ਪਲਾਂਟ ਦੀ ਸਮਰੱਥਾ ਉਸਾਰੀ ਬਾਰੇ ਦਿਹਾਤੀ ਬਲਾਕ ‘ਚ ਪੈਂਦੇ ਪਿੰਡਾਂ ਦੇ ਪੰਚਾਂ, ਸਰਪੰਚਾਂ ਤੇ ਪੰਚਾਇਤ ਸਕੱਤਰਾਂ ਨੂੰ ਦਿੱਤੀ ਜਾਣਕਾਰੀ
ਪਟਿਆਲਾ, 26 ਮਈ:
ਪਟਿਆਲਾ ਦਿਹਾਤੀ ਬਲਾਕ ਦੇ ਪਿੰਡਾਂ ਵਿੱਚੋਂ ਨਿਕਲਣ ਵਾਲੇ ਪਲਾਸਟਿਕ ਨੂੰ ਰੀਸਾਇਕਲ ਕਰਕੇ ਮੁੜ ਵਰਤੋਂ ਵਿੱਚ ਲਿਆਂਦਾ ਜਾਵੇਗਾ। ਇਸ ਨੂੰ ਰੀਸਾਇਕਲ ਕਰਨ ਲਈ ਪਿੰਡ ਰੌਂਗਲਾ ਵਿਖੇ 16 ਲੱਖ ਰੁਪਏ ਦੀ ਲਾਗਤ ਨਾਲ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ਲਗਾਇਆ ਜਾ ਰਿਹਾ ਹੈ।
ਇਹ ਪ੍ਰਗਟਾਵਾ ਡਾਇਰੈਕਟਰ ਸੈਨੀਟੇਸ਼ਨ ਪੰਜਾਬ ਤੋਂ ਕਮਿਉਨਿਟੀ ਡਿਵੈਲਪਮੈਂਟ ਸਪੈਸ਼ਲਿਸਟ ਮਿਸ ਸੇਵਿਆ ਸ਼ਰਮਾ ਨੇ ਇਸ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ਦੀ ਸਮਰੱਥਾ ਉਸਾਰੀ (ਕਪੈਸਿਟੀ ਬਿਲਡਿੰਗ) ਸਬੰਧੀ ਪਟਿਆਲਾ ਦਿਹਾਤੀ ਬਲਾਕ ਦੇ ਸਾਰੇ ਪਿੰਡਾਂ ਦੇ ਸਰਪੰਚਾਂ/ਪੰਚਾਂ ਤੇ ਪੰਚਾਇਤ ਸਕੱਤਰਾਂ ਨਾਲ ਜਲ ਸਪਲਾਈ ਅਤੇ ਸੈਨੀਟੇਸ਼ਨ, ਮੰਡਲ ਨੰਬਰ 2, ਪਟਿਆਲਾ ਦੇ ਕਾਰਜਕਾਰੀ ਇੰਜੀਨੀਅਰ ਰਸ਼ਪਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਮੀਟਿੰਗ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਰੌਂਗਲਾ ਬਲਾਕ ਪਟਿਆਲਾ ਦਿਹਾਤੀ ਵਿਖੇ 16 ਲੱਖ ਦੀ ਲਾਗਤ ਨਾਲ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਦਿਹਾਤੀ ਬਲਾਕ ਦੇ ਸਾਰੇ ਪਿੰਡਾਂ ਵਿਚੋਂ ਨਿਕਲਣ ਵਾਲੇ ਪਲਾਸਟਿਕ ਨੂੰ ਇਸ ਪਲਾਂਟ ਵਿਖੇ ਰਿਸਾਇਕਲ ਕਰਨ ਤੋਂ ਬਾਅਦ ਮੁੜ ਵਰਤੋਂ ਵਿਚ ਲਿਆਇਆ ਜਾਵੇਗਾ।
ਜਿਕਰਯੋਗ ਹੈ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਿਛਲੇ ਦਿਨੀਂ ਪਿੰਡ ਰੌਂਗਲਾ ਦਾ ਦੌਰਾ ਕਰਕੇ ਇਸ ਪਲਾਂਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ ਸੀ ਅਤੇ ਇਸ ਪਿੰਡ ਦੀ ਪੰਚਾਇਤ ਵਲੋਂ ਸਰਪੰਚ ਸ੍ਰੀਮਤੀ ਰਾਣੀ ਵੱਲੋਂ ਪੰਚਾਇਤੀ ਜਮੀਨ ਇਸ ਪਲਾਂਟ ਨੂੰ ਲਗਾਉਣ ਲਈ ਦਿੱਤੀ ਗਈ ਹੈ ਤਾਂ ਜ਼ੋ ਬਲਾਕ ਦੇ ਪਿੰਡਾਂ ਵਿਚੋਂ ਨਿਕਲਣ ਵਾਲੇ ਪਲਾਸਟਿਕ ਦਾ ਨਿਪਟਾਰਾ ਸਹੀ ਢੰਗ ਨਾਲ ਕੀਤਾ ਜਾ ਸਕੇ ਅਤੇ ਬਲਾਕ ਪਟਿਆਲਾ ਜ਼ਿਲ੍ਹੇ ਨੂੰ ਇਕ ਉਦਾਹਰਣ ਦੇ ਤੌਰ ‘ਤੇ ਵੇਖਿਆ ਜਾ ਸਕੇ।
ਮੀਟਿੰਗ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਜੇ.ਈ. ਬਲਜੀਤ ਸਿੰਘ ਤੇ ਸੁਰਜੀਤ ਸਿੰਘ, ਆਈ.ਈ.ਸੀ. ਸਪੈਸ਼ਲਿਸਟ ਵੀਰਪਾਲ ਦਿਕਸ਼ਿਤ, ਸੀ.ਡੀ.ਐਸ. ਸੀਮਾ ਸੋਹਲ, ਬੀ.ਆਰ.ਸੀਜ ਸਪਨਾ ਸੁਸ਼ਨ ਤੇ ਮਲਕੀਤ ਸਿੰਘ ਵੀ ਸ਼ਾਮਿਲ ਹੋਏ।