ਰੂਰਲ ਹੱਟ ਰਵਾਸ ਬ੍ਰਾਹਮਣਾਂ ਵਿਖੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਪਟਿਆਲਾ, 8 ਮਾਰਚ:
ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਗੌਤਮ ਜੈਨ ਦੀ ਦੇਖ-ਰੇਖ ਹੇਠ ਚੱਲ ਰਹੇ ਆਜੀਵਿਕਾ ਮਿਸ਼ਨ ਤਹਿਤ ਅੱਜ ਪਿੰਡ ਰਿਵਾਸ ਬ੍ਰਾਹਮਣਾਂ ਦੀ ਰੂਰਲ ਹੱਟ ਵਿਖੇ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਮਨਾਇਆ ਗਿਆ। ਬਲਾਕ ਪਟਿਆਲਾ ਦੇ ਵਿੱਚ ਇਸ ਸਮੇਂ 500 ਤੋਂ ਵੱਧ ਸਵੈ ਸਹਾਇਤਾ ਸਮੂਹ ਡੀ.ਪੀ.ਐਮ ਰੀਨਾ ਰਾਣੀ ਜੀ ਦੀ ਯੋਗ ਅਗਵਾਈ ਹੇਠ ਚੱਲ ਰਹੇ ਹਨ। ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਦੇ ਮੌਕੇ ਸਮਾਰੋਹ ਵਿੱਚ ਡੀ.ਡੀ.ਐਮ ਨਾਬਾਰਡ ਮੈਡਮ ਪਰਵਿੰਦਰ ਕੌਰ ਵੱਲੋਂ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਨੂੰ ਨਾਬਾਰਡ ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ।
ਜ਼ਿਲ੍ਹਾ ਰੁਜ਼ਗਾਰ ਬਿਊਰੋ ਤੋਂ ਮੈਡਮ ਸਿੰਪੀ ਅਤੇ ਰੂਪਸੀ ਵੱਲੋਂ ਮੈਂਬਰਾਂ ਨੂੰ ਵਿਭਾਗ ਅਧੀਨ ਨੌਕਰੀਆਂ ਸਬੰਧੀ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਤੋਂ ਇਲਾਵਾ ਪੀ.ਜੀ.ਬੀ ਰਾਘੋਮਾਜਰਾ ਤੋਂ ਪਹੁੰਚੇ ਬੈਂਕ ਮੈਨੇਜਰ ਸ਼੍ਰੀ ਜਗਦੀਪ ਸਿੰਘ ਅਤੇ ਹੋਰ ਅਧਿਕਾਰੀਆਂ ਵੱਲੋਂ ਮੈਂਬਰਾਂ ਨੂੰ ਸੋਸ਼ਲ ਸਕਿਉਰਿਟੀ ਸਕੀਮਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ। ਬਲਾਕ ਸਟਾਫ਼ ਬੀ.ਪੀ.ਐਮ ਸ਼੍ਰੀ ਵਰੁਣ ਪ੍ਰਾਸ਼ਰ, ਸੀ.ਸੀ. ਸ਼੍ਰੀ ਲਖਵਿੰਦਰ ਸਿੰਘ ਅਤੇ ਸ਼੍ਰੀ ਵਰੁਣ ਚੋਪੜਾ ਵੱਲੋਂ ਮੈਂਬਰਾਂ ਨੂੰ ਐਫ.ਐਮ.ਐਚ.ਡਬਲਿਊ ਅਤੇ ਜੈਂਡਰ ਉੱਪਰ ਜਾਣਕਾਰੀ ਵਿਸਥਾਰਪੂਰਵਕ ਦਿੱਤੀ ਗਈ।
ਮਿਲਾਪ ਸੀ.ਐਲ.ਐਫ ਤੋਂ ਰਾਜ ਕੁਮਾਰੀ ਅਤੇ ਮਲਕੀਤ ਕੌਰ ਵੱਲੋਂ ਸਮਾਰੋਹ ਵਿੱਚ ਪਹੁੰਚੇ ਵੱਖ-ਵੱਖ ਵਿਭਾਗ ਦੇ ਨੁਮਾਇੰਦਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਮੈਂਬਰਾਂ ਵੱਲੋਂ ਇਸ ਸਮਾਰੋਹ ਦੌਰਾਨ ਇਹ ਪ੍ਰਣ ਵੀ ਲਿਆ ਗਿਆ ਕਿ ਕਿਸੇ ਵੀ ਕਿਸਮ ਦਾ ਕਰਜ਼ਾ ਜੋ ਆਜੀਵਿਕਾ ਮਿਸ਼ਨ ਤਹਿਤ ਮੈਂਬਰਾਂ ਵੱਲੋਂ ਲਿਆ ਜਾਵੇਗਾ ਉਸ ਕਰਜ਼ੇ ਨਾਲ ਕੋਈ ਨਾ ਕੋਈ ਕੰਮ-ਕਾਜ ਸ਼ੁਰੂ ਕੀਤਾ ਜਾਵੇਗਾ ਅਤੇ ਕਰਜ਼ੇ ਦਾ ਹਿੱਸਾ ਵਿਆਹ ਆਦਿ ਲਈ ਖ਼ਰਚ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਮਾਰੋਹ ਵਿੱਚ ਆਜੀਵਿਕਾ ਮਿਸ਼ਨ ਤਹਿਤ ਕੰਮ ਕਰ ਰਿਹਾ ਕੇਡਰ ਜਿਸ ਵਿੱਚ ਪੀ.ਆਰ.ਪੀ ਗੁਰਮੀਤ ਕੌਰ, ਜਸਪਾਲ ਕੌਰ, ਸੁਰਿੰਦਰ ਕੌਰ, ਰੁਪਿੰਦਰ ਕੌਰ, ਰਣਜੀਤ ਕੌਰ, ਸੁਰਜੀਤ ਕੌਰ, ਸੋਨੀਆ, ਇੰਦੂ ਬਾਲਾ, ਅਮਨਦੀਪ ਸ਼ਰਮਾ, ਕਮਲਪ੍ਰੀਤ ਕੌਰ ਗੁਰਦੀਪ ਕੌਰ, ਕਿਰਨਜੀਤ ਕੌਰ, ਮਨਜੀਤ ਕੌਰ, ਬੇਅੰਤ ਕੌਰ ਆਦਿ ਵੱਲੋਂ ਭਾਗ ਲਿਆ ਗਿਆ। ਅੱਜ ਦਾ ਇਹ ਖਾਸ ਦਿਹਾੜਾ ਭੈਣਾਂ ਵੱਲੋਂ ਸਾਂਝੇ ਤੌਰ ਤੇ ਗਿੱਧਾ ਅਤੇ ਬੋਲੀਆਂ ਪਾ ਕੇ ਧੂਮ-ਧਾਮ ਨਾਲ ਮਨਾਇਆ ਗਿਆ।