ਪੰਜਾਬ ਸਰਕਾਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ: ਡਾ. ਬਲਜੀਤ ਕੌਰ
ਪਟਿਆਲਾ, 18 ਅਪ੍ਰੈਲ:
‘ਵਿਸ਼ੇਸ਼ ਲੋੜਾਂ ਵਾਲੇ (ਐਮ.ਆਰ.) ਬੱਚੇ ਵੀ ਸਾਡੇ ਸਮਾਜ ਦਾ ਅਹਿਮ ਅੰਗ ਹਨ ਅਤੇ ਪੰਜਾਬ ਸਰਕਾਰ ਇਨ੍ਹਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।’ ਇਹ ਪ੍ਰਗਟਾਵਾ ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇੱਥੇ ਨਵਜੀਵਨੀ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ, ਸੂਲਰ ਦਾ ਦੌਰਾ ਕਰਨ ਮੌਕੇ ਕੀਤਾ। ਉਨ੍ਹਾਂ ਦੇ ਨਾਲ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਅਤੇ ਸਕੂਲ ਦੇ ਸਕੱਤਰ ਸਰਬਜੀਤ ਕੌਰ ਸੰਧੂ ਵੀ ਮੌਜੂਦ ਸਨ।
ਡਾ. ਬਲਜੀਤ ਕੌਰ ਨੇ ਕਿਹਾ ਕਿ ਨਵਜੀਵਨੀ ਸਕੂਲ ਦੇ ਮਾਡਲ ਨੂੰ ਸਰਕਾਰ ਪੱਧਰ ‘ਤੇ ਵੀ ਲਾਗੂ ਕਰਨ ਲਈ ਉਨ੍ਹਾਂ ਨੇ ਪਟਿਆਲਾ ‘ਚ ਅਜਿਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਿੱਖਿਅਤ ਕਰਕੇ ਸਮਾਜ ਦੀ ਮੁੱਖ ਧਾਰਾ ‘ਚ ਲਿਆਉਣ ਵਾਲੇ ਇਸ ਸਕੂਲ ਦਾ ਦੌਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਨਾਉਣ ਲਈ ਸਮਾਜ ਦੇ ਹਰ ਵਰਗ ਨੂੰ ਨਾਲ ਲੈਕੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਪੈਸ਼ਲ ਬੱਚਿਆਂ ਦੇ ਬਾਕੀ ਸਕੂਲਾਂ ਦੀ ਬਿਹਤਰੀ ਲਈ ਨਵਜੀਵਨੀ ਸਕੂਲ ਪ੍ਰਬੰਧਕਾਂ ਦੀਆਂ ਸੇਵਾਵਾਂ ਵੀ ਜਰੂਰ ਲਈਆਂ ਜਾਣਗੀਆਂ।
ਨਵਜੀਵਨੀ ਸਕੂਲ ਦੇ ਨਾਲ ਲੰਮੇ ਅਰਸੇ ਤੋਂ ਜੁੜੇ ਹੋਏ ਬਲਤੇਜ ਪੰਨੂ ਤੇ ਸਕੂਲ ਦੇ ਸਕੱਤਰ ਸਰਬਜੀਤ ਕੌਰ ਨੇ ਡਾ. ਬਲਜੀਤ ਕੌਰ ਨੂੰ ਦੱਸਿਆ ਕਿ ਇਹ ਸਕੂਲ 1981 ਤੋਂ ਲਗਾਤਾਰ ਐਮ.ਆਰ. ਬੱਚਿਆਂ ਨੂੰ ਸਿੱਖਿਅਤ ਕਰਕੇ ਆਤਮ ਨਿਰਭਰ ਬਣਾ ਕੇ ਮੁੱਖ ਧਾਰਾ ਨਾਲ ਜੋੜ ਰਿਹਾ ਹੈ।
ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਐਮ.ਆਰ. ਬੱਚਿਆਂ ਦੀ ਸਿੱਖਿਆ ਤੇ ਇਨ੍ਹਾਂ ਦੀਆਂ ਲੋੜਾਂ ਬਾਰੇ ਜਾਗਰੂਕਤਾ ਬਹੁਤ ਜਰੂਰੀ ਹੈ, ਕਿਉਂਕਿ ਕਈ ਵਾਰ ਮਾਪੇ ਆਪਣੇ ਐਮ.ਆਰ. ਬੱਚਿਆਂ ਨੂੰ ਆਪਣੇ ਤੋਂ ਦੂਰ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਨੂੰ ਆਤਮ ਨਿਰਭਰ ਬਣਾ ਕੇ ਸਮਾਜ ਦੀ ਮੁੱਖ ਧਾਰਾ ‘ਚ ਲਿਆਉਣ ਲਈ ਸਮਾਜ ਸੇਵੀ ਸੰਸਥਾਵਾਂ ਦੇ ਉਪਰਾਲੇ ਵੀ ਬਹੁਤ ਅਹਿਮ ਹਨ।
