ਐਸ.ਡੀ.ਐਮ ਵੱਲੋਂ ਰਾਜਪੁਰਾ ਮੰਡੀ ਦਾ ਜਾਇਜ਼ਾ, ਫ਼ਲਾਂ ਨੂੰ ਪੋਟਾਸ਼ੀਅਮ ਆਦਿ ਨਾਲ ਨਾ ਪਕਾਏ ਜਾਣ ਦੀ ਹਦਾਇਤ
ਰਾਜਪੁਰਾ, 26 ਮਈ:
ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ ਨੇ ਫ਼ਲ ਅਤੇ ਸਬਜੀ ਮੰਡੀ ਰਾਜਪੁਰਾ ਵਿਖੇ ਅੱਜ ਸਵੇਰੇ ਚੈਕਿੰਗ ਕੀਤੀ।ਉਨ੍ਹਾਂ ਨੇ ਫ਼ਲਾਂ ਦੇ ਥੋਕ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਪੋਟਾਸ਼ੀਅਮ ਆਦਿ ਤੇ ਹੋਰ ਦਵਾਈਆਂ ਦੀ ਵਰਤੋਂ ਕਰਕੇ ਫ਼ਲਾਂ ਨੂੰ ਨਾ ਪਕਾਇਆ ਜਾਵੇ, ਕਿਉਂਕਿ ਅਜਿਹਾ ਕਰਨ ਨਾਲ ਫ਼ਲ ਖਾਣ ਵਾਲਿਆਂ ਦੀ ਸਿਹਤ ਉਪਰ ਬੁਰਾ ਅਸਰ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਸਿਵਲ ਸਰਜਨ, ਪਟਿਆਲਾ ਨੂੰ ਲਿਖ ਦਿੱਤਾ ਗਿਆ ਹੈ ਕਿ ਜ਼ਿਲ੍ਹਾ ਸਿਹਤ ਅਫ਼ਸਰ ਦੇ ਤਹਿਤ ਟੀਮਾਂ ਬਣਾ ਕੇ ਗਰਮੀਆਂ ਦੇ ਮੌਸਮ ਵਿੱਚ ਫ਼ਲ ਮੰਡੀਆਂ ਦੀ ਚੈਕਿੰਗ ਕਰਵਾਈ ਜਾਵੇ।
ਇਸੇ ਦੌਰਾਨ ਐਸ.ਡੀ.ਐਮ. ਡਾ. ਸੰਜੀਵ ਕੁਮਾਰ ਨੇ ਸਬਜੀ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਸਬਜੀਆਂ ਦੀ ਰਹਿੰਦ-ਖੂੰਹਦ ਨੂੰ ਇੱਧਰ-ਉੱਧਰ ਸੁੱਟਣ ਦੀ ਥਾਂ, ਕੂੜਾਦਾਨ ਵਿੱਚ ਪਾਇਆ ਜਾਵੇ ਤਾਂ ਜੋ ਪਸੂ-ਪਾਲਕ ਜਾਂ ਗਊਸਾਲਾਵਾਂ ਵਾਲੇ ਸਬਜੀਆਂ ਦੀ ਰਹਿੰਦ-ਖੂੰਹਦ ਦਾ ਪ੍ਰਯੋਗ ਆਪਣੇ ਪਸ਼ੂਆ ਲਈ ਕਰ ਸਕਣ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਮੰਡੀ ਅਤੇ ਗਊਸਾਲਾਵਾਂ ਦੇ ਪ੍ਰਧਾਨਾਂ ਨਾਲ ਮੀਟਿੰਗ ਵੀ ਕੀਤੀ ਜਾਵੇਗੀ।
ਐਸ.ਡੀ.ਐਮ. ਨੇ ਮੰਡੀ ਵਿੱਚ ਸਫਾਈ ਦਾ ਪੂਰਨ ਧਿਆਨ ਰੱਖਣ ਸਮੇਤ ਨਜਾਇਜ ਕਬਜਿਆਂ ਨੂੰ ਹਟਵਾਉਣ ਲਈ ਸਕੱਤਰ ਮਾਰਕਿਟ ਕਮੇਟੀ, ਰਾਜਪੁਰਾ ਨੂੰ ਹਦਾਇਤ ਕੀਤੀ। ਇਸ ਮੌਕੇ ਸੈਕਟਰੀ ਮਾਰਕਿਟ ਕਮੇਟੀ ਜੈ ਵਿਜੇ, ਮੰਡੀ ਸੁਪਰਵਾਈਜਰ ਜੁਝਾਰ ਸਿੰਘ ਤੇ ਮਾਰਕਿਟ ਕਮੇਟੀ ਰਾਜਪੁਰਾ ਦੇ ਹੋਰ ਕਰਮਚਾਰੀ ਵੀ ਨਾਲ ਸਨ।