ਜੇਕਰ ਰਾਜੀਵ ਗਾਂਧੀ ਹੱਤਿਆ ਦੇ ਦੋਸ਼ੀ ਰਿਹਾਅ ਹੋ ਸਕਦੇ ਹਨ ,ਤਾਂ ਸਜ਼ਾ ਭੁਗਤ ਚੁੱਕੇ ਬੰਦੀ ਸਿੰਘ ਦੀ ਰਿਹਾਈ ਕਿਉਂ ਨਹੀਂ ਹੋ ਸਕਦੀ – ਰਾਜੂ ਖੰਨਾ।
Ajay Verma (The Mirror Time)
ਅਮਲੋਹ , 14 ਨਵੰਬਰ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਪੱਤਰਕਾਰਾਂ ਨਾਲ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਗੱਲਬਾਤ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਹੋਰਨਾਂ ਕਾਰਜਾਂ ਨੂੰ ਪਹਿਲ ਦੇਣ ਦੀ ਥਾਂ ਪਹਿਲਾਂ ਬੰਦੀ ਸਿੰਘਾਂ ਰਿਹਾਈ ਯਕੀਨੀ ਬਣਾਉਣ ਤੇ ਸਾਰੀਆਂ ਕਾਨੂੰਨੀ ਅੜਚਣਾਂ ਤੁਰੰਤ ਦੂਰ ਕਰਨ ਲਈ ਠੋਸ ਕਦਮ ਚੁੱਕਣ ਤਾ ਜੋ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਲੰਮੇ ਸਮੇਂ ਤੋਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਜਲਦ ਹੋ ਸਕੇ। ਰਾਜੂ ਖੰਨਾ ਅੱਗੇ ਕਿਹਾ ਕਿ ਜੇਕਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੱਤਿਆ ਮਾਮਲੇ ਵਿਚ ਉਮਰ ਕੈਦ ਕੱਟ ਰਹੇ 6 ਦੋਸ਼ੀਆਂ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਦੋਸ਼ੀਆਂ ਦੇ ਜੇਲ ਵਿਚ ਚੰਗੇ ਚਾਲ ਚੱਲਣ ਦੇ ਕਾਰਨ ਰਿਹਾਅ ਕਰ ਦਿੱਤੇ ਹੈ।ਤਾ ਅਪਣੀਆ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਿਉਂ ਨਹੀ ਕੀਤਾ ਜਾ ਸਕਦਾਂ?
ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘ ਕੋਈ ਜਰਾਇਮ ਪੇਸ਼ਾ ਨਹੀਂ ਹਨ।ਬਲਕਿ ਉਹ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੇਸ਼ ਅੰਦਰ ਸਿੱਖ ਭਾਈਚਾਰੇ ਨਾਲ ਕਾਂਗਰਸ ਸਰਕਾਰਾਂ ਵੱਲੋਂ ਪੈਦਾ ਕੀਤੇ ਗਏ ਹਾਲਤਾਂ ਅਤੇ ਰਾਜਨੀਤਿਕ ਵਿਤਕਰਿਆਂ ਵਿਰੁੱਧ ਸਿੱਖਾਂ ਦੀ ਰਾਜਨੀਤਿਕ ਲਹਿਰ ਕਾਰਨ ਹਿੰਸਕ ਰਾਹ `ਤੇ ਤੁਰਨ ਲਈ ਮਜਬੂਰ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਅਬਾਦੀ ਵਿਚ ਕੇਵਲ 2 ਫੀਸਦੀ ਹੋਣ ਦੇ ਬਾਵਜੂਦ ਸਿਖ ਭਾਈਚਾਰੇ ਨੇ ਦੇਸ਼ ਦੀ ਸੇਵਾ ਲਈ ਹਮੇਸ਼ਾ ਭਾਰੀ ਕੁਰਬਾਨੀਆਂ ਕੀਤੀਆਂ ਹਨ। ਦੇਸ਼ ਦੇ ਆਜ਼ਾਦੀ ਦੇ ਸੰਘਰਸ਼ ਵਿਚ ਵੀ ਇਸ ਛੋਟੇ ਜਿਹੇ ਸਿੱਖ ਭਾਈਚਾਰੇ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ।