ਸਿਸੋਦੀਆ ਦੇ ਘਰ ਛਾਪਾ ਭਾਜਪਾ ਦੀ ਬੌਖਲਾਹਟ – ਤੇਜਿੰਦਰ ਮਹਿਤਾ
Ajay Verma (The Mirror Time)
ਪਟਿਆਲਾ, 19 ਅਗਸਤ
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਦੇ ਛਾਪੇ ਨੂੰ ਸਿਆਸੀ ਸਾਜ਼ਿਸ਼ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਸ਼ਰਾਬ ਨੀਤੀ ਦੀ ਜਾਂਚ ਨਹੀਂ ਹੈ, ਮਕਸਦ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਅਤਾ ਨੂੰ ਰੋਕਣਾ ਹੈ। ਨਰਿੰਦਰ ਮੋਦੀ ਦਾ ਅਸਲੀ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ। ਭਾਜਪਾ ਦਿੱਲੀ ਦੇ ਸਿੱਖਿਆ ਮਾਡਲ ਤੋਂ ਪ੍ਰੇਸ਼ਾਨ ਹੈ।ਤੇਜਿੰਦਰ ਮਹਿਤਾ ਨੇ ਅੱਗੇ ਕਿਹਾ ਕਿ ਅਮਰੀਕਾ ਦਾ ਅਖਬਾਰ ਤੱਕ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੀ ਤਾਰੀਫ ਕਰਦਾ ਹੈ ਅਤੇ ਆਪਣੇ ਪਹਿਲੇ ਪੰਨੇ ਤੇ ਉਨ੍ਹਾਂ ਦੀ ਫੋਟੋ ਨੂੰ ਪ੍ਰਕਾਸ਼ਿਤ ਕਰਦਾ ਹੈ। ਨਰਿੰਦਰ ਮੋਦੀ ਨੂੰ ਭ੍ਰਿਸ਼ਟਾਚਾਰ ਨਾਲ ਨਹੀਂ ਲੜਨਾ, ਸਗੋਂ ਉਹ ਵਿਰੋਧੀ ਧਿਰ ਨੂੰ ਪ੍ਰੇਸ਼ਾਨ ਕਰਨਾ ਚਾਹੁੰਦੇ ਹਨ। ਪੂਰੇ ਦੇਸ਼ ‘ਚ ਭਾਜਪਾ ਦੇ ਭ੍ਰਿਸ਼ਟਾਚਾਰੀ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਸੀਬੀਆਈ ਦੇ ਛਾਪੇ ਹਮੇਸ਼ਾ ਦੂਜੀ ਧਿਰ ’ਤੇ ਪੈਂਦੇ ਹਨ ਕਿਉਂਕਿ ਸੀਬੀਆਈ ਦੀ ਕਾਰਵਾਈ ਭਾਜਪਾ ਦੀ ਹਤਾਸ਼ਾ , ਨਿਰਾਸ਼ਾ ਅਤੇ ਬੌਖਲਾਹਟ ਦਾ ਨਤੀਜਾ ਹੈ।
ਪ੍ਰੈੱਸ ਨੂੰ ਜਾਰੀ ਬਿਆਨ ਰਾਹੀਂ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਅਤਾ ਤੇਜ਼ੀ ਨਾਲ ਵੱਧ ਰਹੀ ਹੈ। ਅਜਿਹੇ ਵਿੱਚ ਭਾਜਪਾ ਨੂੰ ਇੱਕ ਹੀ ਚਿੰਤਾ ਹੈ ਕਿ ਕੇਜਰੀਵਾਲ ਨੂੰ ਕਿਵੇਂ ਰੋਕਣਾ ਹੈ ਪਰ ਹੁਣ ਸੀਐਮ ਕੇਜਰੀਵਾਲ ਨੂੰ ਕੋਈ ਨਹੀਂ ਰੋਕ ਸਕੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਨੂੰ ਜੇਲ੍ਹ ਵਿੱਚ ਡੱਕਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪ੍ਰਧਾਨ ਮੰਤਰੀ ਬੌਖਲਾ ਕੇ ਇਹ ਸਭ ਕੁਝ ਕਰ ਰਹੇ ਹਨ। ਸੀਬੀਆਈ ਦੇ ਛਾਪੇ ਦਾ ਮਕਸਦ ਸਿਰਫ਼ ਤੇ ਸਿਰਫ਼ ਕੇਜਰੀਵਾਲ ਦੀ ਲੋਕਪ੍ਰਿਅਤਾ ਨੂੰ ਰੋਕਣਾ ਹੈ।