Punjab-Chandigarh

ਮੋਦੀ ਕਾਲਜ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸੱਤ ਪ੍ਰਮੁੱਖ ਮਹਿਲਾ ਸ਼ਖ਼ਸੀਅਤਾਂ ਦਾ ਸਨਮਾਨ

ਪਟਿਆਲਾ: ਮਾਰਚ 8, 2022

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਅੱਜ ‘ਦਿ ਇੰਸਟੀਚਿਊਟ ਆਫ਼ ਕੰਪਨੀ ਸੈਕਟਰੀਜ਼ ਆਫ਼ ਇੰਡੀਆ’, ਪਟਿਆਲਾ ਚੈਪਟਰ ਅਤੇ ਕਾਲਜ ਦੇ ਐਨ.ਐਸ.ਐਸ. ਯੂਨਿਟ ਤੇ ਜਰਨਲ ਸਟੱਡੀਜ਼ ਸਰਕਲ ਵੱਲੋਂ ਸਾਂਝੇ ਤੌਰ ‘ਤੇ ‘ਅੰਤਰਰਾਸ਼ਟਰੀ ਔਰਤ ਦਿਵਸ’ ਮਨਾਇਆ ਗਿਆ। ਇਸ ਸਮਾਗਮ ਵਿੱਚ ਅਕਾਦਮਿਕ, ਸਿੱਖਿਆ ਸਾਸ਼ਤਰੀ ਅਤੇ ਕੁਆਰਡੀਨੇਟਰ ਵਜੋਂ ਇਲਾਕੇ ਦੀਆਂ ਪ੍ਰਮੁੱਖ ਸਿੱਖਿਆ ਸੰਸਥਾਵਾਂ ਵਿੱਚ ਆਪਣੀਆਂ ਮਿਸਾਲੀ ਸੇਵਾਵਾਂ ਪ੍ਰਦਾਨ ਕਰ ਰਹੀਆਂ ਸੱਤ ਪ੍ਰਮੁੱਖ ਮਹਿਲਾ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਦਿਹਾੜੇ ਦੀਆਂ ਸਭ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਅਤੇ ਸਮਾਗਮ ਵਿੱਚ ਪੁੱਜੇ ਸਾਰੇ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ। ਉਨ੍ਹਾਂ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਕਾਲਜ ਵਿੱਚ ਇਸ ਸਮੇਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਪੱਖ ਤੋਂ ਔਰਤ ਦੀ ਹਿੱਸੇਦਾਰੀ ਲਿੰਗਕ ਪੱਖੋਂ ਜ਼ਿਆਦਾ ਹੈ। ਉਨ੍ਹਾਂ ਸਾਵੀਤਰੀ ਬਾਈ ਫੂਲੇ, ਦੁਰਗਾ ਭਾਬੀ, ਐਨੀ ਬੇਸੰਟ, ਅੰਮ੍ਰਿਤਾ ਸ਼ੇਰਗਿੱਲ, ਮਹਾਂਸ਼ਵੇਤਾ ਦੇਵੀ ਜਿਹੇ ਦਮਦਾਰ ਔਰਤ ਕਿਰਦਾਰਾਂ ਦਾ ਇਤਿਹਾਸਿਕ ਜ਼ਿਕਰ ਹੋਣ ਦੇ ਬਾਵਜੂਦ ਵੀ ਮੌਜੂਦਾ ਸਮੇਂ ਵਿੱਚ ਵੱਧ ਰਹੇ ਔਰਤ ਪ੍ਰਤੀ ਅਤਿਆਚਾਰਾਂ ਉੱਤੇ ਢੂੰਘੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕੋਵਿਡ ਉਪਰੰਤ ਵਿਦਿਆਰਥੀਆਂ ਲਈ ਵਿਹਾਰਕ ਸਿਖਲਾਈ ਦੀ ਹੋਂਦ ਤੇ ਸਮਾਜਿਕ ਵਿਹਾਰ ਨੂੰ ਮੁੜ ਵਿਉਂਤਣ ਦੀ ਲੋੜ ਵਰਗੀਆਂ ਚੁਣੌਤੀਆਂ ਲਈ ਮੋਦੀ ਕਾਲਜ ਦੀ ਭਵਿੱਖ ਵਿੱਚ ਬਣਦੀ ਭੂਮਿਕਾ ਨੂੰ ਨਿਭਾਉਣ ਦੀ ਵਚਨਬੱਧਤਾ ਦੁਹਰਾਈ।