ਸੂਰਾਂ ਦੀ ਬਿਮਾਰੀ ਅਫ਼ਰੀਕਨ ਸਵਾਈਨ ਫ਼ੀਵਰ ਦੇ ਫੈਲਾਅ ਨੂੰ ਰੋਕਣ ਲਈ ਪਾਲਕਾਂ ਨੂੰ ਕੀਤਾ ਜਾਵੇ ਜਾਗਰੂਕ : ਸਾਕਸ਼ੀ ਸਾਹਨੀ
ਪਟਿਆਲਾ, 22 ਅਗਸਤ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਸੂਰਾਂ ਦੀ ਬਿਮਾਰੀ ਅਫ਼ਰੀਕਨ ਸਵਾਈਨ ਫ਼ੀਵਰ ਦੇ ਫੈਲਾਅ ਨੂੰ ਰੋਕਣ ਲਈ ਢੁਕਵੇਂ ਕਦਮ ਚੁੱਕਣ ਤੇ ਇਸ ਸਬੰਧੀ ਐਡਵਾਈਜ਼ਰੀ ਜਾਰੀ ਕਰਕੇ ਸੂਰ ਪਾਲਕਾਂ ਵੱਲੋਂ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਸਾਵਧਾਨੀਆਂ ਸਬੰਧੀ ਜਾਗਰੂਕਤਾ ਮੁਹਿੰਮ ਚਲਾਉਣ ਤਾਂ ਜੋ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਸੂਰ ਪਾਲਕਾਂ ਲਈ ਉਨ੍ਹਾਂ ਦਾ ਕਿੱਤਾ ਰੋਜ਼ੀ ਰੋਟੀ ਦਾ ਸਾਧਨ ਹੈ ਇਸ ਲਈ ਕਿਸਾਨਾਂ ਦੀ ਤਕਲੀਫ਼ ਨੂੰ ਸਮਝਦੇ ਹੋਏ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਕੰਮ ਕਰਨ ਤੇ ਇਸ ਸਬੰਧੀ ਸੂਰ ਪਾਲਕਾਂ ਨਾਲ ਰਾਬਤਾ ਬਣਾਕੇ ਰੱਖਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਮਾਰੀ ਦੀ ਰੋਕਥਾਮ ਲਈ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀ ਜਾ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸੋਡੀਅਮ ਹਾਈਪੋਕਲੋਰਾਈਟ ਦਵਾਈ ਦਾ ਛਿੜਕਾਅ ਸੂਰ ਫਾਰਮਾਂ ‘ਚ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਰਿਪੋਰਟਾਂ ਮੁਤਾਬਕ ਅਫ਼ਰੀਕਨ ਸਵਾਇਨ ਫੀਵਰ ਬਿਮਾਰੀ ਦਾ ਮਨੁੱਖਾਂ ਨੂੰ ਕੋਈ ਖ਼ਤਰਾ ਨਹੀਂ ਹੈ ਪਰ ਵਾਇਰਸ ਬੂਟਾਂ ਜਾਂ ਕੱਪੜਿਆਂ ਆਦਿ ਨਾਲ ਦੂਸਰੇ ਸਥਾਨ ‘ਤੇ ਜਾ ਸਕਦਾ ਹੈ ਜਿਥੇ ਹਾਲੇ ਬਿਮਾਰੀ ਨਹੀਂ ਪੁੱਜੀ ਹੈ ਇਸ ਲਈ ਇਹਤਿਆਤ ਵਜੋਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਇਸ ਸਬੰਧੀ ਸੂਰ ਪਾਲਕਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰਨ। ਉਨ੍ਹਾਂ ਜ਼ਿਲ੍ਹੇ ਅੰਦਰਲੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਸੂਰਾਂ ਵਿੱਚ ਤੇਜ ਬੁਖ਼ਾਰ, ਕੰਨਾਂ ਜਾਂ ਪੇਟ ‘ਤੇ ਖ਼ੂਨ ਦੇ ਧੱਬੇ ਅਤੇ ਅਚਾਨਕ ਜ਼ਿਆਦਾ ਗਿਣਤੀ ‘ਚ ਮੌਤ ਹੋਣ ਦੀ ਸੂਰਤ ‘ਚ ਨਜ਼ਦੀਕੀ ਪਸ਼ੂ ਸੰਸਥਾ ਵਿਖੇ ਸੰਪਰਕ ਕੀਤਾ ਜਾਵੇ। ਇਸ ਤੋਂ ਬਿਨ੍ਹਾਂ ਵਧੇਰੇ ਜਾਣਕਾਰੀ ਵਾਸਤੇ ਹੈਲਪਲਾਈਨ ਫੋਨ ਨੰਬਰ 0175-2970225 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਲੰਪੀ ਸਕਿੱਨ ਬਿਮਾਰੀ ਸਬੰਧੀ ਵੀ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਪਾਸੋ ਰਿਪੋਰਟ ਪ੍ਰਾਪਤ ਕੀਤੀ ਅਤੇ ਇਸ ਬਿਮਾਰੀ ਸਬੰਧੀ ਵੀ ਜ਼ਰੂਰੀ ਹਦਾਇਤਾਂ ਦਿੱਤੀਆਂ।
ਇਸ ਮੌਕੇ ਡਿਪਟੀ ਡਾਇਰੈਕਟਰ ਡਾ. ਗੁਰਚਰਨ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਅਫ਼ਰੀਕਨ ਸਵਾਈਨ ਫ਼ੀਵਰ ਪ੍ਰਭਾਵਤ ਇਲਾਕੇ ਦੇ 10 ਕਿਲੋਮੀਟਰ ਇਲਾਕੇ ਦੇ ਘੇਰੇ ਵਿੱਚ ਇਹਤਿਆਤੀ ਤੌਰ ‘ਤੇ ਖ਼ੂਨ ਤੇ ਨੇਜਲ ਸਵੈਬ ਦੇ ਸੈਂਪਲ ਲਏ ਜਾ ਰਹੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ, ਸੰਯੁਕਤ ਕਮਿਸ਼ਨਰ ਨਮਨ ਮੜਕਨ ਸਮੇਤ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਮੌਜੂਦ ਸਨ।