ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੂੰ ਮਿਲੀ ਪੰਜਾਬ ਸਟੇਟ ਕੌਂਸਲ ਫਾਰ ਐਗਰੀਕਲਚਰਲ ਐਜੂਕੇਸ਼ਨ ਤੋਂ ਮਾਨਤਾ
Ajay Verma(TMT)
Fatehgarh Sahib
, 20 ਜੁਲਾਈ ( ਫ਼ਤਿਹਗੜ੍ਹ ਸਾਹਿਬ) – ਪੰਜਾਬ ਸਟੇਟ ਕੌਂਸਲ ਫਾਰ ਐਗਰੀਕਲਚਰਲ ਐਜੂਕੇਸ਼ਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਚੱਲ ਰਹੀ ਵਿੱਦਿਅਕ ਸੰਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਨੂੰ ਖੇਤੀਬਾੜੀ ਪ੍ਰੋਗਰਾਮਾਂ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸਟੇਟ ਕੌਂਸਲ ਵੱਲੋਂ ਗਠਿਤ ਟੀਮ ਦੁਆਰਾ ਪਿਛਲੇ ਦਿਨੀਂ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਨੇ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਦੇ ਅਧਿਆਪਨ ਸਟਾਫ, ਪ੍ਰਯੋਗਸ਼ਾਲਾਵਾਂ ਅਤੇ ਖੇਤੀ-ਫਾਰਮ ਦਾ ਨਿਰਧਾਰਿਤ ਸ਼ਰਤਾਂ ਤਹਿਤ ਮੁਆਇਨਾ ਕੀਤਾ। ਕੌਂਸਲ ਦੀ ਅਧਿਕਾਰਤ ਟੀਮ ਨੇ ਯੂਨੀਵਰਸਟੀ ਦੇ ਖੇਤੀਬਾੜੀ ਵਿਭਾਗ ਦੇ ਅਧਿਆਪਨ ਸਟਾਫ, ਪ੍ਰਯੋਗਸ਼ਾਲਾਵਾਂ ਅਤੇ ਖੇਤੀ-ਫਾਰਮ ਬਾਰੇ ਤਸੱਲੀ ਪ੍ਰਗਟਾਈ।
ਕੌਂਸਲ ਵੱਲੋਂ ਯੂਨੀਵਰਸਿਟੀ ਨੂੰ ਦਿੱਤੀ ਪ੍ਰਵਾਨਗੀ ਬਾਰੇ ਪ੍ਰੋ-ਚਾਂਸਲਰ ਪ੍ਰੋ. (ਡਾ.) ਅਜਾਇਬ ਸਿੰਘ ਬਰਾੜ, ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ .(ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਇਸ ਪ੍ਰਵਾਨਗੀ ਨੂੰ ਯੂਨੀਵਰਸਿਟੀ ਲਈ ਇਕ ਵੱਡੀ ਪ੍ਰਾਪਤੀ ਮੰਨਿਆ ਅਤੇ ਇਸ ਪ੍ਰਾਪਤੀ ਲਈ ਉਹਨਾਂ ਨੇ ਵਿਭਾਗ ਦੇ ਡੀਨ/ਮੁਖੀ ਡਾ. ਜੋਗਾ ਸਿੰਘ, ਇੰਚਾਰਜ ਡਾ. ਜਸਪ੍ਰੀਤ ਕੌਰ ਅਤੇ ਵਿਭਾਗ ਦੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ। ਕੌਂਸਲ ਵੱਲੋਂ ਇਹ ਪ੍ਰਵਾਨਗੀ ਪੰਜਾਬ ਦੀਆਂ ਚੁਣਵੀਆਂ ਵਿੱਦਿਅਕ ਸੰਸਥਾਵਾਂ ਨੂੰ ਹੀ ਦਿੱਤੀ ਗਈ ਹੈ ।
ਐਗਰੀਕਲਚਰ ਵਿਭਾਗ ਦੇ ਡੀਨ/ਮੁਖੀ ਡਾ. ਜੋਗਾ ਸਿੰਘ ਨੇ ਦੱਸਿਆ ਕਿ ਇਹ ਸਫਲਤਾ ਵਿਭਾਗ ਦੇ ਸਮੂਹ ਫੈਕਲਟੀ ਮੈਂਬਰਾਂ, ਲੈਬ ਸਟਾਫ਼ ਅਤੇ ਫੀਲਡ ਵਰਕਰਾਂ ਦੀ ਸਖ਼ਤ ਮਿਹਨਤ ਅਤੇ ਸਾਂਝੇ ਯਤਨਾਂ ਦੁਆਰਾ ਸੰਭਵ ਹੋਈ ਹੈ । ਵਿਭਾਗ ਇੰਚਾਰਜ ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਜਿਥੇ ਵਿਭਾਗ ਕੋਲ ਇਹ ਪ੍ਰੋਗਰਾਮ ਨੂੰ ਚਲਾਉਣ ਲਈ ਤਜਰਬੇਕਾਰ ਅਧਿਆਪਨ ਸਟਾਫ਼ ਤੇ ਗੈਰ ਅਧਿਆਪਨ ਸਟਾਫ਼ ਅਤੇ ਵਧੀਆ ਪ੍ਰਯੋਗਸ਼ਾਲਾਵਾਂ ਹਨ ਉਥੇ ਹੀ ਵਿਦਿਆਰਥੀਆਂ ਦੇ ਫੀਲਡ ਟਰੈਲ ਲਈ ਲੋੜੀਂਦੇ 50 ਏਕੜ ਦਾ ਐਗਰੀ ਫਾਰਮ ਯੂਨੀਵਰਸਿਟੀ ਕੈਂਪਸ ਵਿਚ ਹੀ ਸਥਿਤ ਹੈ, ਜੋ ਕਿ ਵਿਦਿਆਰਥੀਆਂ ਲਈ ਵੱਡੀ ਸੁਵਿਧਾ ਹੈ। ਯੂਨੀਵਰਸਿਟੀ ਦੇ ਚਾਂਸਲਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਯੂਨੀਵਰਸਿਟੀ ਨੂੰ ਖੇਤੀਬਾੜੀ ਕੋਰਸਾਂ ਲਈ ਪ੍ਰਵਾਨਗੀ ਮਿਲਣ ਤੇ ਵਧਾਈ ਦਿੱਤੀ।