ਅਜੀਤਪਾਲ ਕੋਹਲੀ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਵਿੱਚ ਵੱਡੀ ਹਲਚਲ
Story by Baljeet Singh :
ਪਟਿਆਲਾ ਦੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਥਾਨਕ ਪੱਧਰ ਤੇ ਪਾਰਟੀ ਵਿਚ ਵੱਡੀ ਹਿਲਜੁਲ ਹੋਣ ਦੇ ਸਮਾਚਾਰ ਮਿਲ ਰਹੇ ਹਨ। ਅਤੇ ਆਉਣ ਵਾਲੇ ਚੰਦ ਦਿਨਾਂ ਵਿੱਚ ਇੱਥੇ ਆਮ ਆਦਮੀ ਪਾਰਟੀ ਵਿੱਚ ਵੱਡੀ ਉਥਲ ਪੁਥਲ ਹੋਣ ਦੀ ਸੰਕਾ ਪ੍ਰਗਟ ਕੀਤੀ ਜਾ ਰਹੀ ਹੈ।
ਸਥਾਨਕ ਮੀਡੀਆ ਅਤੇ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਪਿਛਲੇ ਕਾਫ਼ੀ ਸਾਲਾਂ ਤੋਂ ਪਾਰਟੀ ਦੀ ਚੰਗੀ ਸੇਵਾ ਕਰਨ ਵਾਲੇ ਸਥਾਨਕ ਆਗੂ ਇਹ ਸਮਝ ਰਹੇ ਹਨ ਕਿ ਪਾਰਟੀ ਵਲੋਂ ਪਟਿਆਲਾ ਸ਼ਹਿਰੀ ਤੋਂ ਟਿਕਟ ਵੀ ਸਰਦਾਰ ਕੋਹਲੀ ਨੂੰ ਦਿੱਤਾ ਜਾਣਾ ਲਗਭਗ ਤੈਅ ਹੈ। ਜਿਸ ਕਰਕੇ ਇਹ ਆਗੂ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਪਾਰਟੀ ਹਾਈਕਮਾਨ ਨੇ ਅਕਾਲੀ ਆਗੂ ਅਜੀਤਪਾਲ ਸਿੰਘ ਕੋਹਲੀ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਬਿਲਕੁਲ ਹੀ ਭਰੋਸੇ ਵਿੱਚ ਨਹੀਂ ਲਿਆ ਗਿਆ।
ਇਹ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਕੋਹਲੀ ਪਰਿਵਾਰ
ਬਹੁਤ ਪੁਰਾਣਾ ਅਕਾਲੀ ਟਕਸਾਲੀ ਪਰਿਵਾਰ ਹੈ। ਅਤੇ ਅਜੀਤਪਾਲ ਸਿੰਘ ਕੋਹਲੀ ਦੇ ਦਾਦਾ ਸਰਦਾਰਾ ਸਿੰਘ ਅਕਾਲੀ ਦਲ ਦੇ ਵੱਡੇ ਥੰਮ ਰਹੇ ਹਨ। ਇਸਦੇ ਨਾਲ ਹੀ ਉਹਨਾਂ ਦੇ ਪਿਤਾ ਸਰਦਾਰ ਸੁਰਜੀਤ ਸਿੰਘ ਕੋਹਲੀ ਵੀ ਅਕਾਲੀ ਸਰਕਾਰ ਵਿਚ ਮੰਤਰੀ ਰਹਿ ਚੁੱਕੇ ਹਨ।
ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਦੇ ਇਹ ਪੁਰਾਣੇ ਵਰਕਰ ਤੇ ਆਗੂ ਅੰਦਰਖਾਤੇ ਇਸ ਗੱਲ ਤੋਂ ਹੈਰਾਨ ਅਤੇ ਦੁਖੀ ਹਨ ਕਿ ਸਥਾਨਕ ਪੱਧਰ ਦੀ ਲੀਡਰਸ਼ਿਪ ਨੂੰ ਅੱਖੋਂ ਪਰੋਖੇ ਕਰ ਕੇ ਪਾਰਟੀ ਨੇ ਇੰਨਾ ਵੱਡਾ ਫੈਸਲਾ ਕਿਵੇਂ ਲਿਆ। ਇੱਥੇ ਹੀ ਬਸ ਨਹੀਂ ਅੰਦਰੋਂ ਅੰਦਰੀ ਹੈਰਾਨ ਪ੍ਰੇਸ਼ਾਨ ਇਹ ਆਗੂ ਇਹਨਾਂ ਸੰਭਾਵਨਾਵਾਂ ਤੇ ਖਬਰਾਂ ਤੋਂ ਵੀ ਦੁਖੀ ਹਨ ਕਿ ਪਾਰਟੀ ਪਟਿਆਲਾ ਸ਼ਹਿਰੀ ਤੋਂ ਅਜੀਤਪਾਲ ਸਿੰਘ ਕੋਹਲੀ ਨੂੰ ਉਮੀਦਵਾਰ ਬਣਾਉਣ ਬਣਾਉਣ ਜਾ ਰਹੀ ਹੈ।
ਸੂਤਰਾਂ ਰਾਹੀਂ ਮਿਲੀ ਜਾਣਕਾਰੀ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਇਸ ਸਾਰੇ ਘਟਨਾਕ੍ਰਮ ਦੇ ਚਲਦਿਆਂ ਪਾਰਟੀ ਦੇ ਕੁਝ ਪੁਰਾਣੇ ਆਗੂ ਅੰਦਰਖਾਤੇ ਚੁੱਪ ਚੁਪੀਤੇ ਆਪੋ ਆਪਣੀਆਂ ਨਵੀਆਂ ਗੋਟੀਆਂ ਫਿਟ ਕਰਨ ਵਿੱਚ ਲੱਗੇ ਹੋਏ ਹਨ। ਇਸ ਤੋਂ ਇਹ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਵਿੱਚ ਵੱਡਾ ਜਵਾਲਾਮੁਖੀ ਫਟ ਸਕਦਾ ਹੈ।