Punjab-ChandigarhTop News

 ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੀਆਂ ਸਾਰੀਆਂ ਆਨਲਾਈਨ ਸੇਵਾਵਾਂ ਸਮਾਂਬੱਧ ਢੰਗ ਨਾਲ ਪ੍ਰਦਾਨ ਕਰਨ ਦੇ ਆਦੇਸ਼ 

ਚੰਡੀਗੜ੍ਹ, 14 ਸਤੰਬਰ:

ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਵਿਭਾਗ ਦੇ ਕੰਮਕਾਜ ਵਿੱਚ ਹੋਰ ਕੁਸ਼ਲਤਾ ਅਤੇ ਪਾਰਦਰਸ਼ਤਾ ਲਿਆਉਣ ਦੇ ਨਾਲ-ਨਾਲ ਜਵਾਬਦੇਹੀ ਤੈਅ ਕਰਨ ਦੇ ਮਕਸਦ ਨਾਲ ਲੋਕਾਂ ਨੂੰ ਸਾਰੀਆਂ ਸੇਵਾਵਾਂ ਸਮਾਂਬੱਧ ਢੰਗ ਨਾਲ ਆਨਲਾਈਨ ਮੁਹੱਈਆ ਕਰਵਾਈਆਂ ਜਾਣਗੀਆਂ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਨੇ ਜਾਇਦਾਦ ਮਾਲਕਾਂ ਦੀ ਉਨ੍ਹਾਂ ਦੀ ਫਾਈਲ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਤੱਕ ਪਹੁੰਚ ਯਕੀਨੀ ਬਣਾਈ ਹੈ ਜਿਸ ਨਾਲ ਹੁਣ ਉਹ ਆਸਾਨੀ ਨਾਲ ਆਪਣੇ ਦਸਤਾਵੇਜ਼ ਸਬੰਧੀ ਵਿਭਾਗੀ ਕਾਰਵਾਈ ਨੂੰ ਵੇਖ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਉਸਾਰੂ ਪ੍ਰਕਿਰਿਆ ਨਾਲ ਵਿਭਾਗ ਦੇ ਕੰਮਕਾਜ ਵਿੱਚ 100 ਫ਼ੀਸਦੀ ਪਾਰਦਰਸ਼ਤਾ ਆਈ ਹੈ ਅਤੇ ਲੋਕਾਂ ਨੂੰ ਹੁਣ ਫਾਈਲਾਂ ਤੱਕ ਪਹੁੰਚ ਲਈ ਆਰ.ਟੀ.ਆਈ. ਦਾ ਸਹਾਰਾ ਲੈਣ ਦੀ ਲੋੜ ਨਹੀਂ ਪਵੇਗੀ।

ਪੁੱਡਾ ਭਵਨ, ਐਸ.ਏ.ਐਸ. ਨਗਰ ਵਿਖੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਆਈ.ਟੀ. ਵਿੰਗ ਨਾਲ ਬੀਤੀ ਦੇਰ ਸ਼ਾਮ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕਰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਸਮਰੱਥ ਆਨਲਾਈਨ ਸਿਸਟਮ ਤਿਆਰ ਕਰਨ ਲਈ ਕਿਹਾ ਤਾਂ ਜੋ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਗੇੜੇ ਨਾ ਲਗਾਉਣੇ ਪੈਣ ਅਤੇ ਸਾਰੀਆਂ ਸੇਵਾਵਾਂ ਸਮਾਂਬੱਧ ਢੰਗ ਨਾਲ ਆਨਲਾਈਨ ਪ੍ਰਦਾਨ ਕੀਤੀਆਂ ਜਾ ਸਕਣ।

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਉਹ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਾਰੀਆਂ ਨਾਗਰਿਕ ਸੇਵਾਵਾਂ ਦੇ ਬਕਾਇਆ ਮਾਮਲਿਆਂ ਦੀ ਖ਼ੁਦ ਨਿਗਰਾਨੀ ਕਰਨਗੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ 

