ਸਥਾਨਕ ਸਰਕਾਰਾਂ ਬਾਰੇ ਮੰਤਰੀ ਵੱਲੋਂ ਸੂਬੇ ਦੇ 13 ਨਗਰ ਨਿਗਮਾਂ ਅਤੇ ਕਲਾਸ-1 ਯੂ.ਐਲ.ਬੀਜ ਲਈ ‘ਮੇਰਾ ਸ਼ਹਿਰ-ਮੇਰਾ ਮਾਨ‘ ਮੁਹਿੰਮ ਦੀ ਸੁਰੂਆਤ
ਚੰਡੀਗੜ/ਐਸ.ਏ.ਐਸ. ਨਗਰ 26 ਅਗਸਤ :
ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਵੱਲੋਂ ਅੱਜ ‘ਮੇਰਾ ਸਹਿਰ-ਮੇਰਾ ਮਾਨ‘ ਮੁਹਿੰਮ ਦੀ ਸੁਰੂਆਤ ਕੀਤੀ ਗਈ ਜੋ ਸੂਬੇ ਦੇ 13 ਨਗਰ ਨਿਗਮਾਂ ਅਤੇ ਕਲਾਸ-1 ਯੂ.ਐਲ.ਬੀਜ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਬਣਾਏਗੀ।
ਡਾ. ਨਿੱਜਰ ਨੇ ਜਿਲਾ ਐਸ.ਏ.ਐਸ.ਨਗਰ ਵਿਖੇ ਇੱਕ ਪ੍ਰੋਗਰਾਮ ਦੌਰਾਨ ਇਸ ਮੁਹਿੰਮ ਦੀ ਸੁਰੂਆਤ ਕੀਤੀ ਜਿਸ ਉਪਰੰਤ ਉਨਾਂ ਸੀਵਰੇਜ, ਸੜਕਾਂ ਅਤੇ ਪਾਰਕਾਂ ਦੀ ਸਫਾਈ ਦਾ ਜਾਇਜ਼ਾ ਲਿਆ।
ਇਸ ਪ੍ਰੋਗਰਾਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਡਾ, ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ‘ਮੇਰਾ ਸਹਿਰ-ਮੇਰਾ ਮਾਨ‘ ਮੁਹਿੰਮ ਦਾ ਉਦੇਸ ਸਫਾਈ ਨੂੰ ਜੀਵਨ ਦਾ ਜਰੀਆ ਬਣਾ ਕੇ ਸਾਡੇ ਸਹਿਰਾਂ ਨੂੰ ਸਾਫ-ਸੁਥਰਾ ਅਤੇ ਹਰਿਆ ਭਰਿਆ ਬਣਾਉਣਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ ਸਵੱਛਤਾ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਸੂਬੇ ਦੇ ਵਸਨੀਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣਾ ਹੈ।
ਡਾ. ਨਿੱਜਰ ਨੇ ਕਿਹਾ ਕਿ ਕਿਸੇ ਵੀ ਮੁਹਿੰਮ ਨੂੰ ਸਫਲ ਬਣਾਉਣ ਲਈ ਭਾਈਚਾਰੇ ਦੀ ਸਮੂਲੀਅਤ ਜਰੂਰੀ ਹੈ। ਉਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਹਰ ਸੁੱਕਰਵਾਰ ਨੂੰ ਇੱਕ ਜਾਂ ਦੋ ਵਾਰਡਾਂ ਵਿੱਚ ਹਰੇਕ ਯੂ.ਐਲ.ਬੀ. ਦੇ ਸਾਰੇ ਭਾਈਵਾਲਾਂ ਨੂੰ ਸਾਮਲ ਕਰਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਇਹਨਾਂ ਗਤੀਵਿਧੀਆਂ ਨੂੰ ਅਮਲ ਵਿੱਚ ਲਿਆਉਣ ਲਈ ਮਿੱਥੇ ਪ੍ਰੋਗਰਾਮ ਅਨੁਸਾਰ ਅਧਿਕਾਰੀਆਂ ਵੱਲੋਂ ਉਹਨਾਂ ਵਾਰਡਾਂ ਦਾ ਦੌਰਾ ਕੀਤਾ ਜਾਵੇਗਾ ਤਾਂ ਜੋ ਇਸ ਮੁਹਿੰਮ ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਨੇਪਰੇ ਚਾੜਨ ਲਈ ਮਿੱਥੇ ਗਏ ਦਿਨ ਲੋੜੀਦੇ ਉਪਕਰਣਾਂ ਦੇ ਨਾਲ ਲੋੜੀਂਦੀ ਮੈਨਪਾਵਰ ਉਪਲਬਧ ਹੋਵੇ।
