦੀ ਵਿਖਾਈ ਦੇ ਰਹੀ ਹੈ।
ਕਾਂਗਰਸ ਪਾਰਟੀ ਵੀ ਕਰ ਸਕਦੀ ਹੈ ਸੀਐਮ ਦੇ ਚਿਹਰੇ ਦਾ ਐਲਾਨ ?
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਅਕਸਰ ਹੀ ਇਹ ਕਹਿੰਦੇ ਆ ਰਹੇ ਨੇ ਕਿ “ਬਗੈਰ ਲਾੜ੍ਹੇ ਤੋਂ ਬਰਾਤ ਕਾਹਦੀ” ਇਸ ਲਈ ਸੀਐਮ ਦਾ ਚਿਹਰਾ ਐਲਾਨ ਕਰਨਾ ਜ਼ਰੂਰੀ ਹੈ। ਦੂਜੇ ਪਾਸੇ ਮੁੱਖ ਮੰਤਰੀ ਚੰਨੀ ਵੀ ਇਸ਼ਾਰਿਆਂ ਇਸ਼ਾਰਿਆਂ ਵਿਚ ਖੁਦ ਨੂੰ ਸੀਐਮ ਦਾ ਚਿਹਰਾ ਬਣਾਏ ਜਾਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ। ਕਾਂਗਰਸ ਦੀ ਅਸਲ ਚਿੰਤਾ ਇਹ ਵੀ ਹੈ ਕਿ ਜੇਕਰ ਆਮ ਆਦਮੀ ਪਾਰਟੀ ਸੀਐਮ ਚਿਹਰਾ ਐਲਾਨ ਕਰ ਦਿੰਦੀ ਹੈ ਤਾਂ ਉਸਨੂੰ ਪ੍ਰਚਾਰ ਲਈ ਇਕ ਵੱਡਾ ਹਥਿਆਰ ਮਿਲ ਜਾਵੇਗਾ ਕਿ ਕਾਂਗਰਸ ਤਾਂ ਸੀਐਮ ਚਿਹਰਾ ਵੀ ਐਲਾਨ ਨਹੀਂ ਕਰ ਸਕੀ। ਕਿਉਂਕਿ 2017 ਦੀਆਂ ਚੋਣਾਂ ਵਿੱਚ ਕਾਂਗਰਸ ਵਲੋਂ ਵੀ ਇਸੇ ਮੁੱਦੇ ਨੂੰ ਪ੍ਰਚਾਰ ਦਾ ਹਥਿਆਰ ਬਣਾਇਆ ਗਿਆ ਸੀ।
ਅਜਿਹੇ ਹਾਲਾਤਾਂ ਵਿੱਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਾ ਕਾਂਗਰਸ ਪਾਰਟੀ ਦੀ ਮਜ਼ਬੂਰੀ ਵੀ ਬਣਦੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵਲੋਂ ਸੀਐਮ ਚਿਹਰੇ ਦਾ ਐਲਾਨ ਕਰਨ ਤੋਂ ਬਾਅਦ ਕਾਂਗਰਸ ਵੀ ਕੋਈ ਵੱਡਾ ਐਲਾਨ ਕਰ ਸਕਦੀ ਹੈ । ਅਤੇ ਨਵਜੋਤ ਸਿੰਘ ਸਿੱਧੂ ਜਾਂ ਚਰਨਜੀਤ ਸਿੰਘ ਚੰਨੀ ਵਿੱਚੋਂ ਕਿਸੇ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾ ਸਕਦਾ ਹੈ। ਪਰੰਤੂ ਇਹ ਵੀ ਤੈਅ ਹੈ ਕਿ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਦੀ ਚੋਣ ਕਰਨਾ ਕਾਂਗਰਸ ਪਾਰਟੀ ਲਈ ਬਹੁਤ ਵੱਡੀ ਪ੍ਰੀਖਿਆ ਅਤੇ ਜੋਖ਼ਮ ਵਾਲਾ ਕੰਮ ਵੀ ਹੋ ਸਕਦਾ ਹੈ।