ਡਾ. ਬਲਜੀਤ ਕੌਰ ਨੇ ਕਿਹਾ ਕਿ ਉਹ ਜਲਦ ਹੀ ਵਾਣੀ ਸਕੂਲ, ਪਟਿਆਲਾ ਦਾ ਦੌਰਾ ਵੀ ਕਰਨਗੇ ਤਾਂ ਜੋ ਪ੍ਰਬੰਧਾਂ ਦਾ ਜਮੀਨੀ ਪੱਧਰ ‘ਤੇ ਜਾਇਜ਼ਾ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਰਾਜਪੁਰਾ ‘ਚ ਐਮ.ਆਰ. ਬੱਚਿਆਂ ਲਈ ਸਰਕਾਰ ਦਾ ਸਕੂਲ ਵੀ ਚੰਗਾ ਕਾਰਜ ਕਰ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਪੈਸ਼ਲ ਬੱਚਿਆਂ ਨਾਲ ਸਬੰਧਤ ਸਕੂਲਾਂ ‘ਚ ਸਾਹਮਣੇ ਆਈਆਂ ਕਮੀਆਂ ਨੂੰ ਵੀ ਪਹਿਲ ਦੇ ਅਧਾਰ ‘ਤੇ ਦੂਰ ਕੀਤਾ ਜਾਵੇਗਾ।
ਡਾ. ਬਲਜੀਤ ਕੌਰ ਨੇ ਨਵਜੀਵਨੀ ਸਕੂਲ ਦੇ ਕਲਾਸ ਰੂਮਜ਼ ਤੇ ਰਿਹਾਇਸ਼ੀ ਬਲਾਕ ਦਾ ਵੀ ਦੌਰਾ ਕੀਤਾ ਤੇ ਇੱਥੇ ਪ੍ਰਦਾਨ ਕੀਤੀਆਂ ਜਾਂਦੀਆਂ ਸਹੂਲਤਾਂ ਦੇਖਕੇ ਪ੍ਰਸੰਨਤਾ ਜਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਡਲ ਨੂੰ ਅਪਣਾਇਆ ਜਾਵੇਗਾ ਅਤੇ ਜਿਸ ਲਈ ਨਵਜੀਵਨੀ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ ਚਲਾ ਰਹੇ ਪ੍ਰਬੰਧਕਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ।
ਡਾ. ਬਲਜੀਤ ਕੌਰ ਨੇ ਐਮ.ਆਰ. ਬੱਚਿਆਂ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਇਹ ਬੱਚੇ ਕਿਸੇ ਵੀ ਪਾਸੋਂ ਵਿਹੂਣੇ ਨਹੀਂ ਸਗੋਂ ਵਿਲੱਖਣ ਕਲਾ ਦੇ ਮਾਲਕ ਹਨ ਪਰੰਤੂ ਇਨ੍ਹਾਂ ਨੂੰ ਸਰਪ੍ਰਸਤੀ ਦੀ ਲੋੜ ਹੈ, ਜਿਹੜੀ ਕਿ ਨਵਜੀਵਨੀ ਸਕੂਲ ਇਨ੍ਹਾਂ ਨੂੰ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਨੇ ਇਨ੍ਹਾਂ ਬੱਚਿਆਂ ਵੱਲੋਂ ਬਣਾਈਆਂ ਵਿਸ਼ੇਸ਼ ਕਲਾਕ੍ਰਿਤੀਆਂ ਸਮੇਤ ਪੇਸ਼ ਕੀਤੇ ਰੰਗਾਰੰਗ ਪ੍ਰੋਗਰਾਮ ਨੂੰ ਵੀ ਦੇਖਿਆ।
ਇਸ ਮੌਕੇ ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਐਸ.ਪੀ. ਸੌਰਵ ਜਿੰਦਲ, ਸਕੂਲ ਦੇ ਟਰਸਟੀ ਦਿਲਜੀਤ ਕੌਰ ਚੀਮਾ ਤੇ ਜਸਪਾਲ ਸਿੰਘ ਹਾਂਸ, ਪ੍ਰਿੰਸੀਪਲ ਸ਼ਸ਼ੀ ਬਾਲਾ, ਬਲਜੀਤ ਕੌਰ ਸਮੇਤ ਆਈ.ਐਮ.ਏ. ਦੇ ਪ੍ਰਧਾਨ ਡਾ. ਭਗਵੰਤ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਸੁਖਸਾਗਰ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ, ਸੂਲਰ ਦੇ ਸਰਪੰਚ ਹਰਮੇਸ਼ ਸਿੰਘ ਅਤੇ ਹੋਰ ਪਤਵੰਤੇ ਮੌਜੂਦ ਸਨ।