ਡਾ. ਨਿੱਜਰ ਨੇ ਦੱਸਿਆ ਕਿ ਮੇਰਾ ਸ਼ਹਿਰ-ਮੇਰਾ ਮਾਨ ਨੂੰ ਕਮਿਊਨਿਟੀ ਅਧਾਰਤ ਮੁਹਿੰਮ ਬਣਾਉਣ ਲਈ ਵਾਰਡਾਂ ਦੇ ਲੋਕ, ਕਮਿਊਨਿਟੀ ਲੀਡਰਾਂ, ਧਾਰਮਿਕ ਆਗੂਆਂ, ਐਨ.ਜੀ.ਓ./ ਸਮਾਜਿਕ ਧਾਰਮਿਕ ਸੰਸਥਾਵਾਂ ਅਤੇ ਸਥਾਨਕ ਸਿਆਸੀ ਆਗੂਆਂ ਨੂੰ ਵੀ ਸਾਮਲ ਕੀਤਾ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਯੂ.ਐਲ.ਬੀਜ਼ ਨੂੰ ਵਾਰਡ ਕਮੇਟੀਆਂ/ਮੁਹੱਲਾ ਕਮੇਟੀਆਂ ਦੇ ਗਠਨ ਨੂੰ ਵੀ ਉਤਸਾਹਿਤ ਕਰਨਾ ਚਾਹੀਦਾ ਹੈ ਜੋ ਆਪਣੇ ਵਾਰਡਾਂ/ਮੁਹੱਲਿਆਂ ਦੀ ਪ੍ਰਭਾਵਸ਼ਾਲੀ ਸਫਾਈ ਨਿਯਮਤ ਤੌਰ ‘ਤੇ ਯਕੀਨੀ ਬਣਾਈ ਜਾ ਸਕੇ।
ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਦਾ ਜੀਵਨ ਪੱਧਰ ਉੱਪਰ ਚੁੱਕਣ ਲਈ ਅਤੇ ਸਵੱਛਤਾ ਤੇ ਸਾਫ ਸਫਾਈ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ‘ਮੇਰਾ ਸਹਿਰ-ਮੇਰਾ ਮਾਨ‘ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਵਿੱਚ ਉਹ ਵਧ ਚੜ ਕੇ ਪ੍ਰਸ਼ਾਸਨ ਅਤੇ ਸਰਕਾਰ ਦਾ ਸਾਥ ਦੇਣ ਤਾਂ ਜੋ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਸਾਕਾਰ ਕੀਤਾ ਜਾ ਸਕੇ
ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਹਲਕਾ ਵਿਧਾਇਕ ਸ੍ਰੀ ਕੁਲਵੰਤ ਸਿੰਘ ਦੀ ਮੌਜੂਦਗੀ ਵਿੱਚ ਸਵੱਛਤਾ ਅਪਣਾਓ ਅਤੇ ਪਲਾਸਟਿਕ ਦੀ ਵਰਤੋਂ ਬੰਦ ਕਰਨ ਦੇ ਵਿਸ਼ੇ ‘ਤੇ ਇਕ ਨਾਟਕ ਦੀ ਪੇਸ਼ਕਾਰੀ ਵੀ ਕੀਤੀ ਗਈ ਇਸ ਮੌਕੇ ਨਗਰ ਨਿਗਮ ਦੇ ਮੇਅਰ ਸ੍ਰੀ ਅਮਰਜੀਤ ਸਿੰਘ ਸਿੱਧੂ ਵੀ ਮੌਜੂਦ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਈਸਾ ਕਾਲੀਆ ਐਮ.ਡੀ. ਪੀ.ਐਮ.ਆਈ.ਡੀ.ਸੀ., ਸ੍ਰੀ ਅਮਿਤ ਤਲਵਾੜ ਡਿਪਟੀ ਕਮਿਸਨਰ ਐਸ.ਏ.ਐਸ.ਨਗਰ, ਸ੍ਰੀ ਵਿਵੇਕ ਸੀਲ ਸੋਨੀ ਐਸ.ਐਸ.ਪੀ., ਸ੍ਰੀਮਤੀ ਨਵਜੋਤ ਕੌਰ ਕਮਿਸਨਰ ਨਗਰ ਨਿਗਮ, ਸ੍ਰੀਮਤੀ ਸਰਬਜੀਤ ਕੌਰ ਐਸ.ਡੀ.ਐਮ. ਐਸ.ਏ.ਐਸ.ਨਗਰ, ਸ੍ਰੀ ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ ਨਗਰ ਨਿਗਮ, ਸ੍ਰੀ ਵਨੀਤ ਵਰਮਾ ਸੂਬਾ ਪ੍ਰਧਾਨ ਟਰੇਡ ਯੂਨੀਅਨ ਆਮ ਆਦਮੀ ਪਾਰਟੀ ਮੌਜੂਦ ਸਨ।