ਇਸ ਮੌਕੇ ਗੈਸਟ ਆਫ਼ ਆਨਰ ਵਜੋਂ ਬੋਲਦਿਆਂ ਡਾ. ਸ਼ਿਵਾਨੀ ਇੰਦਰ (ਐਸੋਸੀਏਟ ਪ੍ਰੋਫੈਸਰ, ਚਿਤਕਾਰਾ ਬਿਜ਼ਨੇਸ ਸਕੂਲ) ਅਤੇ ਸੀ.ਏ. ਸੀਮਾ ਅਗਰਵਾਲ (ਚੇਅਰਪਰਸਨ, ਆਈ.ਸੀ.ਏ.ਆਈ. ਦੀ ਐਨ.ਆਈ.ਆਰ.ਸੀ. ਪਟਿਆਲਾ ਬ੍ਰਾਂਚ) ਨੇ ਵਿਦਿਆਰਥੀਆਂ ਨਾਲ ਇਸ ਸਾਲ ਦੇ ਥੀਮ ‘ਜੈਂਡਰ ਇਕਵੈਲਿਟੀ ਟੁਡੇ ਫਾਰ ਏ ਸਸਟੇਨੇਂਬਲ ਟੂਮੋਰੋ’ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇੱਕਲੇ ਸਿੱਖਿਆ ਪ੍ਰਬੰਧ ਵਿੱਚ ਹੀ ਨਹੀਂ ਸਗੋਂ ਸਾਨੂੰ ਲਿੰਗਕ ਸਮਾਨਤਾ ਪੱਖੋਂ ਪੂਰੇ ਸਭਿਆਚਾਰਕ ਬਦਲਾਅ ਦੀ ਲੋੜ ਹੈ। ਆਜ਼ਾਦੀ ਮਾਨਣ ਦੀ ਹੀ ਚੀਜ਼ ਨਹੀਂ ਸਗੋਂ ਇਹ ਜ਼ਿੰਮੇਵਾਰੀ ਭਰਪੂਰ ਹੁੰਦੀ ਹੈ। ਉਪਰੋਕਤ ਤੋਂ ਇਲਾਵਾ ਇਸ ਮੌਕੇ ਸਨਮਾਨਿਤ ਸ਼ਖ਼ਸੀਅਤਾਂ ਵਿੱਚ ਸ਼੍ਰੀਮਤੀ ਇੰਦੂ ਸ਼ਰਮਾ (ਪ੍ਰਿੰਸੀਪਲ, ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ, ਪਟਿਆਲਾ), ਸਿਸਟਰ ਫਲੇਵੀ (ਪ੍ਰਿੰਸੀਪਲ, ਅਵਰ ਲੇਡੀ ਆਫ਼ ਫਾਤਿਮਾ ਕੌਨਵੇਂਟ ਸਕੂਲ, ਪਟਿਆਲਾ), ਸ਼੍ਰੀਮਤੀ ਜਸਪ੍ਰੀਤ ਧੰਜਲ (ਚੇਅਰਪਰਸਨ, ਆਈ.ਸੀ.ਐਸ.ਆਈ. ਪਟਿਆਲਾ ਚੈਪਟਰ), ਸ਼੍ਰੀਮਤੀ ਪਰਨੀਤ ਕੌਰ (ਕੁਆਰਡੀਨੇਟਰ, ਸੇਂਟ ਪੀਟਰਜ਼ ਅਕੈਡਮੀ, ਪਟਿਆਲਾ), ਸ਼੍ਰੀਮਤੀ ਮਨਪ੍ਰੀਤ ਕੌਰ (ਹੈਡਮਿਸਟਰਸ, ਜੀ.ਐਚ.ਐਸ. ਰੱਨੋ ਕਲਾਂ), ਸ਼੍ਰੀਮਤੀ ਪੂਨਮ ਸ਼ਰਮਾ (ਮੁਖੀ, ਕਾਮਰਸ ਵਿਭਾਗ, ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ), ਸ਼੍ਰੀਮਤੀ ਨੀਰਾ ਖੁਰਾਣਾ (ਪੀ.ਜੀ.ਟੀ. ਕੈਮਿਸਟਰੀ ਵਿਭਾਗ, ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ), ਸ਼੍ਰੀਮਤੀ ਸਵਿਤਾ ਬਾਂਸਲ (ਸਾਇੰਸ ਮਿਸਟਰਸ, ਸ਼ਿਵਾਲਿਕ ਪਬਲਿਕ ਸਕੂਲ, ਪਟਿਆਲਾ) ਸ਼ਾਮਲ ਸਨ।ਇਸ ਮੌਕੇ ‘ਤੇ ਔਰਤ ਦਿਵਸ ਨੂੰ ਸਮਰਪਿਤ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਲੇਖ ਲਿਖਣ ਮੁਕਾਬਲੇ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ 24 ਵਿਦਿਆਰਥੀਆਂ ਨੇ ‘ਸਟੇਟਸ ਆਫ਼ ਵੁਮੈਨ ਇੰਪਾਵਰਮੈਂਟ ਇੰਨ ਦਾ ਈਯਰ ਆਫ਼ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’, ‘ਬੈਲੇਂਸਿੰਗ ਆਫ਼ ਪ੍ਰੋਫੈਸ਼ਨਲ ਐਂਡ ਸ਼ੋਸ਼ਲ ਲਾਈਫ਼ ਫ਼ਾਰ ਇੰਡੀਅਨ ਵਰਕਿੰਗ ਵੀਮੈਨ’, ‘ਡਾਈਨੈਮਿਕ ਰੋਲ ਆਫ਼ ਵੀਮੈਨ ਇੰਨ ਇਕਨਾਮਿਕ ਐਂਡ ਸ਼ੋਸ਼ਲ ਸਟਰਕਚਰ ਆਫ਼ ਇੰਡੀਆ’ ਵਿਸ਼ਿਆਂ ਉੱਤੇ ਲੇਖ ਰਚਨਾ ਕੀਤੀ। ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਸਾਂਝੇ ਤੌਰ ‘ਤੇ ਸੇਜਲ ਬਾਂਸਲ (ਬੀ.ਐਸ.ਸੀ. ਕੰਪਿਊਟਰ ਸਾਇੰਸ ਭਾਗ ਦੂਜਾ) ਅਤੇ ਮਹਿਕਪ੍ਰੀਤ ਕੌਰ (ਬੀ.ਏ. ਭਾਗ ਤੀਜਾ) ਨੇ ਜਿੱਤਿਆ। ਦੂਜਾ ਸਥਾਨ ਸਾਂਝੇ ਤੌਰ ਤੇ ਅੰਕਿਤ ਗੋਇਲ (ਬੀ.ਏ.ਭਾਗ ਦੂਜਾ) ਅਤੇ ਰਮਣੀਕ ਕੌਰ (ਐਮ.ਕਾਮ. ਭਾਗ ਪਹਿਲਾ) ਨੇ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਮੋਮੈਂਟੋ ਤਕਸੀਮ ਕੀਤੇ ਗਏ। ਵਿਦਿਆਰਥੀ ਦਿਲਾਸ਼ਾ ਮੱਲੀ (ਬੀ.ਏ. ਭਾਗ ਪਹਿਲਾ) ਨੇ ਇਸ ਦਿਵਸ ਸਬੰਧੀ ਵਿਚਾਰ ਸਾਂਝੇ ਕੀਤੇ ਅਤੇ ਰਵਨੂਰਪ੍ਰੀਤ ਕੌਰ (ਬੀ.ਕਾਮ. ਭਾਗ ਦੂਜਾ) ਨੇ ਆਪਣੀ ਸੁਰੀਲੀ ਪੇਸ਼ਕਾਰੀ ਗੀਤ ਜ਼ਰੀਏ ਦਿੱਤੀ।ਕਾਲਜ ਦੇ ਉਪ-ਪ੍ਰਿੰਸੀਪਲ ਪ੍ਰੋ. ਸ਼ੈਲੇਂਦਰ ਸਿੱਧੂ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ ਜਦੋਂ ਕਿ ਮੰਚ ਸੰਚਾਲਨ ਦਾ ਕਾਰਜ ਡਾ. ਭਾਨਵੀ ਵਧਾਵਨ ਨੇ ਨਿਭਾਇਆ। ਇਸ ਮੌਕੇ ਭਰਵੀਂ ਗਿਣਤੀ ਵਿੱਚ ਸ਼ਾਮਲ ਵਿਦਿਆਰਥੀਆਂ ਤੋਂ ਇਲਾਵਾ ਰਜਿਸਟਰਾਰ ਡਾ. ਅਸ਼ਵਨੀ ਕੁਮਾਰ, ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਰਾਜੀਵ ਸ਼ਰਮਾ, ਪ੍ਰੋ. ਜਗਦੀਪ ਕੌਰ, ਡਾ. ਹਰਮੋਹਨ ਸ਼ਰਮਾ, ਡਾ. ਗਣੇਸ਼ ਸੇਠੀ ਤੇ ਗ਼ੈਰ-ਅਧਿਆਪਨ ਅਮਲਾ ਵੀ ਸ਼ਾਮਲ ਸੀ।

Spread the love

Leave a Reply

Your email address will not be published. Required fields are marked *

Back to top button