ਸੇਵਾ ਮੁਕਤ ਅਧਿਆਪਕ ਲੜਕੀਆਂ ਨੂੰ ਖੇਡਾਂ ਵੱਲ ਪ੍ਰੇਰਤ ਕਰਨ ਲਈ ਬਣੀ ਰਾਹ ਦਸੇਰਾ
ਪਟਿਆਲਾ, 14 ਸਤੰਬਰ:
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2022 ਨੇ ਅਜਿਹੇ ਲੋਕਾਂ ਨੂੰ ਵੀ ਖੇਡਣ ਅਤੇ ਛੁਪੀ ਪ੍ਰਤਿਭਾ ਖੇਡਾਂ ਵਿੱਚ ਦਿਖਾਉਣ ਦਾ ਮੌਕਾ ਪ੍ਰਦਾਨ ਕੀਤਾ ਹੈ, ਜੋ ਪਹਿਲਾਂ ਕੇਵਲ ਆਪਣੀ ਤੰਦਰੁਸਤੀ ਲਈ ਹੀ ਦੌੜ ਲਗਾਉਣ ਜਾਂ ਸਾਇਕਲ ਚਲਾਉਣ ਵਰਗੀਆਂ ਗਤੀਵਿੱਧੀਆਂ ਕਰਦੇ ਸਨ। ਇਨ੍ਹਾਂ ਵਿੱਚੋਂ ਇੱਕ ਹਨ, ਸਰਕਾਰੀ ਮਿਡਲ ਸਕੂਲ, ਬੱਤਾ ਦੀ ਸੇਵਾ ਮੁਕਤ ਅਧਿਆਪਕਾ ਸੱਜਨੀ ਦੇਵੀ, ਜਿਸ ਨੇ ਕੋਰੋਨਾ ਮਹਾਂਮਾਰੀ ਸਮੇਂ ਲੋਕਾਂ ਦੇ ਮੁਰਝਾਏ ਚਿਹਰੇ ਦੇਖਕੇ ਆਪਣੀ ਤੰਦਰੁਸਤੀ ਲਈ ਦੌੜਨਾ ਸ਼ੁਰੂ ਕੀਤਾ ਸੀ।
ਸਾਹਿਬ ਨਗਰ ਥੇੜੀ ਦੇ ਵਸਨੀਕ 59 ਸਾਲਾ ਸੱਜਨੀ ਦੇਵੀ ਨੇ ਆਪਣੇ ਨੇੜੇ-ਤੇੜੇ ਦੀਆਂ, ਖਾਸ ਕਰਕੇ ਪਿੰਡਾਂ ਦੀਆਂ ਵਸਨੀਕ ਲੜਕੀਆਂ ਨੂੰ ਵੀ ਖੇਡਾਂ ਲਈ ਪ੍ਰੇਰਤ ਕਰਨ ਦਾ ਬੀੜਾ ਉਠਾਇਆ ਹੈ, ਸਿੱਟੇ ਵਜੋਂ ਉਨ੍ਹਾਂ ਦੀ ਪ੍ਰੇਰਣਾ ਸਦਕਾ 21 ਸਾਲ ਦੀ ਪ੍ਰਿਆ, ਜਿਸ ਨੂੰ ਉਹ ਪੜ੍ਹਾ ਵੀ ਰਹੇ ਹਨ, ਨੇ ਵੀ ਉਨ੍ਹਾਂ ਦੇ ਨਾਲ ਹੀ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਕੇ ਲੰਬੀ ਛਾਲ ਅਤੇ ਦੌੜ ਵਿੱਚ ਆਪਣੀ ਜਗ੍ਹਾ ਬਣਾਈ ਹੈ।
ਸੱਜਨੀ ਦੇਵੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦੇ ਹਨ, ਕਿ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਸਦਕਾ ਉਨ੍ਹਾਂ ਵਰਗੇ ਘਰ ਬੈਠੇ ਖਿਡਾਰੀਆਂ ਨੂੰ ਵੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਿੱਸਾ ਲੈਣ ਦਾ ਅਹਿਮ ਮੌਕਾ ਮਿਲਿਆ। ਉਨ੍ਹਾਂ ਦੱਸਿਆ ਕਿ ਉਹ ਰੋਜ ਸਵੇਰੇ 35 ਕਿਲੋਮੀਟਰ ਸਾਇਕਲ ਚਲਾਉਂਦੇ ਹਨ ਤੇ ਦੌੜ ਵੀ ਲਗਾਉਂਦੇ ਹਨ, ਕਿਉਂਕਿ ਸਾਡੀ ਤੰਦਰੁਸਤ ਸਿਹਤ ਹੀ ਸਾਡੀ ਦੌਲਤ ਹੈ।