ਪੰਜਾਬ ਵਿੱਚ ਪਲਸ ਪੋਲੀਓ ਮੁਹਿੰਮ ਤਹਿਤ 14 ਲੱਖ ਤੋਂ ਵੱਧ ਬੱਚਿਆ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ : ਚੇਤਨ ਸਿੰਘ ਜੌੜਾਮਾਜਰਾ
ਚੰਡੀਗੜ, 17 ਸਤੰਬਰ:
ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬੱਚਿਆਂ ਦੀ ਸਿਹਤ ਪ੍ਰਤੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਜੋ ਕਿ ਪੰਜਾਬ ਸਰਕਾਰ ਦਾ ਵਿਸ਼ੇਸ਼ ਟੀਚਾ ਹੈ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਐਸ.ਐਨ.ਆਈ.ਡੀ. ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਲਈ ਸਿਹਤ ਵਿਭਾਗ ਪੂਰੀ ਤਰਾਂ ਤਿਆਰ ਹੈ, ਇਸ ਮੁਹਿੰਮ ਲਈ ਸਿਹਤ ਵਿਭਾਗ ਵੱਲੋਂ 11,865 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ 18 ਸਤੰਬਰ ਤੋਂ 20 ਸਤੰਬਰ ਤੱਕ ਪਲਸ ਪੋਲੀਓ ਮੁਹਿੰਮ ਤਹਿਤ 0 ਤੋਂ 5 ਸਾਲ ਤੱਕ ਦੇ 1,483,072 ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ।
ਵੱਖ-ਵੱਖ ਅਧਿਕਾਰੀਆਂ ਅਤੇ ਭਾਈਵਾਲਾਂ ਦੀ ਸ਼ਮੂਲੀਅਤ ਵਾਲੀ ਸਟੇਟ ਟਾਸਕ ਫੋਰਸ ਦੀ ਵਰਚੁਅਲ ਢੰਗ ਨਾਲ ਹੋਈ ਮੀਟਿੰਗ ਵਿੱਚ ਮੁਹਿੰਮ ਦੇ ਸੁਚਾਰੂ ਅਮਲ ਸਬੰਧੀ ਤਿਆਰੀਆਂ ਦਾ ਮੁਲਾਂਕਣ ਕੀਤਾ ਗਿਆ।
ਸਿਹਤ ਮੰਤਰੀ ਨੇ ਦੱਸਿਆ ਕਿ ਇਹ ਮੁਹਿੰਮ ਪੰਜਾਬ ਦੇ 12 ਜ਼ਿਲ੍ਹਿਆਂ ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਫਤਹਿਗੜ ਸਾਹਿਬ, ਫਾਜ਼ਿਲਕਾ, ਮਾਨਸਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਐਸ.ਬੀ.ਐਸ.ਨਗਰ, ਪਠਾਨਕੋਟ, ਪਟਿਆਲਾ ਅਤੇ ਤਰਨਤਾਰਨ ਵਿੱਚ ਚਲਾਈ ਜਾਵੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ. ਜੌੜਾਮਾਜਰਾ ਨੇ ਦੱਸਿਆ ਕਿ 12 ਜ਼ਿਲ੍ਹਿਆਂ ਵਿੱਚ 18 ਸਤੰਬਰ 2022 ਨੂੰ ਬੂਥ ਗਤੀਵਿਧੀਆਂ ਅਤੇ 19 ਸਤੰਬਰ ਅਤੇ 20 ਸਤੰਬਰ ਨੂੰ ਘਰ ਘਰ ਜਾਕੇ ਬੂੰਦਾਂ ਪਿਲਾਈਆਂ ਜਾਣਗੀਆਂ, ਜਿਸ ਦੌਰਾਨ ਫੈਕਟਰੀਆਂ, ਇੱਟਾਂ ਦੇ ਭੱਠਿਆਂ, ਝੁੱਗੀ-ਝੌਂਪੜੀਆਂ, ਬੱਸ ਸਟੈਂਡ, ਉਸਾਰੀ ਵਾਲੀਆਂ ਥਾਵਾਂ ਅਤੇ ਰੇਲਵੇ ਸਟੇਸ਼ਨ ਤੇ ਮੌਜੂਦ ਗਰੀਬੀ ਰੇਖਾ ਤੋਂ ਥੱਲੇ ਪਰਿਵਾਰਾਂ ਅਤੇ ਉੱਚ ਜ਼ੋਖ਼ਮ ਵਾਲੇ ਖੇਤਰਾਂ ਵਿੱਚ ਵੀ ਇਸ ਮੁਹਿੰਮ ਤਹਿਤ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਸਿਹਤ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਟੀਮਾਂ ਦੀ ਅਗਵਾਈ 1186 ਸੁਪਰਵਾਈਜ਼ਰ ਕਰਨਗੇ ਅਤੇ ਇਸਦੀ ਸਮੁੱਚੀ ਨਿਗਰਾਨੀ ਸੂਬਾ ਪੱਧਰੀ ਸਿਹਤ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ ਅਤੇ ਉਹ ਖੁਦ ਇਸ ਮੁਹਿੰਮ ‘ਤੇ ਵਿਸ਼ੇਸ ਨਜ਼ਰ ਰੱਖਣਗੇ।
ਸ. ਜੌੜਾਮਾਜਰਾ ਨੇ ਕਿਹਾ ਕਿ ਭਾਵੇਂ ਭਾਰਤ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ 27 ਮਾਰਚ 2014 ਨੂੰ ਪੋਲੀਓ ਮੁਕਤ ਐਲਾਨਿਆ ਗਿਆ ਸੀ, ਪਰ ਅਜੇ ਵੀ ਗੁਆਂਢੀ ਮੁਲਕਾਂ ਤੋਂ ਪੋਲੀਓ ਵਾਇਰਸ ਫੈਲਣ ਦਾ ਖਤਰਾ ਹੈ, ਜਿੱਥੇ ਹਾਲੇ ਵੀ ਇਸ ਬਿਮਾਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਪਲਸ ਪੋਲੀਓ ਟੀਕਾਕਰਨ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਬਹੁਤ ਜ਼ਰੂਰੀ ਹੈ।