ਪੋਲੀਓ ਮੁਹਿੰਮ ਦੇ ਪਹਿਲੇ ਦਿਨ 7 ਲੱਖ ਤੋਂ ਵੱਧ ਪ੍ਰਵਾਸੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ
ਚੰਡੀਗੜ੍ਹ, 19 ਸਤੰਬਰ:
ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਉੱਪ ਕੌਮੀ ਪਲਸ ਪੋਲੀਓ ਮੁਹਿੰਮ ਦਾ ਦੌਰ ਜਾਰੀ ਹੈ, ਇਸ ਮੁਹਿੰਮ ਦੇ ਪਹਿਲੇ ਦਿਨ ਪੰਜਾਬ ਵਿੱਚ 701675 ਪ੍ਰਵਾਸੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਹਨ, ਜੋ ਕਿ ਨਿਰਧਾਰਤ ਟੀਚੇ ਦਾ ਲਗਭਗ 47 ਫੀਸਦੀ ਬਣਦਾ ਹੈ।
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਮੁਹਿੰਮ ਤਹਿਤ 100 ਫੀਸਦੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਵਿੱਚ ਸਾਰੇ 0-5 ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ ਪ੍ਰਵਾਸੀ ਬੱਚਿਆਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਆਬਾਦੀ ਹੋਣ ਕਰਕੇ ਜ਼ਿਆਦਾਤਰ ਬੱਚੇ ਪੋਲੀਓ ਬੂੰਦਾਂ ਪਿਲਾਉਣ ਦੇ ਰੋਜ਼ਾਨਾ ਸੈਸ਼ਨਾਂ ਦਾ ਲਾਭ ਨਹੀਂ ਉਠਾ ਪਾਉਂਦੇ, ਜਿਸ ਕਾਰਨ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਸੁਰੱਖਿਆ ਲਈ ਇਹ ਵਿਸ਼ੇਸ਼ ਪਲਸ ਪੋਲੀਓ ਮੁਹਿੰਮ 18-20 ਸਤੰਬਰ, 2022 ਤੱਕ ਚਲਾਈ ਜਾ ਰਹੀ ਹੈ।
ਪੋਲੀਓ ਮੁਹਿੰਮ ਦੇ ਪਹਿਲੇ ਦਿਨ ਦੀ ਪ੍ਰਾਪਤੀ ਬਾਰੇ ਜਾਣਕਾਰੀ ਦਿੰਦਿਆਂ ਸ. ਜੌੜਾਮਾਜਰਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਾਰਗੁਜ਼ਾਰੀ ਤਸੱਲੀਬਖਸ਼ ਰਹੀ ਹੈ। ਉਨਾਂ ਦੱਸਿਆ ਕਿ ਪਹਿਲੇ ਦਿਨ ਦੌਰਾਨ ਪਠਾਨਕੋਟ 70.43 ਫੀਸਦੀ, ਤਰਨਤਾਰਨ 58.17 ਫੀਸਦੀ, ਐਸ.ਬੀ.ਐਸ. ਨਗਰ 54.02 ਫੀਸਦੀ, ਪਟਿਆਲਾ 49.93 ਫੀਸਦੀ, ਅੰਮ੍ਰਿਤਸਰ 47.12 ਫੀਸਦੀ, ਫਤਿਹਗੜ੍ਹ ਸਾਹਿਬ 43.41 ਫੀਸਦੀ, ਮਾਨਸਾ 42.83 ਫੀਸਦੀ, ਫਾਜ਼ਿਲਕਾ 42.61 ਫੀਸਦੀ, ਮੋਗਾ 42.30 ਫੀਸਦੀ, ਬਠਿੰਡਾ 41.97 ਫੀਸਦੀ, ਮੁਕਤਸਰ ਸਾਹਿਬ 38.77 ਫੀਸਦੀ ਅਤੇ ਫਰੀਦਕੋਟ 37.53 ਫੀਸਦੀ ਆਦਿ ਪ੍ਰਾਪਤੀ ਰਹੀ ਹੈ।
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਮੁਹਿੰਮ ਦੇ ਪਹਿਲੇ ਦਿਨ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਪੋਲੀਓ ਬੂਥ ਬਣਾਏ ਗਏ ਸਨ ਅਤੇ ਹੁਣ ਪੰਜਾਬ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਬਕਾਇਆ ਬੱੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣਗੀਆਂ।
ਸ. ਜੌੜਾਮਾਜਰਾ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮੁਹਿੰਮ ਵਿੱਚ ਆਪਣੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਤੋਂ ਬਚਾਅ ਲਈ ਬੂੰਦਾਂ ਜ਼ਰੂਰ ਪਿਲਾਉਣ ਅਤੇ ਆਪਣੇ ਬੱਚਿਆਂ ਦੇ ਨਾਲ-ਨਾਲ ਦੇਸ਼ ਦਾ ਭਵਿੱਖ ਵੀ ਪੋਲੀਓ ਤੋਂ ਸੁਰੱਖਿਅਤ ਬਣਾਉਣ `ਚ ਯੋਗਦਾਨ ਪਾਉਣ।
ਸਿਹਤ ਮੰਤਰੀ ਨੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ।