Punjab-ChandigarhTop News

ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ਹਿਰ ਵਾਸੀ ਸਹਿਯੋਗ ਦੇਣ : ਅਜੀਤ ਪਾਲ ਸਿੰਘ ਕੋਹਲੀ

ਪਟਿਆਲਾ, 18 ਅਪ੍ਰੈਲ :
ਪਟਿਆਲਾ ਸ਼ਹਿਰ ‘ਚ ਟਰੈਫ਼ਿਕ ਸਮੱਸਿਆ ਦੇ ਸਥਾਈ ਹੱਲ ਲਈ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਐਸ.ਪੀ. ਵਰੁਣ ਸ਼ਰਮਾ, ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉਪਲ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਇੱਕ ਅਹਿਮ ਬੈਠਕ ਕੀਤੀ।
ਇਸ ਮੌਕੇ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਸ਼ਹਿਰ ‘ਚ ਵੱਖ ਵੱਖ ਖੇਤਰਾਂ ‘ਚ ਲੱਗ ਰਹੀਆਂ ਰੇਹੜੀਆਂ ਕਾਰਨ ਲੱਗਦੇ ਟਰੈਫ਼ਿਕ ਜਾਮ ਤੋਂ ਨਿਜ਼ਾਤ ਪਾਉਣ ਲਈ ਨਗਰ ਨਿਗਮ ਤੇ ਟਰੈਫ਼ਿਕ ਪੁਲਿਸ ਸਾਂਝੇ ਤੌਰ ‘ਤੇ ਕੰਮ ਕਰਨ ਤੇ ਰੇਹੜੀਆਂ ਨੂੰ ਅਜਿਹੇ ਸਥਾਨ ‘ਤੇ ਤਬਦੀਲ ਕੀਤਾ ਜਾਵੇ ਜਿਥੇ ਰੇਹੜੀਆਂ ਖੜਨ ਨਾਲ ਟਰੈਫ਼ਿਕ ਦੀ ਸਮੱਸਿਆ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਮੁੱਖ ਚੌਂਕਾਂ ‘ਚ ਲੱਗਣ ਵਾਲੀਆਂ ਰੇਹੜੀਆਂ ਨੂੰ ਤਬਦੀਲ ਕਰਕੇ ਟਰੈਫ਼ਿਕ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ‘ਚ ਚੱਲ ਰਹੀਆਂ ਜੁਗਾੜੂ ਰੇਹੜੀਆਂ ਤੇ ਵਹੀਕਲਾਂ ‘ਤੇ ਵੀ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇ।
ਵਿਧਾਇਕ ਕੋਹਲੀ ਨੇ ਕਿਹਾ ਕਿ ਬਾਜ਼ਾਰ ‘ਚ ਜਾਮ ਦੀ ਸਮੱਸਿਆ ਦੇ ਹੱਲ ਲਈ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਬ੍ਰਿਟਿਸ਼ ਸਕੂਲ ਨਾਲ ਸਾਈਂ ਮਾਰਕਿਟ ਸੜਕ ਅਤੇ ਮੁਲਤਾਨੀ ਮੱਲ ਮੋਦੀ ਕਾਲਜ ਵਾਲੀ ਸੜਕ ਨੂੰ ਵਨ ਵੇਅ ਕੀਤਾ ਜਾ ਸਕਦਾ ਹੈ, ਜਿਸ ‘ਤੇ ਮੌਕੇ ‘ਤੇ ਹੀ ਐਸ.ਐਸ.ਪੀ. ਵਰੁਣ ਸ਼ਰਮਾ ਨੇ ਟਰੈਫ਼ਿਕ ਇੰਚਾਰਜ ਨੂੰ ਇਸ ਸਬੰਧੀ ਕਾਰਵਾਈ ਕਰਨ ਦੀ ਹਦਾਇਤ ਕੀਤੀ।
ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਦੁਪਹਿਰ ਸਮੇਂ ਸਕੂਲਾਂ ਦੀ ਛੁੱਟੀ ਮੌਕੇ ਸ਼ਹਿਰ ‘ਚ ਵੱਡੇ ਜਾਮ ਲੱਗਦੇ ਹਨ, ਇਨ੍ਹਾਂ ਦੇ ਹੱਲ ਲਈ ਸਕੂਲ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਇਸ ਦੇ ਹੱਲ ਲਈ ਪਲਾਨ ਤਿਆਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਨਾਲ ਰਾਬਤਾ ਕਰਕੇ ਸਕੂਲਾਂ ਦੀ ਛੁੱਟੀ ਦੇ ਸਮੇਂ ‘ਚ ਕੁਝ ਮਿੰਟਾਂ ਦਾ ਫਰਕ ਕਰਨ ਨਾਲ ਸ਼ਹਿਰ ‘ਚ ਦੁਪਹਿਰ ਸਮੇਂ ਲੱਗਣ ਵਾਲੇ ਜਾਮਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ।
ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਸਾਡਾ ਸਾਰਿਆਂ ਦੇ ਸਾਂਝਾ ਹੈ ਅਤੇ ਅਸੀਂ ਸਾਰੇ ਰਲ ਮਿਲਕੇ ਹੀ ਇਸ ਨੂੰ ਬਿਹਤਰ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਰਲਕੇ ਯੋਗਦਾਨ ਪਾਉਣ ਤਾਂ ਕਿ ਇਕ ਦੂਜੇ ਦੇ ਸਹਿਯੋਗ ਨਾਲ ਸ਼ਹਿਰ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ।
ਮੀਟਿੰਗ ‘ਚ ਐਸ.ਪੀ. ਸਿਟੀ ਮੁਹੰਮਦ ਸਰਫ਼ਰਾਜ਼ ਆਲਮ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ,  ਸਹਾਇਕ ਕਮਿਸ਼ਨਰ (ਯੂ.ਟੀ’ ਡਾ. ਅਕਸ਼ਿਤਾ ਗੁਪਤਾ, ਡੀ.ਐਸ.ਪੀ. ਸੁਖਅੰਮ੍ਰਿਤ ਸਿੰਘ ਰੰਧਾਵਾ, ਡੀ.ਐਸ.ਪੀ. ਕਰਨਵੀਰ ਟਿਵਾਣਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Spread the love

Leave a Reply

Your email address will not be published. Required fields are marked *

Back to top button