ਭਾਸ਼ਾ ਵਿਭਾਗ ਨੇ ਕਰਵਾਏ ਕੁਇਜ਼ ਮੁਕਾਬਲੇ
ਪਟਿਆਲਾ, 18 ਅਕਤੂਬਰ:
ਜ਼ਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ ਨੇ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਤਿੰਨ ਵਰਗਾ ਦੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਕਰਵਾਏ ਗਏ ਹਨ, ਜਿਸ ਵਿਚ ‘ੳ’ ਵਰਗ ਅੰਦਰ ਅੱਠਵੀਂ ਸ਼੍ਰੇਣੀ ਤੱਕ, ‘ਅ’ ਵਰਗ ਵਿਚ ਨੌਵੀਂ ਤੋਂ ਬਾਰਵੀਂ ਤੱਕ ਦੇ ਅਤੇ ‘ੲ’ ਵਰਗ ਵਿਚ ਗ੍ਰੈਜੂਏਸ਼ਨ ਤੱਕ ਦੇ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਉਨ੍ਹਾਂ ਦੱਸਿਆ ਕਿ ਕੁਇਜ਼ ਮੁਕਾਬਲੇ ਵਿਚ ਵਿਦਿਆਰਥੀਆਂ ਤੋਂ ਪੰਜਾਬੀ ਸਾਹਿਤ, ਧਰਮ, ਭਾਸ਼ਾ, ਸ਼ਖ਼ਸੀਅਤਾਂ, ਸਭਿਆਚਾਰ, ਇਤਿਹਾਸ ਅਤੇ ਭੂਗੋਲ ਆਦਿ ਨਾਲ ਸਬੰਧਤ ਪ੍ਰਸ਼ਨ ਪੁੱਛੇ ਗਏ। ਇਨ੍ਹਾਂ ਮੁਕਾਬਲਿਆਂ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਤੇ ਜ਼ਿਲ੍ਹੇ ਭਰ ਦੇ ਵੱਖ-ਵੱਖ ਸਕੂਲਾਂ ਵੱਲੋਂ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ। ਇਨ੍ਹਾਂ ਮੁਕਾਬਲਿਆਂ ਵਿਚ ਸਰਕਾਰੀ ਸਕੂਲਾਂ ਦੇ ਨਾਲ ਨਾਲ ਪ੍ਰਾਈਵੇਟ ਅਤੇ ਪਬਲਿਕ ਸਕੂਲਾਂ ਨੇ ਵੀ ਹਿੱਸਾ ਲਿਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ‘ੳ’ ਵਰਗ ਵਿਚ ਪਹਿਲੇ ਸਥਾਨ ਉਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਆਲੋਵਾਲ ਦੀ ਅੱਠਵੀਂ ਕਲਾਸ ਦੀ ਮਨਿੰਦਰ ਕੌਰ, ਦੂਜੇ ਸਥਾਨ ਉਤੇ ਦਿੱਲੀ ਪਬਲਿਕ ਸਕੂਲ, ਪਟਿਆਲਾ ਦੀ ਅੱਠਵੀਂ ਕਲਾਸ ਦੀ ਤੇਗਮਾਨ ਕੌਰ ਤੇ ਤੀਜੇ ਸਥਾਨ ਉਤੇ ਦਿੱਲੀ ਪਬਲਿਕ ਸਕੂਲ ਦੇ ਸੱਤਵੀਂ ਕਲਾਸ ਦੇ ਅਮੀਕਜੋਤ ਸਿੰਘ ਭੁੱਲਰ ਰਹੇ। ਇਸੇ ਤਰ੍ਹਾਂ ‘ਅ’ ਵਰਗ ਵਿਚੋਂ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ਉਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੁਲਾਰਾਂ ਦੀਆਂ ਬਾਰ੍ਹਵੀ ਕਲਾਸ ਦੀਆਂ ਵਿਦਿਆਰਥਣਾਂ ਰਿੰਪੀ ਕੌਰ ਅਤੇ ਲਵਪ੍ਰੀਤ ਕੌਰ ਰਹੀਆਂ ਜਦਕਿ ਤੀਜੇ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲਚਕਾਣੀ ਦੀ ਬਾਰ੍ਹਵੀ ਦੀ ਵਿਦਿਆਰਥਣ ਕਮਨਜੋਤ ਕੌਰ ਨੇ ਹਾਸਲ ਕੀਤਾ।
ਇਸੇ ਪ੍ਰਕਾਰ ‘ੲ’ ਵਰਗ ਵਿਚ ਪਹਿਲੇ ਸਥਾਨ ਉਤੇ ਕ੍ਰਮਵਾਰ ਪਬਲਿਕ ਕਾਲਜ ਸਮਾਣਾ ਦੀਆਂ ਬੀ.ਏ. ਭਾਗ ਤੀਜਾ ਦੀਆਂ ਵਿਦਿਆਰਥਣਾਂ ਕਮਲਪ੍ਰੀਤ ਕੌਰ ਤੇ ਸਿਮਰਨ ਕੌਰ ਰਹੀਆਂ ਅਤੇ ਤੀਜੇ ਸਥਾਨ ਖਾਲਸਾ ਕਾਲਜ ਪਟਿਆਲਾ ਦੇ ਬੀ.ਏ. ਭਾਗ ਤੀਜਾ ਦੇ ਵਿਦਿਆਥੀ ਅਨਮੋਲ ਸਿੰਘ ਨੇ ਹਾਸਲ ਕੀਤਾ।
ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਨਕਦ ਇਨਾਮ ਦਿੱਤੇ ਗਏ ਅਤੇ ਇਨ੍ਹਾਂ ਮੁਕਾਬਲਿਆਂ ਵਿਚ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਰਾਜ ਪੱਧਰ ਉਤੇ ਕਰਵਾਏ ਜਾਣ ਵਾਲੇ ਕੁਇਜ਼ ਮੁਕਾਬਲੇ ਵਿਚ ਹਿੱਸਾ ਲੈ ਸਕਣਗੇ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਸਾਹਿਬਾਨ ਅਤੇ ਦਫ਼ਤਰ ਦਾ ਸਟਾਫ਼ ਵੀ ਹਾਜ਼ਰ ਰਿਹਾ। ਇਸ ਮੌਕੇ ਗੁਰਮੇਲ ਸਿੰਘ, ਨਵਨੀਤ ਕੌਰ, ਹਰਦੀਪ ਕੌਰ, ਸਟੈਨੋ, ਮਨਦੀਪ ਕੌਰ, ਪਲਵੀ ਰਾਣੀ, ਹਰਪ੍ਰੀਤ ਕੌਰ, ਬਿਕਰਮ ਕੁਮਾਰ, ਸੋਨੂੰ ਕੁਮਾਰ ਨੇ ਵਿਸ਼ੇਸ਼ ਸਹਿਯੋਗ ਦਿੱਤਾ।