ਡੇਅਰੀ ਵਿਕਾਸ ਵਿਭਾਗ ਨੇ ਪਿੰਡ ਸਦਰਪੁਰਾ ਵਿਖੇ ਲਗਾਇਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ
ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਉਤਪਾਦਕਾਂ ਨੂੰ ਕਿੱਤੇ ਦੀਆਂ ਬਾਰੀਕੀਆਂ ਸਬੰਧੀ ਜਾਣਕਾਰੀ ਦੇਣ ਲਈ ਪਿੰਡ ਸਦਰਪੁਰਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਸ੍ਰੀ ਅਸ਼ੋਕ ਰੌਣੀ ਨੇ ਅਗਾਂਹਵਧੂ ਦੁੱਧ ਉਤਪਾਦਕਾਂ ਨੂੰ ਪਸ਼ੂਆਂ ਦੀਆਂ ਨਸਲਾਂ ਤੇ ਹਰੇ ਚਾਰੇ ਅਤੇ ਸਾਈਲੇਜ਼ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ।
ਕੈਂਪ ਦੌਰਾਨ ਉਨ੍ਹਾਂ ਵਿਭਾਗ ਵੱਲੋਂ ਦੁੱਧ ਉਤਪਾਦਕਾਂ ਲਈ ਚਲਾਈ ਜਾ ਰਹੀ ਡੀ.ਡੀ. 8 ਸਕੀਮ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ 2 ਤੋਂ 10 ਪਸ਼ੂਆਂ ਲਈ ਮਸ਼ੀਨਰੀ ਖਰੀਦਣ ਲਈ ਜਨਰਲ ਵਰਗ ਨੂੰ 17 ਹਜ਼ਾਰ 500 ਤੇ ਐਸ.ਵੀ ਵਰਗ ਨੂੰ 23 ਹਜ਼ਾਰ 100 ਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸਬਸਿਡੀ ਫੌਡਰ ਹਾਰਵੈਸਟਰ, ਸਾਇਲੇਜ਼ ਬੇਲਰ ਮਸ਼ੀਨ, ਫੌਰੇਜ਼ ਕਟਰ ਮਸ਼ੀਨ ‘ਤੇ ਦਿੱਤੀ ਜਾਂਦੀ ਹੈ।
ਇਸ ਮੌਕੇ ਖਰੀਦ ਮੈਨੇਜਰ ਮਿਲਕਫੈਡ (ਸੇਵਾਮੁਕਤ) ਦਰਸ਼ਨ ਸਿੰਘ ਸਿੱਧੂ ਨੇ ਦੁੱਧ ਉਤਪਾਦਕਾਂ ਨੂੰ ਦੁੱਧ ਦੀ ਫੈਟ, ਐਸ.ਐਨ.ਐਫ ਦੇ ਘਟਣ ਤੇ ਵਧਣ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਤੋਂ ਇਲਾਵਾ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਸਬੰਧੀ ਵੀ ਆਪਣੇ ਤਜਰਬੇ ਸਾਂਝੇ ਕੀਤੇ। ਵੈਟਰਨਰੀ ਡਾਕਟਰ ਅਨੁਰਾਗ ਕੁਮਾਰ ਨੇ ਪਸ਼ੂਆਂ ਦੀ ਬਿਮਾਰੀਆਂ ਦੀ ਰੋਕਥਾਮ ਅਤੇ ਕੱਟੀਆਂ ਵੱਛੀਆਂ ਦੀ ਸਾਂਭ ਸੰਭਾਲ ਬਾਰੇ ਦੁੱਧ ਉਤਪਾਦਕਾਂ ਨੂੰ ਜਾਣਕਾਰੀ ਦਿੱਤੀ। ਡੇਅਰੀ ਵਿਕਾਸ ਇੰਸਪੈਕਟਰ ਦਲਬੀਰ ਕੁਮਾਰ ਅਤੇ ਲਖਮੀਰ ਸਿੰਘ ਵੱਲੋਂ ਸਾਫ਼ ਦੁੱਧ ਦੀ ਪੈਦਾਵਾਰ ਅਤੇ ਕੈਟਲਸ਼ੈੱਡ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਕੈਂਪ ‘ਚ ਵਿਭਾਗੀ ਮੋਬਾਇਲ ਵੈਨ ਵੱਲੋਂ ਪਸ਼ੂਆਂ ਦੇ ਫੀਡ ਦੇ ਨਮੂਨਿਆਂ ਦੀ ਜਾਂਚ ਕਰਨ ਉਪਰੰਤ ਮੌਕੇ ‘ਤੇ ਹੀ ਪਸ਼ੂ ਪਾਲਕਾਂ ਨੂੰ ਫੀਡ ਦੀ ਗੁਣਵੱਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪਿੰਡ ਸਦਰਪੁਰਾ ਦੇ ਸਰਪੰਚ ਜਗਦੇਵ ਸਿੰਘ ਨੇ ਕੈਂਪ ਵਿਚ ਪਹੁੰਚ ਕੇ ਵਿਭਾਗ ਦੇ ਨੁਮਾਇੰਦਿਆਂ ਅਤੇ ਦੁੱਧ ਉਤਪਾਦਕਾਂ ਦਾ ਧੰਨਵਾਦ ਕੀਤਾ।