ਪਾਰਦਰਸ਼ੀ ਢੰਗ ਨਾਲ ਨਿਰਵਿਘਨ ਸੇਵਾਵਾਂ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੀ ਹੈ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਇਸ ਦਿਸ਼ਾ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਂਦਿਆਂ ਅੱਗੇ ਵਧ ਰਿਹਾ ਹੈ।

ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਕਿ ਸਾਰੀਆਂ ਸ਼ਹਿਰੀ ਵਿਕਾਸ ਅਥਾਰਟੀਆਂ ਵੱਲੋਂ ਨਾਗਰਿਕਾਂ ਨੂੰ ਪੁੱਡਾ ਦੀ ਅਧਿਕਾਰਤ ਵੈੱਬਸਾਈਟ https://www.puda.gov.in/ ਉਤੇ 25 ਦੇ ਕਰੀਬ ਸੇਵਾਵਾਂ ਆਨਲਾਈਨ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ 25 ਸੇਵਾਵਾਂ ਸਬੰਧੀ ਸਾਰੀਆਂ ਅਰਜ਼ੀਆਂ ’ਤੇ ਆਨਲਾਈਨ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਰਜ਼ੀਆਂ ਦੀ ਰੀਅਲ ਟਾਈਮ ਟਰੈਕਿੰਗ, ਡਿਜੀਟਲ ਦਸਤਖ਼ਤ ਵਾਲੇ ਸਰਟੀਫਿਕੇਟ ਜਾਰੀ ਕਰਨ ਅਤੇ ਐਸ.ਐਮ.ਐਸ. ਅਲਰਟ ਦੁਆਰਾ ਜਾਣਕਾਰੀ ਦੇਣ ਵਰਗੀਆਂ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਸ੍ਰੀ ਅਮਨ ਅਰੋੜਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇੱਕ ਅਜਿਹਾ ਸਿਸਟਮ ਬਣਾਉਣ ਜਿਸ ਨਾਲ ਲੋਕ ਬਿਲਡਿੰਗ ਪਲਾਨ ਦੀ ਮਨਜ਼ੂਰੀ ਸਬੰਧੀ ਸੇਵਾ ਦਾ ਵੀ ਆਨਲਾਈਨ ਲਾਭ ਉਠਾ ਸਕਣ। ਅਧਿਕਾਰੀਆਂ ਨੇ ਮੰਤਰੀ ਨੂੰ ਭਰੋਸਾ ਦਿੱਤਾ ਕਿ ਬਿਲਡਿੰਗ ਪਲਾਨ ਦੀ ਆਨਲਾਈਨ ਮਨਜ਼ੂਰੀ ਸਮੇਤ ਬਾਕੀ ਸੇਵਾਵਾਂ ਵੀ ਜਲਦੀ ਆਨਲਾਈਨ ਸ਼ੁਰੂ ਕਰ ਦਿੱਤੀਆਂ ਜਾਣਗੀਆਂ।

