ਚੰਡੀਗੜ੍ਹ ‘ਤੇ ਪੰਜਾਬ ਦਾ ਹੱਕ ਸੀ, ਹੱਕ ਹੈ ਅਤੇ ਰਹੇਗਾ – ਰਾਜੂ ਖੰਨਾ।
Ajay Verma (The Mirror Time)
ਅਮਲੋਹ,21 ਨਵੰਬਰ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਿੰਡ ਕਲਾਲਮਾਜਰਾ ਵਿਖੇ ਇੱਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣਾ ਦੇ ਸਪੀਕਰ ਗਿਆਨ ਚੰਦ ਗੁਪਤਾ ਵੱਲੋਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਚੰਡੀਗੜ੍ਹ ‘ਚ ਵੱਖਰੀ ਹਰਿਆਣਾ ਵਿਧਾਨ ਸਭਾ ਬਣਾਉਣ ਲਈ ਜ਼ਮੀਨ ਲੈਣ ਕੀਤੀ ਜਾ ਰਹੀ ਚਾਰਾਜੋਈ ਸਰਾਸਰ ਗ਼ਲਤ ਹੈ ਕਿਉਂ ਕਿ ਪੰਜਾਬ ਦੇ ਦਰਜਨਾਂ ਪਿੰਡ ਉਜਾੜ ਕੇ ਬਣੇ ਚੰਡੀਗੜ੍ਹ ‘ਤੇ ਸਿਰਫ਼ ਪੰਜਾਬ ਦਾ ਹੀ ਹੱਕ ਹੈ ਅਤੇ ਇਸ ‘ਤੇ ਕਿਸੇ ਨੂੰ ਵੀ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ।ਰਾਜੂ ਖੰਨਾ ਕਿਹਾ ਕਿ ਪੰਜਾਬ ਦੇ ਅਧਿਕਾਰਾਂ ਦੀ ਅਣਦੇਖੀ ਕਰਕੇ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤੇ ਜਾ ਰਹੇ ਹਨ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੀ ਤਰਜਮਾਨੀ ਕਰਨ ਦੀ ਥਾਂ ਉਸ ਸਮੇਂ ਵਿਰੋਧ ‘ਚ ਭੁਗਤੇ ਸਨ ਜਦੋਂ ਉਨ੍ਹਾਂ ਵੱਖਰੀ ਪੰਜਾਬ ਵਿਧਾਨ ਸਭਾ ਲਈ ਜ਼ਮੀਨ ਦੀ ਮੰਗ ਕੀਤੀ ਸੀ । ਮੁੱਖ ਮੰਤਰੀ ਦੀ ਇਸ ਮੰਗ ਨੇ ਚੰਡੀਗੜ੍ਹ ‘ਤੇ ਪੰਜਾਬ ਦੇ ਹੱਕ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਨਿਭਾਈ ਜਾ ਰਹੀ ਸਾਜ਼ਿਸ਼ੀ ਭੂਮਿਕਾ ਕਰਕੇ ਕੇਂਦਰ ਸਰਕਾਰ ਚੰਡੀਗੜ੍ਹ ‘ਚੋਂ ਪੰਜਾਬ ਦੇ ਹੱਕਾਂ ਨੂੰ ਲਗਾਤਾਰ ਘੱਟ ਕਰ ਰਹੀ ਹੈ। ਰਾਜੂ ਖੰਨਾ ਨੇ ਸਪੱਸ਼ਟ ਕੀਤਾ ਹੈ ਚੰਡੀਗੜ੍ਹ ‘ਤੇ ਪੰਜਾਬ ਦਾ ਹੱਕ ਸੀ, ਹੱਕ ਹੈ ਅਤੇ ਹਮੇਸ਼ਾ ਰਹੇਗਾ। ਕੇਂਦਰ ਵੱਲੋਂ ਪੰਜਾਬ ਨਾਲ ਪਹਿਲਾਂ ਹੀ ਕਈ ਧੱਕੇ ਕੀਤੇ ਗਏ ਹਨ ਅਤੇ ਹੁਣ ਹੋਰ ਧੱਕੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਰਿਆਣਾ ਆਪਣੀ ਵੱਖਰੀ ਵਿਧਾਨ ਸਭਾ ਲਈ ਆਪਣੀ ਜ਼ਮੀਨ ਦੀ ਵਰਤੋਂ ਕਰੇ ਅਤੇ ਮੌਜੂਦਾ ਵਿਧਾਨ ਸਭਾ ਖਾਲੀ ਕਰ ਕੇ ਪੰਜਾਬ ਹਵਾਲੇ ਕਰੇ। ਉਨ੍ਹਾਂ ਪੰਜਾਬ ਦੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਰੋਧੀ ਕਿਸੇ ਵੀ ਫੈਸਲੇ ‘ਤੇ ਹਾਮੀ ਨਾ ਭਰਨ। ਜਿਸ ਨਾਲ ਸਮੁੱਚੇ ਪੰਜਾਬੀਆਂ ਨੂੰ ਠੇਸ ਪੁੱਜੇ ਤੇ ਉਹ ਸਘੰਰਸ਼ ਦਾ ਰਾਹ ਅਖਤਿਆਰ ਕਰਨ। ਇਸ ਮੌਕੇ ਤੇ ਉਹਨਾਂ ਨਾਲ ਨੰਬਰਦਾਰ ਅਵਿੰਦਰ ਸਿੰਘ ਕਲਾਲਮਾਜਰਾ, ਯੂਥ ਆਗੂ ਕਸ਼ਮੀਰਾ ਸਿੰਘ ਸੋਨੀ,ਰਾਣਾ ਕਲਾਲਮਾਜਰਾ, ਜਥੇਦਾਰ ਨਾਜ਼ਰ ਸਿੰਘ, ਮੇਜ਼ਰ ਸਿੰਘ,ਏਕਮ ਸਿੰਘ, ਤੇਜਿੰਦਰ ਸਿੰਘ ਬੱਬੂ, ਗਗਨਦੀਪ ਸਿੰਘ, ਦਵਿੰਦਰ ਸਿੰਘ, ਇੰਦਰਜੀਤ ਸਿੰਘ, ਵਿਸ਼ੇਸ਼ ਤੌਰ ਤੇ ਮੌਜੂਦ ਸਨ।