ਆਜ਼ਾਦੀ ਉਪਰੰਤ ਦੇਸ਼ ਨੂੰ ਅੰਨ ਭੰਡਾਰ ਪੱਖੋਂ ਚੁਨੌਤੀ ਮਿਲੀ ਤਾਂ ਸਿੱਖ ਕਿਸਾਨੀ ਨੇ ਆਪਣਾ ਖ਼ੂਨ ਪਸੀਨਾ ਇਕ ਕਰਦਿਆਂ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਇਆ। ਉਹਨਾਂ ਕਿਹਾ ਕਿ ਸਿੱਖ ਬੰਦੀ ਸਿੰਘਾਂ ਨੇ ਹੁਣ ਤਕ ਆਪਣੀ ਉਮਰ ਦਾ ਵੱਡਾ ਹਿੱਸਾ ਜੇਲਾਂ ਵਿਚ ਬਤੀਤ ਕਰ ਲਿਆ ਹੈ, ਜਿਸ ਕਰ ਕੇ ਉਨ੍ਹਾਂ ਦੀ ਮਾਨਸਿਕ ਦਸਾ ਵੀ ਪ੍ਰਭਾਵਿਤ ਹੋਈ ਹੈ। ਰਾਜੂ ਖੰਨਾ ਨੇ ਕਿਹਾ ਕਿ ਤਿੰਨ ਤਿੰਨ ਦਹਾਕਿਆਂ ਤੋਂ ਸਿੱਖ ਸਿਆਸੀ ਕੈਦੀ ਜੇਲਾਂ ਵਿਚ ਬੰਦ ਹਨ, ਜਿਨ੍ਹਾਂ ਵਿਚੋਂ 8 ਨੂੰ ਛੱਡਣ ਅਤੇ ਇਕ ਦੀ ਸਜ਼ਾ ਤਬਦੀਲੀ ਬਾਰੇ ਕੇਂਦਰ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਦੌਰਾਨ ਐਲਾਨ ਕੀਤਾ ਗਿਆ। ਇਨ੍ਹਾਂ ਵਿਚੋਂ 4 ਨੂੰ ਰਿਹਾਅ ਵੀ ਕੀਤਾ ਗਿਆ ਪਰ ਅਫ਼ਸੋਸ ਕਿ ਉਨ੍ਹਾਂ ਵਿਚੋਂ 5 ਅਜੇ ਵੀ ਨਹੀਂ ਛੱਡੇ ਗਏ। ਜਿਸ ਨੂੰ ਲੈ ਕੇ ਸਿੱਖ ਭਾਈਚਾਰਾ ਬਹੁਤ ਚਿੰਤਤ ਹੈ। ਜਿਸ ਲਈ ਦੇਸ਼ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਲੰਮੇਂ ਸਮੇਂ ਤੋਂ ਜੇਲਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਕਰਨੀ ਚਾਹੀਦੀ ਹੈ। ਇਸ ਗੱਲਬਾਤ ਸਮੇਂ ਉਹਨਾਂ ਨਾਲ ਸੀਨੀਅਰ ਆਗੂ ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਹਲਕਾ ਆਬਜ਼ਰਵਰ ਜਥੇਦਾਰ ਹਰਬੰਸ ਸਿੰਘ ਬਡਾਲੀ ਤੇ ਜਤਿੰਦਰ ਸਿੰਘ ਧਾਲੀਵਾਲ,ਸੀਨੀਅਰ ਆਗੂ ਕੈਪਟਨ ਜਸਵੰਤ ਸਿੰਘ ਬਾਜਵਾ, ਜਥੇਦਾਰ ਜਰਨੈਲ ਸਿੰਘ ਮਾਜਰੀ,ਜਥੇਦਾਰ ਸ਼ਰਧਾ ਸਿੰਘ ਛੰਨਾ, ਪ੍ਰਧਾਨ ਡਾ ਅਰਜੁਨ ਸਿੰਘ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਸੀਨੀਅਰ ਆਗੂ ਜਥੇਦਾਰ ਗੁਰਬਖਸ਼ ਸਿੰਘ ਬੈਣਾ, ਜਥੇਦਾਰ ਗੁਰਦੀਪ ਸਿੰਘ ਮੰਡੋਫਲ, ਗੁਰਮੇਲ ਸਿੰਘ ਅਮਲੋਹ, ਜਥੇਦਾਰ ਸੁਰਜੀਤ ਸਿੰਘ ਬਰੌਗਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਹਾਜ਼ਰ ਸਨ।