ਡੱਬੀ

ਆਨਲਾਈਨ ਪ੍ਰਾਪਤ ਕੀਤੀਆਂ ਜਾ ਸਕਣ ਵਾਲੀਆਂ 25 ਸੇਵਾਵਾਂ ਦਾ ਵੇਰਵਾ

ਮਲਕੀਅਤ ਦੀ ਤਬਦੀਲੀ, ਮਲਕੀਅਤ ਦੀ ਤਬਦੀਲੀ (ਮੌਤ ਦੇ ਕੇਸ ਵਿੱਚ ਗ਼ੈੈਰ-ਰਜਿਸਟਰਡ ਵਸੀਅਤ), ਮਲਕੀਅਤ ਦੀ ਤਬਦੀਲੀ (ਮੌਤ ਦੇ ਕੇਸ ਵਿੱਚ ਸਾਰੇ ਕਾਨੂੰਨੀ ਵਾਰਸਾਂ ਸਬੰਧੀ), ਮਲਕੀਅਤ ਦੀ ਤਬਦੀਲੀ (ਮੌਤ ਦੇ ਕੇਸ ਵਿੱਚ ਰਜਿਸਟਰਡ ਵਸੀਅਤ), ਸੀ.ਡੀ. ਜਾਰੀ ਕਰਨਾ, ਵਧਾਏ ਹੋਏ ਖੇਤਰ ਲਈ ਸੀ.ਡੀ. ਜਾਰੀ ਕਰਨਾ, ਐਨ.ਓ.ਸੀ. ਜਾਰੀ ਕਰਨ ਸਬੰਧੀ, ਰੀ-ਅਲਾਟਮੈਂਟ ਪੱਤਰ ਜਾਰੀ ਕਰਨਾ, ਵਿਕਰੀ/ਤੋਹਫੇ/ਤਬਦੀਲੀ ਦੀ ਇਜਾਜ਼ਤ, ਗਹਿਣੇ ਰੱਖਣ ਦੀ ਇਜਾਜ਼ਤ, ਪੇਸ਼ੇਵਰ ਸਲਾਹ ਸਬੰਧੀ ਸੇਵਾਵਾਂ ਦੀ ਇਜਾਜ਼ਤ, ਲੈਟਰ ਆਫ ਇਨਟੈਂਟ (ਐਲ.ਓ.ਆਈ.) ਦਾ ਤਬਾਦਲਾ, ਸੀ.ਡੀ. ਤੋਂ ਪਹਿਲਾਂ ਤਬਾਦਲੇ ਦੀ ਇਜਾਜ਼ਤ,ਪਲਾਟ ਦੀ ਨਿਸ਼ਾਨਦੇਹੀ, ਮੁਕੰਮਲਤਾ ਸਰਟੀਫਿਕੇਟ/ਕਬਜ਼ੇ ਦਾ ਸਰਟੀਫਿਕੇਟ ਜਾਰੀ ਕਰਨਾ, ਮੁਕੰਮਲਤਾ ਸਰਟੀਫਿਕੇਟ/ਕਬਜ਼ੇ ਦਾ ਸਰਟੀਫਿਕੇਟ ਜਾਰੀ ਕਰਨਾ-ਪ੍ਰਾਈਵੇਟ ਜਾਇਦਾਦ, ਡੀ.ਪੀ.ਸੀ. ਜਾਰੀ ਕਰਨਾ -ਪ੍ਰਾਈਵੇਟ ਜਾਇਦਾਦਾਂ, ਡੀ.ਪੀ.ਸੀ. ਸਰਟੀਫਿਕੇਟ ਜਾਰੀ ਕਰਨਾ, ਅਸਟੇਟ ਏਜੰਟ ਵਜੋਂ ਰਜਿਸਟ੍ਰੇਸ਼ਨ ਸਰਟੀਫਿਕੇਟ, ਪ੍ਰਮੋਟਰ ਵਜੋਂ ਰਜਿਸਟ੍ਰੇਸ਼ਨ ਸਰਟੀਫਿਕੇਟ, ਆਰਕੀਟੈਕਟ ਵਜੋਂ ਰਜਿਸਟ੍ਰੇਸ਼ਨ, ਅਸਥਾਈ ਸੀਵਰੇਜ ਕੁਨੈਕਸ਼ਨ (ਨਿਰਮਾਣ ਉਦੇਸ਼ ਲਈ) ਜਾਰੀ ਕਰਨਾ, ਪਾਣੀ ਦੇ ਕੁਨੈਕਸ਼ਨ ਨੂੰ ਨਿਯਮਤ ਕਰਨਾ, ਸੀਵਰੇਜ ਕੁਨੈਕਸ਼ਨ ਅਤੇ ਜਲ ਸਪਲਾਈ ਲਈ ਮਨਜ਼ੂਰੀ।     

————

Spread the love

Leave a Reply

Your email address will not be published. Required fields are marked *

Back to top button